ਥਰਮਲ ਕਾਮਿਆਂ ਵੱਲੋਂ ਰੂਪਨਗਰ ਵਿਖੇ ਕੀਤਾ ਗਿਆ ਝੰਡਾ ਮਾਰਚ
ਥਰਮਲ ਕਾਮਿਆਂ ਵੱਲੋਂ ਰੂਪਨਗਰ ਵਿਖੇ ਕੀਤਾ ਗਿਆ ਝੰਡਾ ਮਾਰਚ
Publish Date: Sat, 13 Jun 2026 04:13 PM (IST)
Updated Date: Sat, 13 Jun 2026 04:15 PM (IST)

ਭਾਕਿਯੂ ਬਹਿਰਮਾਕੇ ਨੇ ਵੀ ਕੀਤੀ ਸ਼ਮੂਲੀਅਤ ਪੰਜਾਬੀ ਜਾਗਰਣ ਟੀਮ, ਰੂਪਨਗਰ/ਘਨੌਲੀ : ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਦਿੱਤਾ ਜਾ ਰਿਹਾ ਰੋਸ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਧਰਨਾ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੱਕ 15 ਜੂਨ ਤੋਂ ਬਾਅਦ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਆਉਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਲਗਾਤਾਰ ਦਿਨ-ਰਾਤ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਦੌਰਾਨ ਬੀਤੇ ਦਿਨ ਸਾਂਝਾ ਮੰਚ ਵੱਲੋਂ ਨੂੰਹੋਂ ਕਲੌਨੀ ਵਿਖੇ ਝੰਡਾ ਮਾਰਚ ਕੀਤਾ ਗਿਆ ਸੀ, ਜਦਕਿ ਸ਼ਨੀਵਾਰ ਨੂੰ ਰੂਪਨਗਰ ਵਿਖੇ ਝੰਡਾ ਮਾਰਚ ਕੀਤਾ ਗਿਆ। ਇਸ ਝੰਡਾ ਮਾਰਚ ਦੌਰਾਨ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਵੱਲੋਂ ਵੀ ਸਾਥੀਆਂ ਸਮੇਤ ਕੰਟਰੈਕਟਰ ਵਰਕਰਾਂ ਦੇ ਸਮਰਥਨ ਵਿਚ ਕਿਸਾਨ ਯੂਨੀਅਨ ਦੇ ਝੰਡੇ ਸਮੇਤ ਸ਼ਮੂਲੀਅਤ ਕੀਤੀ ਗਈ। ਇਹ ਝੰਡਾ ਮਾਰਚ ਰੂਪਨਗਰ ਰਾਮਲੀਲਾ ਮੈਦਾਨ ਤੋਂ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੀ ਅਗਵਾਈ ਹੇਠ ਭਾਕਿਯੂ ਦੇ ਨਾਲ ਮਿਲ ਕੇ ਸ਼ੂਰੁ ਕੀਤਾ ਗਿਆ। ਇਹ ਮਾਰਚ ਮੇਨ ਬਜ਼ਾਰ ਤੋਂ ਹੁੰਦੇ ਹੋਏ ਕਲਿਆਣ ਸਿਨੇਮਾ, ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ), ਲਹਿਰੀ ਸ਼ਾਹ ਮੰਦਰ ਤੋਂ ਹੋ ਕੇ ਮੁੜ ਰਾਮਲੀਲਾ ਮੈਦਾਨ ਵਿਖੇ ਸਮਾਪਤ ਹੋਇਆ। ਇਸ ਝੰਡਾ ਮਾਰਚ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ, ਕੱਚੇ ਕਾਮੇ ਪੱਕੇ ਕਰੋ , ਕੀਤੇ ਵਾਅਦੇ ਪੂਰੇ ਕਰੋ ਆਦਿ ਨਾਅਰਿਆਂ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਝੰਡਾ ਮਾਰਚ ਕੱਲ ਨੂੰ ਘਨੌਲੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਵੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਦੇ ਕੰਟਰੈਕਟਰ ਵਰਕਰ 15 ਜੂਨ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਰੂਪਨਗਰ, ਲਹਿਰਾ, ਗੋਇੰਦਵਾਲ ਅਤੇ ਹਾਈਡਲ ਪ੍ਰੋਜੈਕਟਾਂ ਦੇ ਕਈ ਯੂਨਿਟ ਬੰਦ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪੈਦਾ ਹੋਣ ਵਾਲੇ ਬਿਜਲੀ ਸੰਕਟ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਮੈਨੇਜਮੈਂਟ ਦੀ ਹੋਵੇਗੀ। ਉਨ੍ਹਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ। ਇਸ ਧਰਨੇ ਨੂੰ ਸਾਂਝਾ ਮੰਚ ਦੇ ਜਸਕਰਨ ਸਿੰਘ ਮੀਤ ਪ੍ਰਧਾਨ, ਮਾ.ਬਲਬੀਰ ਸਿੰਘ ਸਲਾਹਕਾਰ, ਪਰਗਟ ਸਿੰਘ ਘਨੌਲੀ ਪ੍ਰੈੱਸ ਸਕੱਤਰ, ਬਲਵਿੰਦਰ ਸਿੰਘ ਸਸਕੌਰ ਜਨਰਲ ਸਕੱਤਰ, ਗੁਰਵਿੰਦਰ ਸਿੰਘ ਘਨੌਲੀ, ਮਨਪ੍ਰੀਤ ਸਿੰਘ, ਗੁਲਸ਼ਨ (ਸਾਰੇਮੈਂਬਰ), ਰਾਮਾਨੰਦ ਡਵਿਜ਼ਨ ਪ੍ਰਧਾਨ ਸਿਵਲ ਅਤੇ ਕੈਪਟਨ ਅਮਰਿੰਦਰ ਸਿੰਘ, ਬਿਕਰਮਜੀਤ ਸਿੰਘ, ਗਣੇਸ ਕੁਮਾਰ (ਸਾਰੇ ਮੈਂਬਰ) ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੀਰਾ, ਮੀਤ ਪ੍ਰਧਾਨ ਕਰਣਵੀਰ ਸਿੰਘ, ਮੀਡੀਆ ਇੰਚਾਰਜ ਗੁਰਮੀਤ ਸਿੰਘ ਮੀਤਾ, ਇਕਾਈ ਪ੍ਰਧਾਨ ਸਦਾਗਰ ਸਿੰਘ, ਰੁਪਿੰਦਰਪਾਲ ਸਿੰਘ ਫੂਲ, ਪ੍ਰੈੱਸ ਸਕੱਤਰ ਚਰਨਜੀਤ ਸਿੰਘ ਚੰਨੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।