ਨਸ਼ਿਆਂ ਵਿਰੁੱਧ ਜੰਗ ਤੇਜ਼ ਕਰਨ ਲਈ ਵਿਧਾਇਕ ਡਾ.ਚਰਨਜੀਤ ਨੇ ਭੇਜੀਆਂ ਪ੍ਰਚਾਰ ਟੀਮਾਂ
ਨਸ਼ਿਆਂ ਵਿਰੁੱਧ ਜੰਗ ਤੇਜ਼ ਕਰਨ ਲਈ ਵਿਧਾਇਕ ਡਾ.ਚਰਨਜੀਤ ਨੇ ਭੇਜੀਆਂ ਪ੍ਰਚਾਰ
Publish Date: Sat, 13 Jun 2026 05:28 PM (IST)
Updated Date: Sat, 13 Jun 2026 05:30 PM (IST)

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ:ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਵਿਧਾਇਕ ਡਾ.ਚਰਨਜੀਤ ਸਿੰਘ ਵੱਲੋਂ ਪਿੰਡਾਂ ਵਿਚ ਪ੍ਰਚਾਰ ਲਈ ਹਰੀ ਝੰਡੀ ਦੇ ਕੇ ਆਟੋ ਟੀਮਾਂ ਰਵਾਨਾ ਕੀਤੀਆਂ ਗਈਆਂ। ਇਸ ਸਬੰਧੀ ਵਿਧਾਇਕ ਡਾ.ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਸਰੇ ਦੌਰ ਵਿਚ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡਾਂ ਲਈ ਰਵਾਨਾ ਕੀਤੀ ਗਈ ਜੋ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰੇਗੀ। ਇਸ ਟੀਮ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਨਸ਼ਾ ਤਸਕਰੀ ਜਾਂ ਨਸ਼ਿਆਂ ਨਾਲ ਸਬੰਧਿਤ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨਸ਼ਿਆਂ ਦੇ ਖਿਲਾਫ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਛੇੜੀ ਗਈ ਇਸ ਮੁਹਿੰਮ ਨੂੰ ਜਦੋਂ ਤੱਕ ਲੋਕਾਂ ਦਾ ਪੂਰਾ ਸਹਿਯੋਗ ਅਤੇ ਸਮਰਥਨ ਨਹੀਂ ਮਿਲਦਾ, ਨਸ਼ਿਆਂ ਦੀ ਸਮੱਸਿਆ ਆਸਾਨੀ ਨਾਲ ਖਤਮ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਆਟੋ ਵਿਚ ਲਗਾਏ ਗਏ ਸਪੀਕਰਾਂ ਰਾਹੀਂ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਆਡੀਓ ਸੰਦੇਸ਼ ਚਲਾਏ ਜਾਣਗੇ। ਇਸ ਰਾਹੀਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਇਸ ਨਾਲ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਚਾਰ ਵਾਲੇ ਹਰ ਆਟੋ ਵਿਚ ਇਕ ਸ਼ਿਕਾਇਤ ਬਾਕਸ ਰੱਖਿਆ ਗਿਆ ਹੈ, ਜਿਸ ਵਿਚ ਲੋਕ ਆਪਣੀਆਂ ਸ਼ਿਕਾਇਤਾਂ, ਸੁਝਾਅ ਜਾਂ ਨਸ਼ਾ ਵੇਚਣ ਵਾਲੇ ਤੱਤਾਂ ਬਾਰੇ ਜਾਣਕਾਰੀ ਲਿਖ ਕੇ ਪਾ ਸਕਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਿਕਾਇਤਕਰਤਾ ਦਾ ਨਾਮ ਅਤੇ ਪਹਿਚਾਣ ਗੁਪਤ ਰੱਖੇ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਰੁਜ਼ਗਾਰ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਕੋਆਰਡੀਨੇਟਰ ਪਰਸ਼ੋਤਮ ਸਿੰਘ ਮਾਹਲ, ਉਪ ਕੁਆਰਡੀਨੇਟਰ ਅਮਰ ਸਿੰਘ ਸੋਲਖੀਆਂ, ਨਵਦੀਪ ਸਿੰਘ ਟੋਨੀ, ਮਨਜੀਤ ਕੌਰ ਮੋਰਿੰਡਾ, ਵਰਿੰਦਰ ਸਿੰਘ ਮੋਰਿੰਡਾ, ਤੇਜਿੰਦਰ ਸਿੰਘ, ਬਿੱਲੂ ਕਲਾਰਾਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਬਿੱਟੂ, ਡਾ.ਨਿਰਪਾਲ ਸਿੰਘ ਮੰਡੇਰ, ਬਲਾਕ ਕੋਆਰਡੀਨੇਟਰ ਤਰਲੋਚਨ ਸਿੰਘ, ਸ਼ਮਸ਼ੇਰ ਸਿੰਘ ਬੰਨ੍ਹਮਾਜਰਾ, ਕੁਲਦੀਪ ਸਿੰਘ ਖੇੜੀ, ਨਰਿੰਦਰ ਸਿੰਘ ਸਕਰੂਲਾਂਪੁਰ, ਐੱਮਸੀ ਘੜੂੰਆਂ ਹਰਮੀਤ ਸਿੰਘ ਭਗਵੰਤਪੁਰਾ, ਪ੍ਰਦੀਪ ਸਿੰਘ ਝੱਲੀਆਂ, ਲਖਬੀਰ ਸਿੰਘ ਤਾਜਪੁਰਾ ਅਤੇ ਐੱਸਐੱਚਓ ਸਿਟੀ ਥਾਣਾ ਗਗਨਦੀਪ ਸਿੰਘ ਤੇ ਐੱਸਐੱਚਓ ਸਦਰ ਸ਼ਵਿੰਦਰ ਸਿੰਘ ਵੀ ਸ਼ਾਮਿਲ ਸਨ।