ਦੋ ਮਹੀਨਿਆਂ ਤੋਂ ਬੰਦ ਨੰਗਲ- ਭਾਖੜਾ ਰੇਲ ਸੇਵਾ ਕਾਰਣ ਸਥਾਨਕ ਲੋਕਾਂ ਦੀਆਂ ਵਧੀਆਂ ਮੁਸ਼ਕਲਾ ਦੋ ਮਹੀਨਿਆਂ ਤੋਂ ਬੰਦ ਨੰਗਲ- ਭਾਖੜਾ ਰੇਲ ਸੇਵਾ ਕਾਰਣ ਸਥਾਨਕ ਲੋਕਾਂ ਦੀਆਂ ਵਧੀਆਂ ਮੁਸ਼ਕਲਾ
Publish Date: Fri, 03 Jul 2026 06:34 PM (IST)
Updated Date: Fri, 03 Jul 2026 06:35 PM (IST)
ਮੱਠੀ ਚਾਲੇ ਚਲ ਰਹੇ ਰੇਲਵੇ ਲਾਈਨ ਦੇ ਨਵੀਨੀਕਰਨ ਕਾਰਣ ਲੋਕਾਂ ’ਚ ਰੋਸ ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ: ਨੰਗਲ ਤੋਂ ਭਾਖੜਾ ਡੈਮ ਵਿਚਕਾਰ ਚਲਣ ਵਾਲੀ ਟਰੇਨ ਬੀਤੇ ਦੋ ਮਹੀਨਿਆਂ ਤੋਂ ਬੰਦ ਹੋਣ ਕਾਰਣ ਇਸ ਟਰੇਨ ਵਿੱਚ ਸਫਰ ਕਰਨ ਵਾਲੇ ਮੁਸਾਫਿਰਾਂ ਦੀਆਂ ਮੁਸ਼ਕਲਾ ਵਧੀਆਂ ਹੋਈਆਂ ਹਨ। ਇਹ ਟਰੇਨ ਪਿੰਡ ਨਹਿਲਾਂ, ਬਰਮਲਾ ਅਤੇ ਹੋਰ ਕਈ ਪਿੰਡਾਂ ਦੇ ਲੋਕਾਂ ਲਈ ਬੀਬੀਐੱਮਬੀ ਦੀ ਟ੍ਰੇਨ ਇੱਕ ਅਹਿਮ ਸਹਾਰਾ ਸੀ। ਇਸ ਟ੍ਰੇਨ ਰਾਹੀਂ ਨਾ ਸਿਰਫ਼ ਬੀਬੀਐੱਮਬੀ ਦੇ ਕਰਮਚਾਰੀ ਸਫ਼ਰ ਕਰਦੇ ਸਨ, ਸਗੋਂ ਸਥਾਨਕ ਪਿੰਡ ਵਾਸੀ ਵੀ ਮੁਫ਼ਤ ਯਾਤਰਾ ਦੀ ਸਹੂਲਤ ਦਾ ਲਾਭ ਲੈਂਦੇ ਸਨ। ਦਿਨ ਵਿੱਚ ਦੋ ਵਾਰ ਚੱਲਣ ਵਾਲੀ ਇਹ ਟ੍ਰੇਨ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਬੰਦ ਪਈ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਬੀਬੀਐੱਮਬੀ ਦੀ ਲਾਈਫ ਲਾਈਨ ਮੰਨੀ ਜਾਣ ਵਾਲੀ ਇੱਕ ਮਾਤਰ ਟ੍ਰੇਨ ਬੰਦ ਹੋਣ ਕਾਰਨ ਜਿਥੇ ਭਾਖੜਾ ਡੈਮ ਤੋਂ ਨੰਗਲ ਆਣ-ਜਾਣ ਵਾਲੇ ਦਰਜਣਾ ਪਿੰਡਾ ਦੇ ਲੋਕ ਇਸ ਸਹੂਲਤ ਤੋਂ ਵਾਝੇਂ ਹਨ,ਉਥੇ ਭਾਖੜਾ ਡੈਮ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਇਸ ਟ੍ਰੇਨ ਦੇ ਲੰਘਣ ਲਈ ਬਣਾਈ ਗਈ ਸੁਰੰਗ ਦੇ ਵਿਚਕਾਰ ਚਲ ਰਹੇ ਨਵੀਨੀਕਰਨ ਦੇ ਕੰਮ ਕਾਰਣ,ਜਿਸ ਵਿੱਚ ਸਥਾਨਕ ਲੋਕਾਂ ਦੇ ਲੋਕ ਪੈਦਲ ਜਾ ਦੋ ਪਹੀਆਂ ਵਾਹਨਾ ਸਮੇਤ ਲੰਘਦੇ ਸਨ,ਇਸ ਸ਼ਾਰਟ ਰੂਟ ਦੀ ਮਾੜੀ ਹਾਲਤ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ। ਬੀਬੀਐੱਮਬੀ ਪ੍ਰਸ਼ਾਸਨ ਮੁਤਾਬਕ ਰੇਲਵੇ ਟਰੈਕ ਦੀ ਸੁਰੰਗ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਪੁਰਾਣੇ ਸਲੀਪਰਾਂ ਨੂੰ ਬਦਲਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਟ੍ਰੇਨ ਸੇਵਾ ਅਸਥਾਈ ਤੌਰ ’ਤੇ ਰੋਕੀ ਗਈ ਹੈ। ਪਰ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕੰਮ ਦੀ ਰਫ਼ਤਾਰ ਬਹੁਤ ਹੌਲੀ ਹੈ। ਸੁਰੰਗ ਦੇ ਦੋਵੇਂ ਪਾਸਿਆਂ ਅਤੇ ਅੰਦਰ ਸੁੱਟੇ ਗਏ ਕੰਕਰੀਟ ਸਲੀਪਰਾਂ ਕਾਰਨ ਪੈਦਲ ਜਾਂ ਮੋਟਰਸਾਈਕਲ ਰਾਹੀਂ ਲੰਘਣਾ ਵੀ ਬਹੁਤ ਔਖਾ ਹੋ ਗਿਆ ਹੈ। ਪਿੰਡ ਨਹਿਲਾਂ ਤੋਂ ਪਿੰਡ ਬਰਮਲਾ ਤੱਕ ਸੁਰੰਗ ਵਾਲਾ ਰਸਤਾ ਲੋਕਾਂ ਲਈ ਸਭ ਤੋਂ ਛੋਟਾ ਅਤੇ ਸੁਵਿਧਾਜਨਕ ਰਸਤਾ ਹੈ। ਇਸ ਰਸਤੇ ਰਾਹੀਂ ਲੋਕ ਕਰੀਬ ਡੇਢ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਥੋੜ੍ਹੇ ਸਮੇਂ ਵਿੱਚ ਨੰਗਲ ਪਹੁੰਚ ਜਾਂਦੇ ਹਨ। ਜੇਕਰ ਇਹ ਰਸਤਾ ਵਰਤਣ ਯੋਗ ਨਾ ਰਹੇ ਤਾਂ ਲੋਕਾਂ ਨੂੰ ਲਗਭਗ ਅੱਠ ਕਿਲੋਮੀਟਰ ਦਾ ਵਾਧੂ ਸਫ਼ਰ ਜੰਗਲੀ ਖੇਤਰ ਵਿੱਚੋਂ ਕਰਨਾ ਪੈਂਦਾ ਹੈ, ਜਿਸ ਨਾਲ ਸਮਾਂ ਅਤੇ ਇੰਧਨ ਦੋਵੇਂ ਵੱਧ ਖਰਚ ਹੁੰਦੇ ਹਨ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਬੀਬੀਐਮਬੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੁੱਕੇ ਹਨ। ਉਨ੍ਹਾਂ ਦੀ ਮੰਗ ਹੈ ਕਿ ਨਹਿਲਾਂ ਤੋਂ ਬਰਮਲਾ ਤੱਕ ਸੁਰੰਗ ਦੇ ਨਾਲ ਲੱਗਦੇ ਕੱਚੇ ਰਸਤੇ ਨੂੰ ਪੱਕਾ ਕੀਤਾ ਜਾਵੇ ਅਤੇ ਇਸ ਰਸਤੇ `ਤੇ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਰਾਤ ਸਮੇਂ ਆਵਾਜਾਈ ਹੋਰ ਸੁਰੱਖਿਅਤ ਅਤੇ ਸੁਗਮ ਹੋ ਸਕੇਗੀ।ਦੂਜੇ ਪਾਸੇ ਬਰਸਾਤਾਂ ਦਾ ਮੌਸਮ ਸਿਰ `ਤੇ ਹੈ ਅਤੇ ਪਿੰਡ ਵਾਸੀਆਂ ਨੂੰ ਡਰ ਹੈ ਕਿ ਜੇਕਰ ਸੁਰੰਗ ਅਤੇ ਰੇਲਵੇ ਟਰੈਕ ਨਾਲ ਜੁੜੇ ਕੰਮਾਂ ਨੂੰ ਜਲਦ ਮੁਕੰਮਲ ਨਾ ਕੀਤਾ ਗਿਆ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਬੀਬੀਐੱਮਬੀ ਪ੍ਰਸ਼ਾਸਨ ਲੋਕਾਂ ਦੀਆਂ ਇਨ੍ਹਾਂ ਮੰਗਾਂ `ਤੇ ਕਦੋਂ ਤੱਕ ਕੋਈ ਠੋਸ ਕਦਮ ਚੁੱਕਦਾ ਹੈ।ਜ਼ਿਕਰਯੋਗ ਹੈ ਕਿ ਬਰਸਾਤ ਦੇ ਮੌਂਸਮ ਵਿੱਚ ਭਾਖੜਾ ਡੈਮ ਜਾਣ ਲਈ ਨੰਗਲ-ਭਾਖੜਾ ਮੁੱਖ ਮਾਰਗ ਕਈ ਵਾਰ ਢਿੱਗਾ ਡਿਗਣ ਨਾਲ ਬੰਦ ਹੋ ਜਾਦਾ ਹੈ,ਅਜਿਹੇ ਵਿੱਚ ਭਾਖੜਾ ਡੈਮ ਤੱਕ ਪਹੁੰਚਣ ਲਈ ਸੁਰੰਗ ਵਾਲਾ ਰਸਤਾ ਹੀ ਇੱਕ ਮਾਤਰ ਸਹਾਰਾ ਹੁੰਦਾ ਹੈ,ਜੋ ਕਿ ਹੁਣ ਬੰਦ ਪਿਆ ਹੈ। ਬਾਕਸ: ਜਲਦ ਸ਼ੁਰੂ ਹੋਵੇਗਾ ਨਵੀਨੀਕਰਨ : ਬੀਬੀਐੱਮਬੀ ਦੂਜੇ ਪਾਸੇ ਬੀਬੀਐੱਮਬੀ ਦੇ ਐੱਸਡੀਉ ਮੁਕੇਸ਼ ਨੇ ਦੱਸਿਆਂ ਕਿ ਵਿਭਾਗ ਵਲੋਂ ਇਸ ਮਾਰਗ ਦੇ ਨਵੀਨੀਕਰਨ ਲਈ ਟੈਂਡਰ ਅਲਾਟ ਕਰ ਦਿੱਤਾ ਹੈ,ਜਿਸ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।ਉਨਾਂ ਦੱਸਿਆਂ ਕਿ ਇਸ ਕੰਮ ਨੂੰ ਜਲਦ ਪੂਰਾ ਕਰਨ ਲਈ ਸਬੰਧਤ ਠੇਕੇਦਾਰ ਨੂੰ ਕਿਹਾ ਗਿਆ ਹੈ।ਆਸ ਹੈ ਕਿ ਦੋ ਮਹੀਨਿਆਂ ਵਿਚ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ।