ਖੇਤ ਬਚਾਓ ਅਭਿਆਨ ਤਹਿਤ ਮਿੱਟੀ ਦੀ ਸਿਹਤ ਸੁਧਾਰ ਸਬੰਧੀ ਜਾਗਰੁਕਤਾ ਕੈਂਪ ਲਾਇਆ
ਖੇਤ ਬਚਾਓ ਅਭਿਆਨ ਤਹਿਤ ਮਿੱਟੀ ਦੀ ਸਿਹਤ ਸੁਧਾਰ ਸਬੰਧੀ ਜਾਗਰੁਕਤਾ ਕੈਂਪ ਆਯ
Publish Date: Mon, 15 Jun 2026 04:21 PM (IST)
Updated Date: Mon, 15 Jun 2026 04:24 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਰੂਪਨਗਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤ ਬਚਾਓ ਅਭਿਆਨ ਤਹਿਤ ਅੱਜ ਪਿੰਡ ਹਰਸ਼ਾ ਬੇਲਾ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਫਸਲਾਂ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ, ਆਈਸੀਏਆਰ-ਅਟਾਰੀ, ਜ਼ੋਨ-1 ਅਤੇ ਡਾ.ਸਤਬੀਰ ਸਿੰਘ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕੇਵੀਕੇ ਰੂਪਨਗਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ.ਜਗਮਨਜੋਤ ਸਿੰਘ ਮਾਨ ਨੇ ਕਿਸਾਨ ਵੀਰਾਂ ਨੂੰ ਝੋਨੇ ਅਤੇ ਮੱਕੀ ਦੀ ਫ਼ਸਲ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜੇਕਰ ਝੋਨੇ-ਕਣਕ ਦੇ ਫਸਲੀ ਚੱਕਰ ਵਿਚ ਫਾਸਫੋਰਸ ਦੀ ਸਿਫਾਰਿਸ਼ ਕੀਤੀ ਖਾਦ ਦੀ ਵਰਤੋਂ ਕੀਤੀ ਹੈ ਤਾਂ ਝੋਨੇ ਵਿਚ ਇਸ ਖਾਦ ਦੀ ਵਰਤੋਂ ਤੋਂ ਗੁਰੇਜ ਕਰੋ। ਝੋਨੇ ਵਿਚ ਲੋੜ ਮੁਤਾਬਕ ਯੂਰੀਆ ਖਾਦ, ਦਰਮਿਆਨੀ ਕਿਸਮਾਂ ਵਿਚ 7, 21 ਅਤੇ 42 ਦਿਨ ਅਤੇ ਘੱਟ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੀਆਰ 126 ਵਿਚ 7, 21 ਅਤੇ 35 ਦਿਨ ’ਤੇ ਪਾਓ। ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਹੇਠ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਮੱਕੀ ਦੇ ਨਵੇਂ ਹਾਈਬ੍ਰਿਡ ਪੀਐੱਮਐੱਚ-17 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਨੇ ਕਿਸਾਨਾਂ ਨੂੰ ਕੰਢੀ ਇਲਾਕੇ ਲਈ ਢੁੱਕਵੀਂ ਕਿਸਮ ਜੇਸੀ-12 ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਲਈ 17,500 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ.ਉਰਵੀ ਸ਼ਰਮਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੀ ਪਨੀਰੀ ਵਿਚ ਵ੍ਹਾਈਟ-ਬੈਕਡ ਪਲਾਂਟ ਹੌਪਰ (ਡਬਲਿਊਬੀਪੀਐੱਚ) ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੋੜ ਪੈਣ ’ਤੇ ਸਮੇਂ ਸਿਰ ਸਿਫਾਰਸ਼ ਕੀਤੇ ਕੀਟਨਾਸ਼ਕ ਜਿਵੇਂ ਕਿ 94 ਐੱਮਐੱਲ ਪੈਕਸਾਲੋਨ 10 ਐੱਸਸੀ (ਟਰਾਈਫਲੂਮੀਜ਼ੋਪਾਇਰਮ) ਜਾਂ 60 ਗ੍ਰਾਮ ਉਲਾਲਾ 50 ਡਬਲਯੂਜੀ (ਫਲੋਨਿਕਾਮਿਡ) ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐੱਸਜੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂਜੀ (ਪਾਈਮੈਟਰੋਜ਼ਿਨ) ਵਿੱਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਵਿਚ ਘੋਲ ਕੇ ਛਿੜਕਾਅ ਕਰਨ। ਇਸ ਮੌਕੇ ਕਿਸਾਨ ਵੀਰਾਂ ਨੂੰ ਮੱਕੀ ਦੀ ਫਸਲ ਵਿਚ ਫਾਲ ਆਰਮੀਵਰਮ ਕੀੜ੍ਹੇ ਦਾ ਹਮਲਾ ਨਜ਼ਰ ਆਵੇ ਤਾਂ ਸਿਫ਼ਾਰਸ਼ ਅਨੁਸਾਰ ਕੋਰਾਜਨ 18.5 ਐੱਸਸੀ (ਕਲੋਰਐਂਟਰਾਨਿਲੀਪਰੋਲ) 0.4 ਮਿਲੀਲਿਟਰ ਜਾਂ ਡੈਲੀਗੇਟ 11.7 ਐੱਸਸੀ (ਸਪਾਈਨਟੋਰਮ) 0.5 ਮਿਲੀਲਿਟਰ ਜਾਂ ਮਿਜ਼ਾਈਲ 5 ਐੱਸਜੀ (ਐਮਾਮੈਕਟਿਨ ਬੈਂਜ਼ੋਏਟ) 0.4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਇਸ ਮੌਕੇ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ.ਸੰਜੀਵ ਅਹੂਜਾ ਵੱਲੋਂ ਕਿਸਾਨਾਂ ਨੂੰ ਸਬਜ਼ੀ ਅਤੇ ਫਲਦਾਰ ਬੂਟਿਆਂ ਦੀ ਬਗੀਚੀ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀ ਅਤੇ ਫਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ| ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਵੀਰਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੇ ਅੰਤ ਵਿਚ ਕਿਸਾਨ ਵੀਰਾਂ ਦੇ ਖੇਤਾਂ ਵਿਚ ਜਾ ਕੇ ਸਮੱਸਿਆਂਵਾਂ ਦਾ ਮੌਕੇ ’ਤੇ ਹੀ ਹੱਲ੍ਹ ਵੀ ਕੀਤਾ ਗਿਆ।