ਰੂਪਨਗਰ ਦੀ ਡ੍ਰੇਨੇਜ ਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਵਿਧਾਇਕ ਨੇ ਕੀਤੀ ਵਿਸ਼ੇਸ਼ ਬੈਠਕ
ਰੂਪਨਗਰ ਸ਼ਹਿਰ ਦੀ ਡ੍ਰੇਨੇਜ ਅਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਵਿਸ਼ੇਸ਼ ਮੀਟਿੰਗ
Publish Date: Fri, 12 Jun 2026 03:40 PM (IST)
Updated Date: Fri, 12 Jun 2026 03:41 PM (IST)

ਸਟਾਫ਼ ਰਿਪੋਰਟਰ, ਪੰਜਜਾਬੀ ਜਾਗਰਣ, ਰੂਪਨਗਰ : ਰੂਪਨਗਰ ਸ਼ਹਿਰ ਵਿਚ ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ ਓਵਰਫਲੋਅ ਅਤੇ ਬਰਸਾਤੀ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ ਨਗਰ ਕੌਂਸਲ ਦੇ ਨਵੇਂ ਚੁਣੇ ਹੋਏ ਕੌਂਸਲਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪਾਣੀ ਦੀ ਨਿਕਾਸੀ ਨਾਲ ਜੁੜੀਆਂ ਸਮੱਸਿਆਵਾਂ, ਡ੍ਰੇਨੇਜ ਨੈੱਟਵਰਕ ਦੀ ਮੌਜੂਦਾ ਸਮਰੱਥਾ ਅਤੇ ਸੀਵਰੇਜ ਪ੍ਰਬੰਧਨ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਸਮੂਹ ਕੌਂਸਲਰਾਂ ਤੋਂ ਉਨ੍ਹਾਂ ਦੇ ਵਾਰਡਾਂ ਵਿਚ ਪੇਸ਼ ਆ ਰਹੀਆਂ ਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਉਪਰੰਤ ਉਨ੍ਹਾਂ ਨੇ ਅਧਿਕਾਰੀਆਂ ਨੂੰ ਸ਼ਹਿਰ ਦੀ ਡ੍ਰੇਨੇਜ ਅਤੇ ਸੀਵਰੇਜ ਪ੍ਰਣਾਲੀ ਦਾ ਤਕਨੀਕੀ ਮੁਲਾਂਕਣ ਕਰਕੇ ਕਮਜ਼ੋਰ ਬਿੰਦੂਆਂ ਦੀ ਪਛਾਣ ਕਰਨ ਅਤੇ ਤੁਰੰਤ ਸੁਧਾਰ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਵਿਧਾਇਕ ਨੇ ਖ਼ਾਸ ਤੌਰ ਤੇ ਨਿਰਦੇਸ਼ ਦਿੱਤੇ ਕਿ ਸ਼ਹਿਰ ਦੀਆਂ 50 ਅਹਿਮ ਥਾਵਾਂ, ਜਿੱਥੇ ਬਰਸਾਤ ਦੌਰਾਨ ਪਾਣੀ ਖੜ੍ਹਨ ਜਾਂ ਨਿਕਾਸੀ ਪ੍ਰਭਾਵਿਤ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ, ਉਥੇ ਡ੍ਰੇਨੇਜ ਪ੍ਰਣਾਲੀ ਦੀ ਸਮਰੱਥਾ ਵਧਾਉਣ ਲਈ ਤੁਰੰਤ ਉਪਰਾਲੇ ਸ਼ੁਰੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਤੇ ਡ੍ਰੇਨਾਂ ਦੀ ਚੌੜਾਈ ਅਤੇ ਗਹਿਰਾਈ ਦਾ ਮੁੜ ਮੁਲਾਂਕਣ, ਪਾਣੀ ਦੇ ਵਹਾਅ ਦੀ ਸਮਰੱਥਾ ਵਿੱਚ ਵਾਧਾ, ਸਿਲਟ ਹਟਾਉਣ, ਚੋਕ ਪੁਆਇੰਟਾਂ ਦੀ ਪਛਾਣ ਅਤੇ ਲੋੜ ਅਨੁਸਾਰ ਨਵੀਆਂ ਨਿਕਾਸੀ ਲਾਈਨਾਂ ਵਿਛਾਉਣ ਸਬੰਧੀ ਯੋਜਨਾਬੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਸਾਡੀ ਪ੍ਰਮੁੱਖ ਜ਼ਿੰਮੇਵਾਰੀ ਹੈ। ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਕਿਸੇ ਵੀ ਨਾਗਰਿਕ ਨੂੰ ਬਰਸਾਤੀ ਮੌਸਮ ਦੌਰਾਨ ਪਾਣੀ ਭਰਨ ਜਾਂ ਨਿਕਾਸੀ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਪੂਰੇ ਸ਼ਹਿਰ ਦਾ ਸਰਵੇਖਣ ਕਰਕੇ ਇੱਕ ਵਿਸਥਾਰਤ ਤਕਨੀਕੀ ਰਿਪੋਰਟ ਤਿਆਰ ਕਰਨ ਅਤੇ ਜਲਦ ਤੋਂ ਜਲਦ ਪੇਸ਼ ਕਰਨ ਲਈ ਵੀ ਕਿਹਾ, ਤਾਂ ਜੋ ਲੋੜੀਂਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ ਤੇ ਲਾਗੂ ਕੀਤਾ ਜਾ ਸਕੇ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ, ਸਮੂਹ ਕੌਂਸਲਰ ਅਤੇ ਪਾਰਟੀ ਦੇ ਆਗੂ ਹਾਜ਼ਰ ਸਨ।