ਸੀਵਰੇਜ ਪਾਈਪ ਲਾਈਨ ਬਲਾਕ ਹੋਣ ਕਾਰਨ ਸੜਕ ਬਣੀ ਛੱਪੜ, ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਗੁਰਦੁਆਰਾ ਪਤਾਲਪੁਰੀ ਸਾਹਿਬ ਨੂੰ ਜਾਂਦੀ ਲਿੰਕ ਸੜਕ 'ਤੇ ਖੜ੍ਹੇ ਗੰਦੇ ਪਾਣੀ ਤੋਂ ਸਥਾਨਕ ਲੋਕ ਅਤੇ ਸ਼ਰਧਾਲੂ ਪਰੇਸ਼ਾਨ
Publish Date: Mon, 13 Jul 2026 04:53 PM (IST)
Updated Date: Mon, 13 Jul 2026 04:54 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਵਿਸ਼ਵ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਪਾਈ ਹੋਈ ਸੀਵਰੇਜ ਪਾਈਪ ਲਾਈਨ ਕਈ ਦਿਨਾਂ ਤੋਂ ਬਲਾਕ ਹੋ ਜਾਣ ਕਾਰਨ ਗੰਦਾ ਪਾਣੀ ਬਾਹਰ ਆ ਕੇ ਲਿੰਕ ਸੜਕ ਉੱਪਰ ਇਕੱਠਾ ਹੋ ਰਿਹਾ ਹੈ। ਇਸ ਕਾਰਨ ਜਿੱਥੇ ਸਥਾਨਕ ਦੁਕਾਨਦਾਰਾਂ, ਰਾਹਗੀਰਾਂ ਅਤੇ ਪਿੰਡ ਕਲਿਆਣਪੁਰ ਹੇਠਲੇ ਬਾਸ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੇਸ਼-ਵਿਦੇਸ਼ ਤੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਵੀ ਗੰਦੇ ਪਾਣੀ ਅਤੇ ਬਦਬੂ ਵਿਚੋਂ ਲੰਘ ਕੇ ਗੁਰਦੁਆਰਾ ਸਾਹਿਬ ਤੱਕ ਪਹੁੰਚਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਧਾਰਮਿਕ ਪੱਖੋਂ ਬਹੁਤ ਮਹੱਤਵਪੂਰਨ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੇ ਅਸਥ ਜਲ ਪ੍ਰਵਾਹ ਕਰਨ ਲਈ ਇੱਥੇ ਆਉਂਦੇ ਹਨ, ਅਜਿਹੇ ਪਵਿੱਤਰ ਸਥਾਨ ਵੱਲ ਜਾਂਦੀ ਸੜਕ ਦਾ ਇਸ ਤਰ੍ਹਾਂ ਗੰਦੇ ਪਾਣੀ ਨਾਲ ਭਰਿਆ ਹੋਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਗੁਰਦੁਆਰਾ ਪਤਾਲਪੁਰੀ ਸਾਹਿਬ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਸਥਿਤ ਬਰਤਨ ਮਾਰਕੀਟ ਦੇ ਦੁਕਾਨਦਾਰ ਜਸਕਰਨ ਸਿੰਘ, ਜੋਗਿੰਦਰ ਸਿੰਘ ਬਾਬਾ, ਜਗਤ ਸਿੰਘ, ਸ਼ਿਵਾ, ਸਤਵਿੰਦਰ ਸਿੰਘ, ਬੰਤ ਸਿੰਘ ਬੁੰਗਾ, ਰਵਿੰਦਰ ਕੁਮਾਰ, ਸੁਨੀਲ, ਕਿਸ਼ਨ ਅਤੇ ਹੋਰਨਾਂ ਨੇ ਦੱਸਿਆ ਕਿ ਲਿੰਕ ਸੜਕ ਦੇ ਨਾਲ-ਨਾਲ ਸੀਵਰੇਜ ਦੀ ਪਾਈਪ ਲਾਈਨ ਵਿਛਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਤੋਂ ਬਾਅਦ ਸੜਕ ਹੇਠਾਂ ਵਿਛਾਈ ਗਈ ਪਾਈਪ ਲਾਈਨ ਬਲਾਕ ਹੋ ਗਈ, ਜਿਸ ਕਾਰਨ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਗਈ। ਨਤੀਜੇ ਵਜੋਂ ਗੰਦਾ ਪਾਣੀ ਲੀਕ ਹੋ ਕੇ ਸੜਕ ਉੱਪਰ ਇਕੱਠਾ ਹੋਣਾ ਸ਼ੁਰੂ ਹੋ ਗਿਆ, ਜੋ ਹੁਣ ਕਈ ਦਿਨਾਂ ਤੋਂ ਉੱਥੇ ਹੀ ਖੜ੍ਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਵਿੱਚੋਂ ਲਗਾਤਾਰ ਆ ਰਹੀ ਬਦਬੂ ਕਾਰਨ ਉਨ੍ਹਾਂ ਦਾ ਦੁਕਾਨਾਂ ਤੇ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਬਦਬੂ ਅਤੇ ਗੰਦਗੀ ਕਾਰਨ ਗਾਹਕ ਵੀ ਦੁਕਾਨਾਂ ਤੇ ਆਉਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਬਰਸਾਤ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ ਪੰਜ ਅਧੀਨ ਆਉਂਦੇ ਪਿੰਡ ਕਲਿਆਣਪੁਰ ਹੇਠਲੇ ਬਾਸ ਦੇ ਵਸਨੀਕਾਂ ਨੂੰ ਵੀ ਰੋਜ਼ਾਨਾ ਇਸੇ ਸੜਕ ਰਾਹੀਂ ਆਉਣਾ-ਜਾਣਾ ਪੈਂਦਾ ਹੈ। ਸੜਕ ਉੱਪਰ ਖੜ੍ਹੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਲੋਕ ਮਜਬੂਰ ਹਨ, ਜਿਸ ਨਾਲ ਹਾਦਸਿਆਂ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਦੋਪਹੀਆ ਵਾਹਨ ਚਾਲਕਾਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੇ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਮੱਛਰ ਅਤੇ ਹੋਰ ਕੀੜੇ-ਮਕੌੜੇ ਵੀ ਪੈਦਾ ਹੋ ਰਹੇ ਹਨ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਸਮੱਸਿਆ ਜਨ ਸਿਹਤ ਲਈ ਵੀ ਗੰਭੀਰ ਰੂਪ ਧਾਰ ਸਕਦੀ ਹੈ। ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪਈ ਸੀਵਰੇਜ ਪਾਈਪ ਲਾਈਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ। ਇਸ ਦੇ ਨਾਲ ਹੀ ਸੜਕ ਉੱਪਰ ਇਕੱਠੇ ਹੋਏ ਗੰਦੇ ਪਾਣੀ ਦੀ ਤੁਰੰਤ ਨਿਕਾਸੀ ਕਰਵਾ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿੱਤੀ ਜਾਵੇ, ਤਾਂ ਜੋ ਸ਼ਰਧਾਲੂਆਂ, ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਨਾਲ ਫੋਨ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।