ਤਕਨੀਕੀ ਮੁਸ਼ਕਲਾਂ ਕਾਰਨ ਡਿਪੂ ਹੋਲਡਰ ਤੇ ਲਾਭਪਾਤਰੀ ਪ੍ਰੇਸ਼ਾਨ
ਮਸ਼ੀਨਾਂ ਰਾਹੀਂ ਵਾਰ-ਵਾਰ ਪਰਚੀਆਂ ਕੱਟੇ ਜਾਣ ਕਾਰਨ ਡਿਪੂ ਹੋਲਡਰ ਅਤੇ ਲਾਭਪਾਤਰੀ ਪ੍ਰੇਸ਼ਾਨ
Publish Date: Sat, 13 Jun 2026 05:31 PM (IST)
Updated Date: Sat, 13 Jun 2026 05:33 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਮੁਫ਼ਤ ਕਣਕ, ਦਾਲ ਅਤੇ ਰਸੋਈ ਕਿੱਟ ਵੰਡਣ ਦੀ ਸਕੀਮ ਤਹਿਤ ਰਾਸ਼ਨ ਤਾਂ ਮੁਹੱਈਆ ਕਰਵਾਇਆ ਜਾ ਰਿਹਾ ਹੈ, ਪ੍ਰੰਤੂ ਇਸ ਦੇ ਵੰਡਣ ਦੀ ਪ੍ਰਕਿਰਿਆ ਵਿਚ ਆ ਰਹੀਆਂ ਤਕਨੀਕੀ ਮੁਸ਼ਕਿਲਾਂ ਕਾਰਨ ਡਿਪੂ ਹੋਲਡਰਾਂ ਅਤੇ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿਚ ਡਿਪੂ ਹੋਲਡਰ ਗੁਰਸ਼ਰਨ ਸਿੰਘ ਹੈੱਪੀ, ਕਮਲਜੀਤ ਸਿੰਘ ਮੱਕੜ ਆਦਿ ਨੇ ਫੂਡ ਸਪਲਾਈ ਵਿਭਾਗ ਦੀਆਂ ਹਦਾਇਤਾਂ ਅਤੇ ਮਸ਼ੀਨੀ ਪ੍ਰਣਾਲੀ ਕਾਰਨ ਪੈਦਾ ਹੋ ਰਹੀਆਂ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਡਿਪੂ ਹੋਲਡਰਾਂ ਨੂੰ ਪਹਿਲਾਂ ਇੱਕ ਕਾਰਡ ਹੋਲਡਰ (ਲਾਭਪਾਤਰੀ) ਦੀ ਤਿੰਨ ਮਹੀਨਿਆਂ ਦੀ ਕਣਕ ਲਈ ਸਿਰਫ਼ ਇੱਕ ਹੀ ਪਰਚੀ ਕੱਟਣੀ ਪੈਂਦੀ ਸੀ ਪ੍ਰੰਤੂ ਹੁਣ ਨਵੇਂ ਨਿਯਮਾਂ ਮੁਤਾਬਕ, ਹਰ ਮਹੀਨੇ ਦੀ ਵੱਖਰੀ ਪਰਚੀ ਕੱਟਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕੋ ਵਿਅਕਤੀ ਦੀਆਂ ਵਾਰ-ਵਾਰ ਪਰਚੀਆਂ ਕੱਟਣ ਕਾਰਨ ਮਸ਼ੀਨ ਰਾਹੀਂ ਕੰਮ ਕਰਨ ਵਿਚ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਹੈ, ਜਿਸ ਨਾਲ ਸਮੇਂ ਦੀ ਬਰਬਾਦੀ ਹੋ ਰਹੀ ਹੈਂ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਹੌਲੀ ਹੋਣ ਕਾਰਨ ਗਰੀਬ ਅਤੇ ਮਜ਼ਦੂਰ ਵਰਗ ਨਾਲ ਸਬੰਧਿਤ ਲਾਭਪਾਤਰੀਆਂ ਨੂੰ ਇਸ ਅੱਤ ਦੀ ਗਰਮੀ ਅਤੇ ਕੜਾਕੇ ਦੀ ਧੁੱਪ ਵਿਚ ਘੰਟਿਆਂ ਬੱਧੀ ਲੰਮੀਆਂ ਲਾਈਨਾਂ ਵਿਚ ਖੜੇ ਹੋ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਉਕਤ ਡਿਪੂ ਹੋਲਡਰਾਂ ਨੇ ਦੱਸਿਆ ਕਿ ਇਸ ਸਮੱਸਿਆ ਕਾਰਨ ਜਿੱਥੇ ਆਮ ਜਨਤਾ ਅਤੇ ਕਾਰਡ ਹੋਲਡਰ ਬੇਹੱਦ ਤੰਗ ਹੋ ਰਹੇ ਹਨ, ਉੱਥੇ ਹੀ ਡਿਪੂ ਹੋਲਡਰਾਂ ਲਈ ਵੀ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸਮੱਸਿਆ ਦਾ ਕੋਈ ਯੋਗ ਅਤੇ ਸਾਰਥਕ ਹੱਲ੍ਹ ਕੱਢਿਆ ਜਾਵੇ। ਉਨ੍ਹਾਂ ਵਿਭਾਗ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਤਿੰਨ ਮਹੀਨਿਆਂ ਦੀ ਪਰਚੀ ਇੱਕੋ ਵਾਰ ਕੱਟਣ ਦੀ ਪ੍ਰਣਾਲੀ ਨੂੰ ਮੁੜ ਬਹਾਲ ਕੀਤਾ ਜਾਵੇ ਜਾਂ ਮਸ਼ੀਨੀ ਸਿਸਟਮ ਨੂੰ ਹੋਰ ਤੇਜ਼ ਤੇ ਸਰਲ ਬਣਾਇਆ ਜਾਵੇ, ਤਾਂ ਡਿਪੂ ਹੋਲਡਰਾਂ ਅਤੇ ਗਰੀਬ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਅਤੇ ਜਨਤਾ ਨੂੰ ਖੱਜਲ-ਖੁਆਰ ਹੋਣ ਤੋਂ ਬਚਾਇਆ ਜਾ ਸਕਦਾ ਹੈ।