17.42 ਕਰੋੜ ਨਾਲ ਜੰਗੀ ਪੱਧਰ ’ਤੇ ਜਾਰੀ ਸੜਕ ਦਾ ਨਵੀਨੀਕਰਨ
ਸੰਤ ਅਜੀਤ ਸਿੰਘ ਮਾਰਗ ਨੂਰਪੁਰਬੇਦੀ ਬੂੰਗਾ ਸਾਹਿਬ ਸੜਕ ਦਾ ਨਵੀਨੀਕਰਨ ਜੰਗੀ ਪੱਧਰ 'ਤੇ ਜਾਰੀ
Publish Date: Wed, 17 Jun 2026 04:31 PM (IST)
Updated Date: Wed, 17 Jun 2026 04:33 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਤੋਂ ਬੂੰਗਾ ਸਾਹਿਬ ਨੂੰ ਜੋੜਨ ਵਾਲੇ ਮਹੱਤਵਪੂਰਨ ਮਾਰਗ ‘ਸੰਤ ਅਜੀਤ ਸਿੰਘ ਮਾਰਗ’ ਦਾ ਨਵੀਨੀਕਰਨ ਅਤੇ ਵਿਸਥਾਰ ਕੰਮ ਇਨ੍ਹਾਂ ਦਿਨਾਂ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਲੰਬੇ ਸਮੇਂ ਤੋਂ ਖਸਤਾ ਹਾਲਤ ਦਾ ਸ਼ਿਕਾਰ ਰਹੀ ਇਸ ਸੜਕ ਕਾਰਨ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹਾਦਸਿਆਂ ਦਾ ਖਤਰਾ ਵੀ ਲਗਾਤਾਰ ਬਣਿਆ ਰਹਿੰਦਾ ਸੀ। ਸਾਲ 2014 ਦੌਰਾਨ ਸੜਕ ਦੀ ਕੇਵਲ ਮੁਰੰਮਤ ਕੀਤੀ ਗਈ ਸੀ, ਪਰ ਕੁਝ ਸਮੇਂ ਬਾਅਦ ਇਹ ਮੁੜ ਖਰਾਬ ਹੋ ਗਈ ਸੀ। ਹੁਣ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਇਸ ਮਾਰਗ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਤਹਿਤ ਸੜਕ ਦੀ ਚੌੜਾਈ 18 ਫੁੱਟ ਤੋਂ ਵਧਾ ਕੇ 23 ਫੁੱਟ ਕੀਤੀ ਜਾ ਰਹੀ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਹੋਰ ਸੁਚਾਰੂ ਅਤੇ ਸੁਰੱਖਿਅਤ ਬਣੇਗੀ। ਇਹ ਮਾਰਗ ਨੂਰਪੁਰਬੇਦੀ ਖੇਤਰ ਨੂੰ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਰੂਟ ਨਾਲ ਜੋੜਦਾ ਹੈ, ਜਿਸ ਕਾਰਨ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਮੌਜੂਦਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਸ ਸੜਕ ਦਾ ਨਾਮ ਸਾਬਕਾ ਵਿਧਾਇਕ ਅਤੇ ਪ੍ਰਸਿੱਧ ਧਾਰਮਿਕ ਸ਼ਖਸੀਅਤ ਸੰਤ ਬਾਬਾ ਅਜੀਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ। ਜੋ ਕਿ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਨ। ਇਸ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਦਿੱਤਾ ਗਿਆ ਸਨਮਾਨ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐੱਸ.ਐੱਸ. ਭੁੱਲਰ ਨੇ ਦੱਸਿਆ ਕਿ ਸੜਕ ਦੀ ਕੁੱਲ ਲੰਬਾਈ 10.870 ਕਿਲੋਮੀਟਰ ਹੈ ਅਤੇ ਇਸ ਦੇ ਨਿਰਮਾਣ ਤੇ ਲਗਭਗ 17.42 ਕਰੋੜ ਰੁਪਏ ਦੀ ਲਾਗਤ ਆਵੇਗੀ। ਪ੍ਰੋਜੈਕਟ ਤਹਿਤ 42 ਮੀਟਰ ਲੰਬੀ ਅਤੇ ਮਜ਼ਬੂਤ ਰਿਟੇਨਿੰਗ ਵਾਲ ਵੀ ਬਣਾਈ ਜਾ ਰਹੀ ਹੈ, ਜੋ ਸੜਕ ਦੇ ਕੰਢਿਆਂ ਨੂੰ ਖਿਸਕਣ ਤੋਂ ਬਚਾਉਣ ਦੇ ਨਾਲ-ਨਾਲ ਮਾਰਗ ਦੀ ਸਥਿਰਤਾ ਨੂੰ ਵੀ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ ਸੜਕ ਦੇ ਬੇਸ ਕੋਰਸ, ਸਬ-ਬੇਸ ਲੇਅਰ, ਡਰੇਨੇਜ ਪ੍ਰਬੰਧ ਅਤੇ ਉੱਚ ਗੁਣਵੱਤਾ ਵਾਲੀ ਬਿਟੂਮਿਨਸ ਸਤ੍ਹਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸੜਕ ਦੀ ਉਮਰ ਅਤੇ ਟਿਕਾਊਪਨ ਵਿੱਚ ਵਾਧਾ ਹੋ ਸਕੇ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਆਵਾਜਾਈ ਸੁਗਮ ਹੋਵੇਗੀ, ਸਗੋਂ ਹਾਦਸਿਆਂ ਵਿੱਚ ਵੀ ਕਮੀ ਆਵੇਗੀ ਅਤੇ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।