ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ’ਚ ਨਿਹੰਗ ਸਿੰਘਾਂ ਵੱਲੋਂ 21 ਜੂਨ ਤੋਂ ਮੋਰਚੇ ਦੀ ਚਿਤਾਵਨੀ
ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ’ਚ ਨਿਹੰਗ ਸਿੰਘਾਂ ਵੱਲੋਂ 21 ਜੂਨ ਤੋਂ ਮੋਰਚੇ ਦੀ ਚਿਤਾਵਨੀ
Publish Date: Fri, 19 Jun 2026 04:38 PM (IST)
Updated Date: Fri, 19 Jun 2026 04:39 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ’ਤੇ ਵਸੂਲੇ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮਿਸਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਚਮਕੌਰ ਸਾਹਿਬ ਨਾਲ ਸਬੰਧਤ ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਜੇਕਰ ਸਰਕਾਰਾਂ ਵੱਲੋਂ ਇਸ ਮੁੱਦੇ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ 21 ਜੂਨ ਤੋਂ ਕੀਰਤਪੁਰ ਸਾਹਿਬ-ਮਨਾਲੀ ਮਾਰਗ ’ਤੇ ਦੁਬਾਰਾ ‘ਖਾਲਸਾ ਟੈਕਸ’ ਲਗਾਉਣ ਲਈ ਮਜਬੂਰ ਹੋਣਗੇ। ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਥੇਬੰਦੀ ਦੇ ਨੁਮਾਇੰਦੇ ਮਹਾਕਾਲ ਬਾਬਾ ਅੱਛਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 12 ਵਜੇ ਮੀਟਿੰਗ ਲਈ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਸੀ, ਪਰ ਲੰਬੇ ਸਮੇਂ ਤੱਕ ਉਡੀਕ ਕਰਨ ਦੇ ਬਾਵਜੂਦ ਕੋਈ ਅਧਿਕਾਰੀ ਗੱਲਬਾਤ ਲਈ ਨਹੀਂ ਪੁੱਜਿਆ। ਇਸ ਮਗਰੋਂ ਜਥੇਬੰਦੀ ਨੇ ਸਥਾਨਕ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਹੁਣ ਉਹ ਇਸ ਮਾਮਲੇ ’ਤੇ ਸਿੱਧੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕਰਨਾ ਚਾਹੁੰਦੇ ਹਨ ਕਿਉੰ ਕੇ ਇਸ ਮਸਲੇ ਦਾ ਹੱਲ ਸਰਕਾਰ ਦੇ ਪੱਧਰ ’ਤੇ ਹੀ ਕੀਤਾ ਜਾ ਸਕਦਾ ਹੈ। ਨਿਹੰਗ ਸਿੰਘਾਂ ਦਾ ਦੋਸ਼ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਲੋਕਾਂ ਤੋਂ ਵਸੂਲੇ ਜਾ ਰਹੇ ਟੈਕਸ ਆਮ ਲੋਕਾਂ ’ਤੇ ਵਾਧੂ ਆਰਥਿਕ ਬੋਝ ਬਣ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹੋਰ ਰਾਜਾਂ ਤੋਂ ਹਿਮਾਚਲ ਜਾਣ ਵਾਲੇ ਯਾਤਰੀਆਂ ਨੂੰ ਇਨ੍ਹਾਂ ਵਸੂਲੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਇਨ੍ਹਾਂ ਟੈਕਸਾਂ ਨੂੰ ‘ਜਜ਼ੀਆ’ ਅਤੇ ‘ਗੁੰਡਾ ਟੈਕਸ’ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਸ ਮਾਮਲੇ ’ਤੇ ਲੋਕਾਂ ਵਿੱਚ ਵੱਡੀ ਪੱਧਰ ’ਤੇ ਨਾਰਾਜ਼ਗੀ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਲਗਾਏ ਜਾਣ ਵਾਲੇ ਪ੍ਰਸਤਾਵਿਤ ‘ਖਾਲਸਾ ਟੈਕਸ’ ਤੋਂ ਪ੍ਰਾਪਤ ਰਕਮ ਨੂੰ ਸਰਬੱਤ ਦੇ ਭਲੇ ਅਤੇ ਲੋਕ-ਭਲਾਈ ਦੇ ਕਾਰਜਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਤੋਂ ਜ਼ਬਰਦਸਤੀ ਰਕਮ ਨਹੀਂ ਲਈ ਜਾਵੇਗੀ, ਸਗੋਂ ਲੋਕਾਂ ਨੂੰ ਸੇਵਾ ਦੇ ਰੂਪ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾਵੇਗੀ। ਨਿਹੰਗ ਸਿੰਘਾਂ ਨੇ ਆਪਣੇ ਇਸ ਕਦਮ ਨੂੰ ਸਿੱਖ ਇਤਿਹਾਸ ਨਾਲ ਜੋੜਦਿਆਂ ਕਿਹਾ ਕਿ ਉਹ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨਾਲ ਸਬੰਧਤ ਇਤਿਹਾਸਕ ਪ੍ਰੰਪਰਾ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 21 ਜੂਨ ਤੱਕ ਸਰਕਾਰ ਵੱਲੋਂ ਕੋਈ ਸਕਾਰਾਤਮਕ ਫ਼ੈਸਲਾ ਨਾ ਲਿਆ ਗਿਆ ਤਾਂ ਕੀਰਤਪੁਰ ਸਾਹਿਬ ਨੇੜੇ ਐਨਐਚਏਆਈ ਟੋਲ ਪਲਾਜ਼ਾ ਦੇ ਕੋਲ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਸ਼ਸਤਰ ਧਾਰਨ ਕਰਨ ਦੇ ਆਪਣੇ ਅਧਿਕਾਰ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਹਨ। ਉਨ੍ਹਾਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਘਟਨਾ ਸਬੰਧੀ ਫ਼ੈਸਲਾ ਕਰਨ ਤੋਂ ਪਹਿਲਾਂ ਪੂਰੀ ਜਾਂਚ ਕੀਤੀ ਜਾਵੇ ਅਤੇ ਕਿਸੇ ਭਾਈਚਾਰੇ ਨੂੰ ਬਿਨਾਂ ਕਾਰਨ ਨਿਸ਼ਾਨਾ ਨਾ ਬਣਾਇਆ ਜਾਵੇ। ਜਥੇਬੰਦੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਮੁਹਿੰਮ ਨੂੰ ਸਥਾਨਕ ਲੋਕਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਮੌਜੂਦ ਸਨ।