ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬੁਰੀ ਹਾਲਤ ’ਚ ਝਾੜੀਆਂ ’ਚੋਂ ਬਰਾਮਦ
ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬੁਰੀ ਹਾਲਤ ’ਚ ਝਾੜੀਆਂ ’ਚੋਂ ਬਰਾਮਦ
Publish Date: Sat, 13 Jun 2026 08:01 PM (IST)
Updated Date: Sat, 13 Jun 2026 08:03 PM (IST)

ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਦੋਸਤਾਂ ਨੇ ਹੀ ਝਾੜੀਆਂ ’ਚ ਸੁੱਟਿਆ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਨਜਦੀਕੀ ਪਿੰਡ ਡਹਿਰ ਦੇ 1 ਜੂਨ ਤੋਂ ਲਾਪਤਾ 26 ਵਰਿਆਂ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਲਾਸ਼ ਸਥਾਨਕ ਪੁਲਿਸ ਵੱਲੋਂ ਬੀਤੀ ਰਾਤ ਭੋਜੇਮਾਜਰਾ ਨੇੜੇ ਬੁਰੀ ਤੇ ਸ਼ੱਕੀ ਹਾਲਤ ਵਿਚ ਝਾੜੀਆਂ ’ਚੋਂ ਬਰਾਮਦ ਕਰ ਲਈ ਗਈ ਹੈ ਅਤੇ ਫੋਰੈਂਸਿਕ ਟੀਮ ਵੱਲੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਨੇ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸ੍ਰੀ ਚਮਕੌਰ ਸਾਹਿਬ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਬੇਟਾ 1 ਜੂਨ ਨੂੰ ਸਵੇਰੇ 11.30 ਵਜੇ ਘਰੋਂ ਗਿਆ ਸੀ। ਇਸ ਤੋਂ 1 ਘੰਟੇ ਬਾਅਦ ਮ੍ਰਿਤਕ ਨੌਜਵਾਨ ਨੇ ਆਪਣੀ ਮਾਂ ਨੂੰ ’ਤੇ ਦੱਸਿਆ ਕਿ ਉਹ ਆਪਣੇ ਦੋਸਤ ਇੰਦਰਜੀਤ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਪਿੰਡ ਡਹਿਰ ਅਤੇ ਧਰਮ ਸਿੰਘ ਉਰਫ ਲਾਲੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਮਗੜ੍ਹ ਦੇ ਨਾਲ ਪਿੰਡ ਰਾਮਗੜ੍ਹ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇੱਕ ਘੰਟੇ ਬਾਅਦ ਜਦੋਂ ਦੋਬਾਰਾ ਫੋਨ ਕੀਤਾ ਤਾਂ ਹਰਵਿੰਦਰ ਸਿੰਘ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸਦੇ ਪੁੱਤਰ ਦੇ ਦੋਨੋਂ ਦੋਸ ਉਸ ਨਾਲ ਮਿਲ ਕੇ ਨਸ਼ਿਆਂ ਦਾ ਸੇਵਨ ਕਰਦੇ ਰਹਿੰਦੇ ਸਨ। ਉਸ ਵਲੋਂ ਆਪਣੇ ਰਿਸ਼ਤੇਦਾਰਾਂ ਨਾਲ ਹਰਵਿੰਦਰ ਦੀ ਕਾਫੀ ਤਲਾਸ਼ ਕੀਤੀ ਪ੍ਰੰਤੂ ਉਸ ਦਾ ਕੁੱਝ ਪਤਾ ਨਹੀਂ ਲੱਗਾ। ਉਸ ਨੇ ਬਿਆਨਾਂ ਵਿਚ ਅਰੋਪ ਲਗਾਇਆ ਕਿ ਇੰਦਰਜੀਤ ਸਿੰਘ ਅਤੇ ਧਰਮ ਸਿੰਘ ਨੇ ਉਸ ਦੇ ਬੇਟੇ ਨੂੰ ਕੋਈ ਨਸ਼ਾ ਦੇ ਕੇ ਜਾਂ ਨਸ਼ੇ ਦਾ ਟੀਕਾ ਲਗਾ ਕੇ ਮਾਰ ਦਿੱਤਾ ਹੈ। ਡੀਐੱਸਪੀ ਔਲਖ ਨੇ ਦੱਸਿਆ ਕਿ ਇਸ ਤੋਂ ਉਪਰੰਤ ਪੁਲਿਸ ਨੇ ਜਦੋਂ ਇੰਦਰਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਲਾਸ਼ ਨੂੰ ਉਕਤ ਥਾਂ ਝਾੜੀਆਂ ਵਿਚ ਸੁੱਟਣ ਦੀ ਗੱਲ ਮੰਨੀ ਅਤੇ ਪੁਲਿਸ ਨੇ ਲਾਸ਼ ਬਰਾਮਦ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਵਿੰਦਰ ਨੂੰ ਇਹ ਦੋਵੇਂ ਕਥਿਤ ਮੁਲਜ਼ਮ ਨਜ਼ਦੀਕੀ ਪਿੰਡ ਚੱਕਲਾਂ ਲੈ ਗਏ ਜਿਥੋਂ ਇਹ ਸੁਰਿੰਦਰ ਸਿੰਘ ਨਾਮਕ ਵਿਅਕਤੀ ਤੋਂ ਨਸ਼ਾ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੰਦਰਜੀਤ ਸਿੰਘ, ਧਰਮ ਸਿੰਘ ਤੇ ਸੁਰਿੰਦਰ ਸਿੰਘ ਨੂੰ ਕਾਬੂ ਕਰਕੇ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਇਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਨੇ ਰੋਸ ਜਤਾਉਦਿਆਂ ਕਿਹਾ ਕਿ ਉਸ ਦੇ ਪੁੱਤਰ ਦੇ ਲਾਪਤਾ ਹੋਣ ਦੀ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਸੀ, ਉਦੋਂ ਹੀ ਉਨ੍ਹਾਂ ਇੰਦਰਜੀਤ ਸਿੰਘ ਬਾਰੇ ਦੱਸਿਆ ਸੀ ਕਿ ਉਸ ਦੇ ਪੁੱਤਰ ਨੂੰ ਲਾਪਤਾ ਕਰਨ ਵਿਚ ਉਸ ਦਾ ਹੱਥ ਹੈ, ਪ੍ਰੰਤੂ ਪੁਲਿਸ ਨੇ ਉਸ ਸਮੇਂ ਇੰਦਰਜੀਤ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਸੇ ਦਿਨ ਸਖਤੀ ਕੀਤੀ ਜਾਂਦੀ ਤਾਂ ਉਸ ਦੇ ਪੁੱਤਰ ਦੀ ਲਾਸ਼ ਸਹੀ ਮਿਲ ਜਾਂਦੀ ਕਿਉਂਕਿ ਪੁੱਤਰ ਦੀ ਲਾਸ਼ ਵੀ ਕਾਫੀ ਬੁਰੀ ਹਾਲਤ ਵਿਚ ਮਿਲੀ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਰੋਸ ਜਤਾਇਆ ਕਿ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਖੁੱਲਾ ਵਿੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਜਾਂਦੇ ਹਨ ਪ੍ਰੰਤੂ ਇਹ ਜਮਾਨਤ ਕਰਵਾਉਣ ਉਪਰੰਤ ਦੁਬਾਰਾ ਨਸ਼ੇ ਦਾ ਕਾਰੋਬਾਰ ਕਰਨ ੱਲੱਗ ਜਾਂਦੇ ਹਨ।