ਬਰਸਾਤ ਤੋਂ ਪਹਿਲਾਂ ਸਤਲੁਜ ਦਰਿਆ ’ਚ ਡਰੇਨ ਬਣਾਉਣ ਦੀ ਮੰਗ
ਬਰਸਾਤ ਤੋਂ ਪਹਿਲਾਂ ਸਤਲੁਜ ਦਰਿਆ ’ਚ ਡਰੇਨ ਬਣਾਉਣ ਦੀ ਮੰਗ
Publish Date: Fri, 12 Jun 2026 03:37 PM (IST)
Updated Date: Fri, 12 Jun 2026 03:38 PM (IST)

ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਅਗਾਊ ਪ੍ਰਬੰਧਾਂ ਦੇ ਦਾਅਵੇ ਖੋਖਲੇ: ਇਲਾਕਾ ਵਾਸੀ ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਗਰਣ ਬੇਲਾ : ਪਿੰਡ ਬਜੀਦਪੁਰ, ਰਸੀਦਪੁਰ, ਧੂੰਮੇਵਾਲ, ਸਲਾਹਪੁਰ ਸਮੇਤ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਅਗਾਊਂ ਪ੍ਰਬੰਧਾਂ ਦੇ ਦਾਅਵਿਆਂ ਨੂੰ ਖੋਖਲੇ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੁੱਢਲੇ ਪ੍ਰਬੰਧ ਵੀ ਪੂਰੇ ਨਹੀਂ ਕੀਤੇ ਗਏ, ਅਗਾਊਂ ਪ੍ਰਬੰਧ ਤਾਂ ਦੂਰ ਦੀ ਗੱਲ ਹੈ, ਜਦੋਂ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਦਰਿਆ ਦੇ ਬੰਨ੍ਹ ਨੂੰ ਬਚਾਉਣ ਲਈ ਪੱਥਰਾਂ ਦੇ ਸਟੱਡ, ਠੋਕਰਾਂ ਅਤੇ ਸੁਰੱਖਿਆ ਦੀਵਾਰਾਂ ਦਾ ਕੰਮ ਜੋ ਕਿ ਪਹਿਲਾਂ ਹੀ ਬਹੁਤ ਪਛੜ ਕੇ ਸ਼ੁਰੂ ਕੀਤਾ ਗਿਆ ਸੀ, ਅੱਧ ਵਿਚਕਾਰ ਲਟਕਿਆ ਹੋਇਆ ਹੈ। ਇਹ ਕੰਮ ਅਜੇ ਵੀ ਸਿਰੇ ਨਹੀਂ ਚੜ੍ਹਿਆ। ਨੰਬਰਦਾਰ ਗੁਲਜਾਰ ਸਿੰਘ ਬਜੀਦਪੁਰ, ਮਨਿੰਦਰਜੀਤ ਸਿੰਘ, ਜਸਵਿੰਦਰ ਸਿੰਘ ਜੱਸਾ, ਰਜਿੰਦਰ ਸਿੰਘ ਰਸੀਦਪੁਰ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਦੌਰਾਨ ਦਾਊਦਪੁਰ ਵਿਖੇ ਬੰਨ੍ਹ ਨੂੰ ਸਤਲੁੱਜ ਦਰਿਆ ਦੇ ਪਾਣੀ ਦੀ ਢਾਹ ਲੱਗੀ ਸੀ, ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਤਲੁੱਜ ਦਰਿਆ ਵਿਚ ਬਲਾਚੌਰ ਵਾਲੇ ਪਾਸੇ ਵਣ ਵਿਭਾਗ ਦੀ ਜ਼ਮੀਨ ’ਤੇ ਡਰੇਨ ਬਣਾਉਣ ਅਤੇ ਰੇਤਾ ਚਕਾਉਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਨਾ ਤਾਂ ਹੁਣ ਤੱਕ ਉੱਥੇ ਕੋਈ ਡਰੇਨ ਪੁੱਟੀ ਗਈ ਹੈ ਅਤੇ ਨਾ ਹੀ ਰੇਤਾ ਚੁਕਵਾਇਆ ਗਿਆ ਹੈ। ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਪਿੰਡਾਂ ਦੇ ਮੋਹਤਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਜਲ ਨਿਕਾਸ-ਕਮ-ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਦਰਜਨ ਤੋਂ ਵੱਧ ਵਾਰ ਮੀਟਿੰਗਾਂ ਕਰ ਚੁੱਕੇ ਹਨ, ਅਧਿਕਾਰੀ ਕਈ ਵਾਰ ਮੌਕਾ ਵੀ ਦੇਖ ਚੁੱਕੇ ਹਨ ਪ੍ਰੰਤੂ ਸਿਵਾਏ ਲਾਰਿਆਂ ਤੋਂ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਤੇ ਮਹੀਨੇ ਅਪ੍ਰੈਲ ਵਿਚ ਡਰੇਨ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਲੋਕਾਂ ਨੂੰ ਆਸ ਬੱਝੀ ਸੀ ਪ੍ਰੰਤੂ 4 ਅਪ੍ਰੈਲ ਨੂੰ ਹੀ ਕੰਮ ਬੰਦ ਹੋ ਗਿਆ ਜੋ ਮੁੜ ਨਹੀਂ ਚੱਲਿਆ। ਉਨ੍ਹਾਂ ਕਿਹਾਕਿ ਪਿਛਲੇ ਦਿਨੀ ਮਾਈਨਿੰਗ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨੇ ਹੋਰ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ ਸੀ, ਜਿਨ੍ਹਾਂ ਨੂੰ ਇਲਾਕੇ ਦੇ ਲੋਕਾਂ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੂਜੇ ਪਾਸੇ ਤੋਂ ਰੇਤਾ ਚੁੱਕ ਕੇ ਪਾਣੀ ਦਾ ਵਹਾਅ ਉੱਧਰ ਨਹੀਂ ਮੋੜਿਆ ਜਾਂਦਾ, ਉਦੋਂ ਤੱਕ ਇਸ ਪਾਸੇ ਜਿੰਨੀਆਂ ਮਰਜ਼ੀ ਠੋਕਰਾਂ ਬਣਾਈਆਂ ਜਾਣ ਹੜ੍ਹਾਂ ਦੇ ਪਾਣੀ ਅੱਗੇ ਸਭ ਬੇਅਰਥ ਹੋ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਲਗਾਏ ਜਾ ਰਹੇ ਪੱਥਰਾਂ ਦੇ ਸਟੱਡ ਬਣਾਉਣ ਬਾਰੇ ਵੀ ਜਾਣੂ ਕਰਵਾਇਆ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਪੱਥਰਾਂ ਦੀਆਂ ਜੋ ਠੋਕਰਾਂ ਬਣਾਈਆਂ ਵੀ ਜਾ ਰਹੀਆਂ ਹਨ, ਉਨ੍ਹਾਂ ਦੀ ਉੱਚਾਈ ਵੀ ਬਹੁਤ ਘੱਟ ਹੈ ਜੋ ਕਿ ਪਹਿਲੀ ਹੀ ਬਰਸਾਤ ਦੇ ਪਾਣੀ ਵਿਚ ਡੁੱਬ ਜਾਣਗੀਆਂ ਅਤੇ ਦਰਿਆ ਦੇ ਬੰਨ੍ਹਾਂ ਨੂੰ ਖਤਰਾ ਪੈਦਾ ਹੋ ਜਾਵੇਗਾ। ਉਨ੍ਹਾਂ ਠੋਕਰਾਂ ਅਤੇ ਸੁਰੱਖਿਆ ਦੀਵਾਰ ‘ਤੇ ਘੱਟ ਤੋਂ ਘੱਟ ਚਾਰ ਫੁੱਟ ਹੋਰ ਉੱਚਾ ਪੱਥਰ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਇਲਾਕਾ ਵਾਸੀਆਂ ਨੇ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਡਰੇਨ ਬਣਾਉਣ ਦਾ ਕੰਮ ਮੁਕੰਮਲ ਕਰਨ ਦੀ ਮੰਗ ਕੀਤੀ ਅਤੇ ਅਧਿਕਾਰੀਆਂ ਨੇ ਕੰਮ ਜਲਦੀ ਨੇਪਰੇ ਚੜਾਉਣ ਦਾ ਵਾਅਦਾ ਕੀਤਾ। ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਮਨਿੰਦਰਜੀਤ ਸਿੰਘ ਰਾਜਾ, ਨੰਬਰਦਾਰ ਗੁਲਜਾਰ ਸਿੰਘ, ਨੰਬਰਦਾਰ ਅਮਰੀਕ ਸਿੰਘ, ਸਾਬਕਾ ਸਰਪੰਚ ਰਜਿੰਦਰ ਸਿੰਘ ਰਸੀਦਪੁਰ, ਕਰਨੈਲ ਸਿੰਘ ਬਜੀਦਪੁਰ, ਬਲਜੀਤ ਸਿੰਘ ਰਸੀਦਪੁਰ ਮੰਡ, ਸਾਬਕਾ ਮੈਂਬਰ ਪੰਚਾਇਤ ਸਤਦੇਵ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ ਚੰਨੀ, ਮਨਜੀਤ ਸਿੰਘ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।