ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਧਾਂਦਲੀ ਕੀਤੀ : ਸ਼ੈਲੀ
ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਧਾਂਦਲੀ ਕੀਤੀ:ਸ਼ੈਲੀ
Publish Date: Sat, 13 Jun 2026 07:09 PM (IST)
Updated Date: Sat, 13 Jun 2026 07:12 PM (IST)

ਬੇਨਤੀ ਦੇ ਬਾਵਜੂਦ ਵੀਡੀਓਗ੍ਰਾਫੀ ਨਾ ਦਿੱਤੇ ਜਾਣ ਦੇ ਲਗਾਏ ਦੋਸ਼ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਸੂਬਾਈ ਉਪ ਪ੍ਰਧਾਨ ਆਰਪੀ ਸਿੰਘ ਸ਼ਾਲੀ ਨੇ ਕਿਹਾ ਕਿ ਆ ਆਦਮੀ ਪਾਰਟੀ ਵੱਲੋਂ ਰੂਪਨਗਰ ਅਤੇ ਪੰਜਾਬ ਭਰ ਵਿਚ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਧਾਂਦਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਨਗਰ ਕੌਂਸਲ ਅਤੇ ਪੰਚਾਇਤ ਚੋਣਾਂ ਵਿਚ ਵੋਟਾਂ ਦੀ ਗਿਣਤੀ ਆਮ ਤੌਰ ’ਤੇ ਇੱਕੋ ਦਿਨ ਹੁੰਦੀ ਹੈ। ਹਾਲਾਂਕਿ ਇਸ ਵਾਰ ਆਪ ਨੇ ਜਾਣਬੁੱਝ ਕੇ ਚੋਣ ਨਤੀਜਿਆਂ ਨੂੰ ਦੋ ਦਿਨ ਅਤੇ ਤਿੰਨ ਰਾਤਾਂ ਲਈ ਦੇਰੀ ਨਾਲ ਪੇਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਆਪ ਵੱਲੋਂ ਧਾਂਦਲੀ ਅਤੇ ਧੋਖਾਧੜੀ ਦੀ ਸੰਭਾਵਨਾ ਦਾ ਵਿਰੋਧ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਕਿਹਾ ਕਿ ਆਪ ਜਾਣਬੁੱਝ ਕੇ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਚੋਣਾਂ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਸਟਰਾਂਗ ਰੂਮ ਵਿਚ ਜਿੱਥੇ ਬੈਲਟ ਪੇਪਰ ਬਾਕਸ ਰੱਖੇ ਜਾਣਗੇ, ਉੱਥੇ ਸੀਸੀਟੀਵੀ ਕੈਮਰੇ ਲਗਾਤਾਰ ਚੱਲਦੇ ਰੱਖੇ ਜਾਣ ਅਤੇ ਸਰਕਾਰੀ ਕਾਰਵਾਈ ਦੀ ਲਗਾਤਾਰ ਵੀਡੀਓਗ੍ਰਾਫੀ ਕੀਤੀ ਜਾਵੇ। ਇਸ ਮੌਕੇ ਆਰਪੀ ਸਿੰਘ ਸ਼ੈਲੀ ਨੇ ਅਰੋਪ ਲਗਾਇਆ ਕਿ ਸ਼ਾਮ 5 ਵਜੇ ਵੋਟਿੰਗ ਖਤਮ ਹੋਣ ਤੋਂ ਬਾਅਦ ਉਮੀਦਵਾਰਾਂ ਦੇ ਸਾਹਮਣੇ ਬੈਲਟ ਬਾਕਸ ਸੀਲ ਕਰ ਦਿੱਤੇ ਗਏ ਅਤੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ ਗਿਆ। ਇਸ ਤੋਂ ਉਪਰੰਤ ਕਮਰੇ ਨੂੰ ਤਾਲਾ ਲਗਾ ਦਿੱਤਾ ਗਿਆ ਅਤੇ ਲੱਗਭੱਗ ਇੱਕ ਘੰਟੇ ਲਈ ਬੰਦ ਰੱਖਿਆ ਗਿਆ। ਇੱਕ ਘੰਟੇ ਬਾਅਦ ਬੈਲਟ ਬਾਕਸਾਂ ਨੂੰ ਸਟ੍ਰਾਂਗ ਰੂਮ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪੂਰੀ ਘਟਨਾ ਸ਼ੱਕ ਪੈਦਾ ਕਰਦੀ ਹੈ ਅਤੇ ਇਸ਼ਾਰਾ ਕਰਦੀ ਹੈ ਕਿ ਅੰਦਰ ਕੋਈ ਨਾ ਕੋਈ ਗੜਬੜ ਕੀਤੀ ਗਈ ਹੈ। ਇਸ ਮੌਕੇ ਆਰਪੀ ਸਿੰਘ ਸ਼ੈਲੀ, ਪਰਮਿੰਦਰ ਸਿੰਘ, ਨੀਰੂ ਰਾਣੀ, ਬਬਲੀ ਅਤੇ ਪਰਮਿੰਦਰ ਕੌਰ ਨੇ ਐੱਸਡੀਐੱਮ-ਕਮ-ਰਿਟਰਨਿੰਗ ਅਫਸਰ ਨੂੰ ਇੱਕ ਲਿਖਤੀ ਬੇਨਤੀ ਪੱਤਰ ਸੌਂਪਿਆ, ਜਿਸ ਵਿਚ 26 ਮਈ ਨੂੰ ਸ਼ਾਮ 5 ਵਜੇ ਤੋਂ ਬਾਅਦ ਦੀ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਫੁਟੇਜ ਅਜੇ ਤੱਕ ਪ੍ਰਦਾਨ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪ ਨੇ ਧੱਕੇਸ਼ਾਹੀ ਦੇ ਨਾਲ ਇਹ ਸੁਨੇਹਾ ਦੇਣ ਲਈ ਤਾਕਤ ਦੀ ਵਰਤੋਂ ਕੀਤੀ ਹੈ ਕਿ ਲੋਕ ਅਜੇ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ, ਪ੍ਰੰਤੂ ਰੂਪਨਗਰ ਅਤੇ ਪੰਜਾਬ ਦੇ ਲੋਕ 2027 ਦੀਆਂ ਚੋਣਾਂ ਵਿਚ ਇਸ ਭਰਮ ਨੂੰ ਦੂਰ ਕਰ ਦੇਣਗੇ। ਸ਼ੈਲੀ ਨੇ ਭਰੋਸਾ ਜਤਾਇਆ ਕਿ ਭਵਿੱਖ ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਸਰਕਾਰ ਬਣਾਏਗਾ ਅਤੇ ਦਲਜੀਤ ਸਿੰਘ ਚੀਮਾ ਰੂਪਨਗਰ ਤੋਂ ਵਿਧਾਇਕ ਚੁਣੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਮਾਮਲੇ ਸਬੰਧੀ ਇੱਕ ਚੋਣ ਪਟੀਸ਼ਨ ਦਾਇਰ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਇਸਨੂੰ ਹਾਈਕੋਰਟ ਵਿਚ ਵੀ ਚੁਣੌਤੀ ਦਿੱਤੀ ਜਾਵੇਗੀ।