ਸੀਵਰੇਜ ਦੇ ਕੰਮ ਦੀ ਸੁਸਤ ਰਫਤਾਰ ਕਾਰਨ ਲੋਕ ਪਰੇਸ਼ਾਨ
ਸੀਵਰੇਜ ਦੇ ਕੰਮ ਦੀ ਸੁਸਤ ਰਫਤਾਰ ਕਾਰਨ ਲੋਕ ਪਰੇਸ਼ਾਨ
Publish Date: Sat, 13 Jun 2026 05:54 PM (IST)
Updated Date: Sat, 13 Jun 2026 05:57 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ: ਮੋਰਿੰਡਾ ਦੇ ਖਾਲਸਾ ਗਰਲਜ਼ ਕਾਲਜ ਰੋਡ ਸਥਿਤ ਸਮੂਹ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਖੇਤਰ ਵਿਚ ਚੱਲ ਰਹੇ ਸੀਵਰੇਜ ਦੇ ਕੰਮ ਦੀ ਸੁਸਤ ਰਫਤਾਰ ਕਾਰਨ ਆ ਰਹੀਆਂ ਮੁਸ਼ਕਲਾਂ ਸਬੰਧੀ ਐੱਸਡੀਐੱਮ ਮੋਰਿੰਡਾ ਚੇਤਨ ਬੰਗੜ ਨੂੰ ਇੱਕ ਮੰਗਪੱਤਰ ਸੌਂਪਿਆ। ਇਸ ਮੰਗ ਪੱਤਰ ਦੀਆਂ ਕਾਪੀਆਂ ਸਥਾਨਕ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਭੇਜੀਆਂ ਗਈਆਂ ਹਨ। ਇਸ ਮੰਗ ਪੱਤਰ ਵਿਚ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਕਾਲਜ ਰੋਡ ’ਤੇ ਪਾਏ ਜਾ ਰਹੇ ਸੀਵਰੇਜ ਪ੍ਰੋਜੈਕਟ ਨਾਲ ਸਬੰਧਿਤ ਟੈਂਡਰ ਅਤੇ ਠੇਕੇਦਾਰ ਕੰਪਨੀ ਨਾਲ ਹੋਏ ਸਮਝੌਤੇ ਦੀ ਕਾਪੀ ਸਥਾਨਕ ਦੁਕਾਨਦਾਰਾਂ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਠੇਕੇਦਾਰ ਵੱਲੋਂ ਸਪੱਸ਼ਟ ਤੌਰ ’ਤੇ ਦੱਸਿਆ ਜਾਵੇ ਕਿ ਇਹ ਨਿਰਮਾਣ ਕਾਰਜ ਕਿੰਨੇ ਸਮੇਂ ਵਿਚ ਮੁਕੰਮਲ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਦੱਸਿਆ ਕਿ ਜੇਸੀਬੀ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਲਗਾਤਾਰ ਖੁਦਾਈ ਕਾਰਨ ਇਲਾਕੇ ਦੀਆਂ ਸੜਕਾਂ ਅਤੇ ਗਲੀਆਂ ਪੂਰੀ ਤਰ੍ਹਾਂ ਪੁੱਟੀਆਂ ਜਾ ਚੁੱਕੀਆਂ ਹਨ। ਇਸ ਕਾਰਨ ਉੱਡ ਰਹੀ ਧੂੜ-ਮਿੱਟੀ ਘਰਾਂ ਅਤੇ ਦੁਕਾਨਾਂ ਦੇ ਅੰਦਰ ਤੱਕ ਪਹੁੰਚ ਰਹੀ ਹੈ ਅਤੇ ਬਾਰਿਸ਼ ਕਾਰਨ ਗਲੀਆਂ ਵਿਚ ਹੋਏ ਚਿੱਕੜ ਕਾਰਨ ਲੋਕਾਂ ਦਾ ਘਰਾਂ ਤੋਂ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਧੂੜ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਠੇਕੇਦਾਰ ਨੂੰ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਜਾਵੇ ਅਤੇ ਕੰਮ ਦੀ ਰਫਤਾਰ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਕੰਮ ਕਾਰਨ ਕਾਲਜ ਰੋਡ ’ਤੇ ਵਾਹਨਾਂ ਅਤੇ ਗਾਹਕਾਂ ਦੀ ਆਵਾਜਾਈ ਲੱਗਭੱਗ ਠੱਪ ਹੋ ਚੁੱਕੀ ਹੈ, ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸੀਵਰੇਜ ਦੇ ਮੈਨਹੋਲ ਬਣਾਉਣ ਲਈ ਡੂੰਘੇ ਖੱਡੇ ਪੁੱਟੇ ਗਏ ਹਨ, ਪ੍ਰੰਤੂ ਉਨ੍ਹਾਂ ਦੇ ਆਲੇ-ਦੁਆਲੇ ਨਾ ਤਾਂ ਕੋਈ ਸੁਰੱਖਿਆ ਰੇਲਿੰਗ ਲਗਾਈ ਹੈ ਅਤੇ ਨਾ ਹੀ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੰਮ ਵਾਲੀ ਥਾਂ ’ਤੇ ਤੁਰੰਤ ਸੂਚਨਾ ਬੋਰਡ ਲਗਾਏ ਜਾਣ ਤੇ ਬੈਰੀਕੇਡ ਟੇਪ ਲਗਾਈ ਜਾਵੇ ਤਾਂ ਜੋ ਰਾਤ ਸਮੇਂ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਾਅ ਹੋ ਸਕੇ। ਉਨ੍ਹਾਂ ਐੱਸਡੀਐੱਮ ਨੂੰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਨੂੰ ਹਰ ਹਾਲਤ ਵਿਚ ਨਿਰਧਾਰਿਤ ਸਮਾਂ ਸੀਮਾ ਅੰਦਰ ਪੂਰਾ ਕਰਵਾਇਆ ਜਾਵੇ ਤਾਂ ਜੋ ਗਾਹਕਾਂ, ਰਾਹਗੀਰਾਂ ਅਤੇ ਸਥਾਨਕ ਦੁਕਾਨਦਾਰਾਂ ਨੂੰ ਹੋਰ ਵਧੇਰੇ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜਸਮੇਲ ਸਿੰਘ, ਨਿਹਾਲ ਸਿੰਘ ਕਲਸੀ, ਪ੍ਰਦੀਪ ਕੁਮਾਰ, ਜੋਗਿੰਦਰ ਸਿੰਘ, ਜਰਨੈਲ ਸਿੰਘ, ਸੁਨੀਲ ਕੁਮਾਰ, ਦੀਕਸ਼ਿਤ ਕੁਮਾਰ ਆਦਿ ਸਮੇਤ ਇਲਾਕੇ ਦੇ ਕਈ ਪ੍ਰਮੁੱਖ ਦੁਕਾਨਦਾਰਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ।