ਨੰਗਲ 'ਚ ਸਿਆਸੀ ਉਬਾਲ, ਰਾਣਾ ਕੇਪੀ ਸਿੰਘ ਦੀ ਅਗਵਾਈ 'ਚ ਕਾਂਗਰਸੀਆਂ ਨੇ ਕੀਤਾ ਥਾਣੇ ਦਾ ਘਿਰਾਓ; ਧੱਕੇਸ਼ਾਹੀ ਦਾ ਲਾਇਆ ਦੋਸ਼
ਨੰਗਲ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਤੋਂ ਠੀਕ ਪਹਿਲਾਂ ਕਾਂਗਰਸੀ ਆਗੂਆਂ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਪੁਲਿਸ ਥਾਣੇ ਅੱਗੇ ਧਰਨਾ ਦੇ ਕੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਨੇ ਥਾਣਾ ਕੰਪਲੈਕਸ ਦੇ ਬਾਹਰ ਬੈਠ ਕੇ ਨਾਅਰੇਬਾਜ਼ੀ ਕੀਤੀ ਅਤੇ ਜੇਤੂ ਕੌਂਸਲਰਾਂ ਨਾਲ ਕਥਿਤ ਧੱਕੇਸ਼ਾਹੀ ਅਤੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
Publish Date: Tue, 07 Jul 2026 01:37 PM (IST)
Updated Date: Tue, 07 Jul 2026 01:58 PM (IST)
ਜਾਗਰਣ ਪ੍ਰਤੀਨਿਧ, ਨੰਗਲ - ਨੰਗਲ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਤੋਂ ਠੀਕ ਪਹਿਲਾਂ ਕਾਂਗਰਸੀ ਆਗੂਆਂ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਪੁਲਿਸ ਥਾਣੇ ਅੱਗੇ ਧਰਨਾ ਦੇ ਕੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਨੇ ਥਾਣਾ ਕੰਪਲੈਕਸ ਦੇ ਬਾਹਰ ਬੈਠ ਕੇ ਨਾਅਰੇਬਾਜ਼ੀ ਕੀਤੀ ਅਤੇ ਜੇਤੂ ਕੌਂਸਲਰਾਂ ਨਾਲ ਕਥਿਤ ਧੱਕੇਸ਼ਾਹੀ ਅਤੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਇਸ ਧਰਨੇ 'ਚ ਕਾਂਗਰਸ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੇ ਨਾਲ ਵੱਡੀ ਗਿਣਤੀ 'ਚ ਪਾਰਟੀ ਅਹੁਦੇਦਾਰ ਅਤੇ ਸਮਰਥਕ ਵੀ ਮੌਜੂਦ ਹਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਜੇਤੂ ਕੌਂਸਲਰਾਂ ਨਾਲ ਕਥਿਤ ਤੌਰ 'ਤੇ ਧੱਕੇਸ਼ਾਹੀ ਕੀਤੀ ਗਈ, ਜਿਸ ਦੇ ਵਿਰੋਧ 'ਚ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ।
ਜ਼ਿਕਰਯੋਗ ਹੈ ਕਿ ਅੱਜ ਦੁਪਹਿਰ 12 ਵਜੇ ਨੰਗਲ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਤੈਅ ਹੈ। ਹਾਲਾਂਕਿ, ਇਸ ਅਹਿਮ ਬੈਠਕ 'ਚ ਸ਼ਾਮਲ ਹੋਣ ਦੀ ਬਜਾਏ ਕਾਂਗਰਸ ਦੇ ਸਾਰੇ ਨਵੇਂ ਚੁਣੇ ਗਏ ਕੌਂਸਲਰ ਰਾਣਾ ਕੇਪੀ ਸਿੰਘ ਦੇ ਨਾਲ ਧਰਨੇ 'ਤੇ ਬੈਠ ਗਏ, ਜਿਸ ਨਾਲ ਨਗਰ ਕੌਂਸਲ ਦੇ ਗਠਨ ਦੀ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਹਲਚਲ ਹੋਰ ਤੇਜ਼ ਹੋ ਗਈ ਹੈ।
ਹਾਲ ਹੀ 'ਚ ਸੰਪੰਨ ਹੋਈਆਂ ਨੰਗਲ ਨਗਰ ਕੌਂਸਲ ਚੋਣਾਂ 'ਚ ਕੁੱਲ 19 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਨੇ 8, ਕਾਂਗਰਸ ਨੇ 8 ਅਤੇ ਭਾਜਪਾ ਨੇ 3 ਵਾਰਡਾਂ 'ਚ ਜਿੱਤ ਦਰਜ ਕੀਤੀ ਸੀ। ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਕਾਰਨ ਨਗਰ ਕੌਂਸਲ ਦੇ ਗਠਨ ਨੂੰ ਲੈ ਕੇ ਪਹਿਲਾਂ ਹੀ ਸਿਆਸੀ ਸਮੀਕਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ 'ਚ ਵੋਟਿੰਗ ਤੋਂ ਠੀਕ ਪਹਿਲਾਂ ਕਾਂਗਰਸ ਦਾ ਇਹ ਧਰਨਾ ਸਥਾਨਕ ਸਿਆਸਤ 'ਚ ਇੱਕ ਨਵੇਂ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।