ਮਿਸ਼ਨ ਕਲੀਨ ਪੰਜਾਬ : ਏਡੀਸੀ ਡਾ.ਅਕਸ਼ਿਤਾ ਵੱਲੋਂ ਸਫ਼ਾਈ ਕਾਰਜਾਂ ਦੀ ਅਚਨਚੇਤ ਜਾਂਚ
ਮਿਸ਼ਨ ਕਲੀਨ ਪੰਜਾਬ: ਏਡੀਸੀ ਡਾ.ਅਕਸ਼ਿਤਾ ਵੱਲੋਂ ਸਫ਼ਾਈ ਕਾਰਜਾਂ ਦੀ ਅਚਨਚੇਤ ਜਾਂਚ
Publish Date: Mon, 15 Jun 2026 04:12 PM (IST)
Updated Date: Mon, 15 Jun 2026 04:15 PM (IST)

ਮਾਨਸੂਨ ਤੋਂ ਪਹਿਲਾਂ ਸੜਕਾਂ ਤੇ ਗਲੀਆਂ ਦੀ ਡੀ-ਸਿਲਟਿੰਗ ਅਤੇ ਸਫ਼ਾਈ ਕਰਨ ਦੇ ਹੁਕਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਪਨਗਰ ਡਾ.ਅਕਸ਼ਿਤਾ ਗੁਪਤਾ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਮਟੀਰੀਅਲ ਰਿਕਵਰੀ ਫੈਸਿਲਿਟੀ (ਐੱਮਆਰਐੱਫ), ਪਿੰਡ ਬੜੀ ਹਵੇਲੀ, ਸ਼ਾਮਪੁਰਾ ਅਤੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਬਣਾਈ ਰੱਖਣ ਲਈ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸੀਵਰ ਮੈਨਹੋਲਾਂ ਦੇ ਢੱਕਣ ਸੜਕ ਦੇ ਪੱਧਰ ਦੇ ਬਰਾਬਰ ਕੀਤੇ ਜਾਣ ਤਾਂ ਜੋ ਹਾਦਸਾ ਨਾ ਵਾਪਰੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਬਾਰਸਾਤਾਂ ਦੀ ਸ਼ੁਰੂਆਤ ਤੋਂ ਪਹਿਲਾਂ ਸੜਕਾਂ ਦੀਆਂ ਗਲੀਆਂ ਦੀ ਡੀ-ਸਿਲਟਿੰਗ ਅਤੇ ਸਫ਼ਾਈ ਕਰਵਾਈ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਪਾਣੀ ਖੜ੍ਹਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਕੂੜੇ ਨੂੰ ਗਲਣਯੋਗ ਅਤੇ ਨਾ-ਗਲਣਯੋਗ ਸ਼੍ਰੇਣੀਆਂ ਵਿਚ ਵੱਖਰਾ ਕਰਕੇ ਰੱਖਣ ਤਾਂ ਜੋ ਖਾਣ-ਪੀਣ ਵਾਲਾ ਕੂੜਾ ਪਲਾਸਟਿਕ ਦੇ ਥੈਲਿਆਂ ਨਾਲ ਨਾ ਮਿਲੇ। ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਵੱਖਰਾ ਕੀਤਾ ਗਿਆ ਕੂੜਾ ਠੋਸ ਕੂੜਾ ਪ੍ਰਬੰਧਨ ਵਿਚ ਮੱਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਖੁੱਲੀ ਥਾਂ ’ਤੇ ਘਰ ਦਾ ਕੂੜਾ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਸਵੇਰੇ ਸ਼ਹਿਰ ਦੀ ਸਫ਼ਾਈ ਹੋਣ ਉਪਰੰਤ ਹੀ ਕਈ ਲੋਕਾਂ ਵਲੋਂ ਕਾਲਜ ਰੋਡ ਅਤੇ ਸਰਕਾਰੀ ਹਸਪਤਾਲ ਸਮੇਤ ਡੀਏਵੀ ਸਕੂਲ ਰੋਡ ਆਦਿ ਥਾਵਾਂ ’ਤੇ ਕੂੜਾ ਸੜਕ ’ਤੇ ਹੀ ਸੁੱਟ ਦਿੱਤਾ ਜਾਂਦਾ ਹੈ ਜੋ ਸਾਰਾ ਦਿਨ ਸ਼ਹਿਰ ਵਾਸੀਆਂ ਅਤੇ ਵਿਦਿਆਰਥੀਆਂ ਲਈ ਮੁਸ਼ਕਿਲ ਬਣਦਾ ਹੈ। ਉਨ੍ਹਾਂ ਕਿਹਾ ਸ਼ਹਿਰ ਦੀ ਸਫ਼ਾਈ ਤੇ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਦੇ ਲਈ ਸਾਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਦੇ ਹੋਏ ਹੋਰ ਲੋਕਾਂ ਨੂੰ ਵੀ ਕੂੜਾ ਸੁੱਟਣ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਫ਼ਾਈ ਸੇਵਕਾਂ ਦੀ ਇੱਕ ਮਜ਼ਬੂਤ ਟੀਮ ਵੱਖ-ਵੱਖ ਸ਼ਿਫਟਾਂ ਵਿਚ ਦਿਨ-ਰਾਤ ਕੰਮ ਕਰਦੀ ਹੈ, ਜਿਸ ਲਈ ਸਾਨੂੰ ਸਫ਼ਾਈ ਸੇਵਕਾਂ ਨੂੰ ਵੀ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਐੱਮਸੀ ਇੰਦਰਪਾਲ ਸਿੰਘ ਰਾਜੂ ਸਤਿਆਲ, ਮਿਊਂਸੀਪਲ ਇੰਜੀਨੀਅਰ ਜਵਾਹਰ ਸਾਗਰ, ਸੈਨੇਟਰੀ ਇੰਸਪੈਕਟਰ ਬਰਿੰਦਰ ਸਿੰਘ, ਮਿਊਂਸੀਪਲ ਕੌਂਸਲ ਤੋਂ ਨਵਤੇਜ ਤੇਜੀ, ਲਵਲੀ ਸ਼ਰਮਾ ਆਦਿ ਹਾਜ਼ਰ ਸਨ।