- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਜਾਇਜ਼ ਮਾਈਨਿੰਗ ਖਿਲਾਫ ਭੜਕੇ ਪਿੰਡ ਭੱਲੜੀ ਦੇ ਲੋਕ

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਨੰਗਲ ਉਪ ਮੰਡਲ ਦੇ ਪਿੰਡ ਭੱਲੜੀ ਦੀ ਸਵਾਂ ਨਦੀ ਵਿੱਚ ਹੋ ਰਹੀ ਗੈਰ ਕਾਨੁੂੰਨੀ ਮਾਈਨੰਗ ਕਾਰਣ ਪਿੰਡ ਵਾਸੀਆਂ ਵਿੱਚ ਸ਼ਖਤ ਰੋਸ਼ ਪਾਇਆ ਜਾ ਰਿਹਾ ਹੈ। ਨਜਾਇਜ ਮਾਈਨਿੰਗ ਤੋਂ ਤੰਗ ਆ ਕੇ ਚੁੱਕੇ ਲੋਕਾਂ ਵਲੋਂ ਬੀਤੇ ਦਿਨੀ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਕਰ ਰਹੀਆਂ ਮਸ਼ੀਨਾ ਅਤੇ ਟਿੱਪਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪ੍ਰਸ਼ਾਸ਼ਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਸੀ। ਇਸ ਉਪਰੰਤ ਪਿੰਡ ਦੀ ਪੰਚਾਇਤ ਵਲੋਂ ਸਮੂਹ ਪਿੰਡ ਵਾਸੀਆਂ ਦਾ ਇੱਕ ਇਕੱਠ ਕੀਤਾ ਗਿਆ,ਜਿਸ ਵਿੱਚ ਸਮੂਹ ਪਿੰਡ ਵਾਸੀਆਂ ਨੇ ਇੱਕ ਸੁਰ ਵਿੱਚ ਮਾਈਨਿੰਗ ਨਾ ਹੋ ਦੇਣ ਦਾ ਅਹਿਦ ਕੀਤਾ। ਇਸ ਇਕੱਠ ਵਿੱਚ ਪਹੁੰਚੇ ਮਾਈਨਿੰਗ ਦੋਰਾਨ ਜ਼ਬਤ ਕੀਤੀ ਮਸ਼ੀਨਰੀ ਨੂੰ ਇਸ ਸ਼ਰਤ ’ਤੇ ਛੱਡ ਦਿੱਤਾ ਗਿਆ ਸੀ,ਕਿ ਇਥੇ ਮੁੜ ਤੋਂ ਮਾਈਨਿੰਗ ਨਹੀ ਕੀਤੀ ਜਾਵੇਗੀ। ਬੀਤੀ ਰਾਤ ਨੂੰ ਜਦੋਂ ਪਿੰਡ ਵਾਸੀਆਂ ਨੂੰ ਸਵਾਂ ਨਦੀ ਵਿੱਚ ਮੁੜ ਤੋਂ ਹੋ ਰਹੀ ਮਾਈਨਿੰਗ ਦੀ ਭਿਣਕ ਪਈ ਤਾਂ ਅੱਧੀ ਰਾਤ ਨੂੰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋਕੇ ਸੁਵਾਂ ਨਦੀ ਵਿੱਚ ਪਹੁੰਚ ਗਏ, ਜਿਥੇ ਉਨ੍ਹਾਂ ਲਾਈਵ ਹੋ ਕੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਗੋਤਾਖੌਰ ਕਮਲਪ੍ਰੀਤ ਸਿੰਘ ਸੈਣੀ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਕੇਸ਼ ਵਰਮਾ, ਸਾਬਕਾ ਸਰਪੰਚ ਹਰਪਾਲ ਸਿੰਘ,ਸਰਪੰਚ ਹੁਸ਼ਿਆਰ ਸਿੰਘ,ਰਣਜੀਤ ਸਿੰਘ ਸੈਣੀ,ਅਮਰੀਕ ਸਿੰਘ, ਫੋਰਮੈਨ ਨਰਿੰਜਣ ਸਿੰਘ,ਸੁਰਜੀਤ ਸਿੰਘ ਝਾਂਗਰਾ,ਜਗਬੀਰ ਸਿੰਘ ਜੱਗੀ ,ਹਰਪਾਲ ਸਿੰਘ,ਚਰਨ ਸਿੰਘ,ਮੇਜਰ ਸਿੰਘ, ਆਦਿ ਨੇ ਦੱਸਿਆਂ ਕਿ ਮਾਈਨਿੰਗ ਮਾਫੀਏ ਵਲੋਂ ਉਨ੍ਹਾਂ ਦੀਆਂ ਜਮੀਨਾ ’ਤੇ ਅੰਨੇਵਾਹ ਮਾਈਨਿੰਗ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਮਾਈਨਿੰਗ ਮਾਫੀਆਂ ਦੇ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜੇਕਰ ਕੋਈ ਵਿਆਕਤੀ ਮਾਈਨਿੰਗ ਰੁਕਵਾਉਣ ਲਈ ਆਇਆਂ ਤਾ ਆਪਣੀ ਜਾਨ ਦਾ ਆਪ ਜਿੰਮੇਵਾਰ ਹੋਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਦੇ ਕਹੇ ਅਨੁਸਾਰ ਜੇਕਰ ਮਾਈਨਿੰਗ ਲੀਗਲ ਹੈ ਤਾਂ ਮਾਈਨਿੰਗ ਰਾਤ ਦੇ ਹਨੇਰੇ ਵਿੱਚ ਹੀ ਕਿਉ ਕੀਤੀ ਜਾਦੀ ਹੈ,ਦਿਨੇ ਕਿਉਂ ਨਹੀ? ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਾਈਨਿੰਗ ਨਾ ਰੁੱਕੀ ਤਾਂ ਚੱਕਾ ਜਾਮ ਕੀਤਾ ਜਾਵੇਗਾ।ਉਨਾਂ ਦੋਸ਼ ਲਾਇਆਂ ਕਿ ਗੈਰ ਕਾਨੂੰਨੀ ਮਾਈਨਿੰਗ ਪ੍ਰਸ਼ਾਸ਼ਨ ਅਤੇ ਮਾਈਨਿੰਗ ਵਿਭਾਗ ਦੀ ਸਹਿ ’ਤੇ ਹੋ ਰਹੀ ਹੈ।
ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐਕਸੀਅਨ ਭਾਵੁਕ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਭਾਗ ਦੇ ਜੇਈ ਨੂੰ ਮੌਕਾ ਦੇਖਣ ਲਈ ਭੇਜਿਆਂ ਗਿਆ ਹੈ,ਉਸ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜੇਈ ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ ’ਤੇ ਚੈੱਕ ਕੀਤਾ ਗਿਆ ਤਾਂ ਮਾਈਨਿੰਗ ਨਾਜਾਇਜ਼ ਪਾਈ ਗਈ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।