ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਕਰਵਾਇਆ ਸਮਾਗਮ
ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਕਰਵਾਏ ਜਾਗਰੂਕਤਾ ਸਮਾਗਮ
Publish Date: Mon, 15 Jun 2026 04:38 PM (IST)
Updated Date: Mon, 15 Jun 2026 04:39 PM (IST)

ਐੱਸਐਪੀ ਤੇ ਏਡੀਸੀ ਵੱਲੋਂ ਬਜ਼ੁਰਗਾਂ ਦੇ ਸਨਮਾਨ ਅਤੇ ਸੁਰੱਖਿਆ ਦਾ ਸੰਦੇਸ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾ ਗਏ ਵਿਸ਼ੇਸ਼ ਜਾਗਰੂਕਤਾ ਸਮਾਗਮ ਦੌਰਾਨ ਬਜ਼ੁਰਗਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਭਲਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਮਾਗਮ ਦੀ ਸ਼ੁਰੂਆਤ ਕੌਂਸਲ ਦੇ ਸਰਪ੍ਰਸਤ ਸੁਰਜਨ ਸਿੰਘ ਦੇ 78ਵੇਂ ਜਨਮ ਦਿਵਸ ਮੌਕੇ ਕਟਹਲ ਦਾ ਬੂਟਾ ਲਗਾ ਕੇ ਕੀਤੀ ਗਈ। ਇਸ ਮੌਕੇ ਐੱਸਐੱਸਪੀ ਮਨਿੰਦਰ ਸਿੰਘ ਤੇ ਏਡੀਸੀ (ਜ) ਡਾ.ਅਕਸ਼ਿਤਾ ਗੁਪਤਾ ਨੇ ਬਜ਼ੁਰਗਾਂ ਦੇ ਸਨਮਾਨ ਅਤੇ ਸੁਰੱਖਿਆ ਦਾ ਸੰਦੇਸ਼ ਦਿੱਤਾ। ਇਸ ਮੌਕੇ ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਆਪਣੇ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਣ ਦੇਣਾ ਅਤੇ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਸਾਡੇ ਨੈਤਿਕ ਫਰਜ਼ਾਂ ਵਿਚ ਸ਼ਾਮਲ ਹੈ। ਇਸ ਮੌਕੇ ਏਡੀਸੀ (ਜ) ਰੂਪਨਗਰ ਡਾ.ਅਕਸ਼ਿਤਾ ਗੁਪਤਾ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਧੰਨ ਹਨ ਅਤੇ ਉਨ੍ਹਾਂ ਦਾ ਸਤਿਕਾਰ, ਸੁਰੱਖਿਆ ਅਤੇ ਸਨਮਾਨ ਯਕੀਨੀ ਬਣਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨਾਲ ਦੁਰਵਿਵਹਾਰ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਪਰਿਵਾਰਾਂ ਵਿਚ ਆਪਸੀ ਪਿਆਰ, ਸਹਿਯੋਗ ਅਤੇ ਸਤਿਕਾਰ ਦੀ ਭਾਵਨਾ ਹੀ ਬਜ਼ੁਰਗਾਂ ਨਾਲ ਹੋਣ ਵਾਲੇ ਮਾਨਸਿਕ, ਆਰਥਿਕ ਅਤੇ ਭਾਵਨਾਤਮਕ ਦੁਰਵਿਵਹਾਰ ਨੂੰ ਘਟਾ ਸਕਦੀ ਹੈ। ਇਸ ਦੇ ਉਪਰੰਤ ਸਾਬਕਾ ਪ੍ਰਧਾਨ ਇੰਜੀਨੀਅਰ ਕਰਨੈਲ ਸਿੰਘ, ਸੈਣੀ ਸਭਾ ਅਤੇ ਰਣਜੀਤ ਐਵੇਨਿਊ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨੰਨੂੰਆਂ, ਐੱਸਡੀਓ ਜਗਦੀਸ਼ ਲਾਲ, ਹਰਬੰਸ ਸਿੰਘ, ਸਲਾਹਕਾਰ ਭਗਵੰਤ ਕੌਰ, ਮਹਿੰਦਰ ਜੈਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਆਦਿ ਨੇ ਵੀ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸਿੱਖ ਬੁੱਧੀਜੀਵੀ ਸ਼ਮਿੰਦਰ ਸਿੰਘ ਭੱਕੂਮਾਜਰਾ ਨੇ ਆਪਣੀ ਕਵਿਤਾ ਮਾਪੇ ਦੀ ਪੇਸ਼ਕਾਰੀ ਰਾਹੀਂ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਇਸ ਸਮਾਗਮ ਦੌਰਾਨ ਬਜ਼ੁਰਗਾਂ ਦੇ ਮੁੱਖ ਹੱਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਹਰ ਬਜ਼ੁਰਗ ਨੂੰ ਸਨਮਾਨ ਨਾਲ ਜੀਵਨ ਜਿਊਣ, ਸੁਰੱਖਿਆ, ਸਿਹਤ ਸੇਵਾਵਾਂ ਪ੍ਰਾਪਤ ਕਰਨ, ਆਪਣੀ ਸੰਪਤੀ ਅਤੇ ਆਰਥਿਕ ਸਰੋਤਾਂ ਦੀ ਰੱਖਿਆ, ਸਮਾਜਿਕ ਭਾਗੀਦਾਰੀ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਅਤੇ ਦੁਰਵਿਵਹਾਰ ਤੋਂ ਮੁਕਤ ਰਹਿਣ ਦਾ ਹੱਕ ਪ੍ਰਾਪਤ ਹੈ। ਇਸ ਤੋਂ ਇਲਾਵਾ ਮਾਪਿਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀ ਭਲਾਈ ਸਬੰਧੀ ਕਾਨੂੰਨੀ ਪ੍ਰਬੰਧਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਭਾਗੀਦਾਰਾਂ ਨੂੰ ਐਲਡਰਲਾਈਨ 14567, ਐਮਰਜੈਂਸੀ ਹੈਲਪਲਾਈਨ 112 ਅਤੇ ਹੋਰ ਸਹਾਇਤਾ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਲੋੜ ਪੈਣ ’ਤੇ ਬਜ਼ੁਰਗ ਤੁਰੰਤ ਮੱਦਦ ਪ੍ਰਾਪਤ ਕਰ ਸਕਣ। ਇਸ ਮੌਕੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਇਸ ਜਾਗਰੂਕਤਾ ਦਿਵਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਕੌਂਸਲ ਵੱਲੋਂ ਚਲਾਈਆਂ ਜਾ ਰਹੀਆਂ ਮੌਜੂਦਾ ਗਤੀਵਿਧੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਟ੍ਰੇਡ ਵਿੰਗ ਦੇ ਹਲਕਾ ਇੰਚਾਰਜ ਅਮਨਦੀਪ ਸਿੰਘ, ਕੌਂਸਲ ਦੇ ਕਾਰਜਕਾਰਨੀ ਮੈਂਬਰ ਅਤੇ ਅਹੁੱਦੇਦਾਰ ਪਰਮਿੰਦਰਬੀਰ ਸਿੰਘ ਚੀਮਾ, ਅਵਤਾਰ ਸਿੰਘ ਲੌਂਗੀਆ, ਗੁਰਚਰਨ ਸਿੰਘ ਬੇਲੀ, ਸਰਬਜੀਤ ਸਿੰਘ, ਹਜ਼ੂਰਾ ਸਿੰਘ, ਇੰਸਪੈਕਟਰ ਕੇਹਰ ਸਿੰਘ, ਗੁਰਨਾਮ ਸਿੰਘ ਧਾਮੀ, ਇੰਜੀਨੀਅਰ ਦੀਦਾਰ ਸਿੰਘ ਸਮੇਤ ਇਲਾਕਾ ਵਾਸੀ ਮੋਹਨ ਸਿੰਘ ਚਾਹਲ, ਧਰਮਵੀਰ ਸ਼ਰਮਾ, ਸੰਜੇ ਅਗਨੀਹੋਤਰੀ, ਕਰਨੈਲ ਸਿੰਘ, ਪਰਮਜੀਤ ਸਿੰਘ, ਨਵਨੀਤ ਮਹਿਤਾ, ਕੌਸ਼ੱਲਿਆ ਰਾਣੀ, ਬਲਵੀਰ ਸਿੰਘ, ਲਖਵੀਰ ਸਿੰਘ, ਸੈਣੀ ਮਾਸਟਰ, ਰਵਿੰਦਰ ਸਿੰਘ, ਬਲਵੰਤ ਸਿੰਘ ਚਾਂਦਪੁਰੀ ਅਤੇ ਅਵਤਾਰ ਸਿੰਘ ਖੈਰਾਬਾਦ ਸਮੇਤ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਨੇ ਵੀ ਸ਼ਮੂਲੀਅਤ ਕੀਤੀ।