ਮੱਸੇਵਾਲ ਸਕੂਲ ’ਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਮਾਪਿਆਂ ’ਚ ਰੋਸ ਪੀ,ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਮਾਪਿਆਂ ਵਿੱਚ ਰੋਸ
Publish Date: Fri, 10 Jul 2026 04:14 PM (IST)
Updated Date: Fri, 10 Jul 2026 04:15 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਪੀ,ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਵਿਖੇ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮਾਪਿਆਂ ਵੱਲੋਂ ਪੀ,ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਤਰਲੋਚਨ ਸਿੰਘ ਨਾਲ ਮੁਲਾਕਾਤ ਕੀਤੀ। ਗੱਲਬਾਤ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਲਗਭਗ 650 ਤੋਂ ਜਿਆਦਾ ਵਿਦਿਆਰਥੀ ਪੜਦੇ ਹਨ, ਜੇਕਰ ਸਕੂਲ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਦੀ ਗੱਲ ਕਰੀਏ ਤਾਂ ਸਕੂਲ ਵਿੱਚ ਅਧਿਆਪਕਾਂ ਦੀਆਂ ਕੁੱਲ 29 ਅਸਾਮੀਆਂ ਹਨ ਜਿਨ੍ਹਾਂ ਵਿੱਚੋਂ ਅੱਜ ਅਧਿਆਪਕਾਂ ਦੀਆਂ 11 ਅਸਾਮੀਆਂ ਅਤੇ ਇੱਕ ਐਸ,ਐਲ,ਏ ਦੀ ਅਸਾਮੀ ਖਾਲੀ ਹੈ। ਜੇਕਰ ਗੱਲ ਅੱਜ ਦੀ ਕਰੀਏ ਤਾਂ 650 ਬੱਚਿਆਂ ਨੂੰ ਪੜਾਉਣ ਲਈ 17 ਅਧਿਆਪਕ ਹਨ। ਬੱਚਿਆਂ ਨੇ ਦੱਸਿਆ ਕੀ ਸਕੂਲ ਵਿੱਚ ਕਈ ਪੀਰੀਅਡ ਬਿਨਾਂ ਅਧਿਆਪਕ ਤੋਂ ਖਾਲੀ ਰਹਿੰਦੇ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਵਿੱਚ ਵਧੀਆ ਬਿਲਡਿੰਗ ਬਣਾਈ ਗਈ, ਸਾਫ ਸਫਾਈ ਅਤੇ ਗੇਟ ਕੀਪਰ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਵਿੱਚ ਪੜ੍ਹਾਈ ਦਾ ਮਿਆਰ ਵੀ ਉੱਚਾ ਹੋਇਆ ਹੈ, ਪਰ ਅਧਿਆਪਕਾਂ ਦੀ ਕਮੀ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋ ਰਿਹਾ ਹੈ। ਇਲਾਕਾ ਨਿਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ ਕਿ ਜਲਦ ਸਕੂਲ ਵਿੱਚ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਦੱਸਣ ਯੋਗ ਹੈ ਕਿ ਚੰਗਰ ਇਲਾਕੇ ਵਿੱਚ ਪੈਂਦੇ ਪੀ,ਐਮ ਸ਼੍ਰੀ ਸੀਨੀਅਰ ਸੈਕੈਂਡਰੀ ਸਕੂਲ ਮੱਸੇਵਾਲ ਵਿਖੇ ਲਗਭਗ ਦੋ ਦਰਜਨ ਤੋਂ ਜਿਆਦਾ ਪਿੰਡਾਂ ਦੇ ਬੱਚੇ ਪੜ੍ਹਦੇ ਹਨ ਪਿਛਲੇ ਕੁਝ ਸਾਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਚੰਗਰ ਇਲਾਕੇ ਵਿੱਚ ਇਸ ਸਕੂਲ ਨੂੰ ਮਾਡਲ ਸਕੂਲ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਇਹ ਸਕੂਲ ਪੜ੍ਹਾਈ ਵਿੱਚ ਵੀ ਇਲਾਕੇ ਵਿੱਚ ਮੰਨਿਆ ਹੋਇਆ ਸਕੂਲ ਸੀ। ਬੱਚਿਆਂ ਦੇ ਮਾਪਿਆਂ ’ਤੇ ਇਲਾਕਾ ਨਿਵਾਸੀਆਂ ਨੂੰ ਪੂਰਨ ਵਿਸ਼ਵਾਸ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਲਦ ਸਕੂਲ ਵਿੱਚ ਰਹਿੰਦੀਆਂ ਖਾਲੀ ਅਸਾਮੀਆਂ ’ਤੇ ਅਧਿਆਪਕ ਤੈਨਾਤ ਕਰਨਗੇ।