- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗਊਸ਼ਾਲਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਨੇ ਵਿਧਾਇਕ ਚੱਢਾ ਸਮੇਤ ਗਊਸ਼ਾਲਾ ਸੁੱਖੇਮਾਜਰਾ ਦਾ ਕੀਤਾ ਦੌਰਾ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੰਜਾਬ ਗਊਸ਼ਾਲਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਵੱਲੋਂ ਅੱਜ ਸੁੱਖੇਮਾਜਰਾ ਗਊਸ਼ਾਲਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੀ ਉਨ੍ਹਾਂ ਦੇ ਨਾਲ ਹਾਜ਼ਰ ਰਹੇ। ਦੌਰੇ ਦੌਰਾਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਰੂਪਨਗਰ, ਜ਼ਿਲ੍ਹੇ ਦੀਆਂ ਪੰਜ ਨਗਰ ਕੌਂਸਲਾਂ ਦੇ ਅਧਿਕਾਰੀ, ਡੀ.ਡੀ.ਪੀ.ਓ., ਬੀ.ਡੀ.ਪੀ.ਓ. ਨੂਰਪੁਰ ਬੇਦੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕੀਮਤੀ ਭਗਤ ਵੱਲੋਂ ਗਊਸ਼ਾਲਾ ਵਿਹੜੇ ਵਿੱਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਨੇ ਗਊਸ਼ਾਲਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਨਗਰ ਕੌਂਸਲਾਂ ਵੱਲੋਂ ਕਾਉ ਸੈੱਸ ਜਾਂ ਹੋਰ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਜਾਣੀ ਬਾਕੀ ਹੈ, ਉਸ ਨੂੰ ਤੁਰੰਤ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਗਊਸ਼ਾਲਾ ਦੇ ਵਿਕਾਸ ਅਤੇ ਸੰਭਾਲ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ। ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਗਊਸ਼ਾਲਾਵਾਂ ਦੇ ਵਿਕਾਸ ਅਤੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਨ, ਬੁਨਿਆਦੀ ਸਹੂਲਤਾਂ ਵਧਾਉਣ, ਚਾਰੇ ਅਤੇ ਪਾਣੀ ਦੀ ਉਚਿਤ ਵਿਵਸਥਾ ਯਕੀਨੀ ਬਣਾਉਣ ਅਤੇ ਪਸ਼ੂਆਂ ਦੀ ਬਿਹਤਰ ਦੇਖਭਾਲ ਲਈ ਕਈ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਸਿਰਫ਼ ਧਾਰਮਿਕ ਅਤੇ ਸਮਾਜਿਕ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਪਸ਼ੂ ਕਲਿਆਣ ਅਤੇ ਵਾਤਾਵਰਨ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁੱਖੇ ਮਾਜਰਾ ਗਊਸ਼ਾਲਾ ਲਈ ਨਵਾਂ ਟਰੈਕਟਰ ਖਰੀਦ ਕੇ ਦਿੱਤਾ ਗਿਆ ਹੈ, ਜਿਸ ਨਾਲ ਗਊਸ਼ਾਲਾ ਦੇ ਰੋਜ਼ਾਨਾ ਕੰਮਾਂ ਵਿੱਚ ਕਾਫ਼ੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਕਰੀਬ 14 ਏਕੜ ਜ਼ਮੀਨ ਵਿੱਚ ਜਲਦ ਹੀ ਹਰਾ ਚਾਰਾ ਬੀਜਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ, ਜਿਸ ਨਾਲ ਪਸ਼ੂਆਂ ਲਈ ਚਾਰੇ ਦੀ ਸਥਾਈ ਅਤੇ ਗੁਣਵੱਤਾ ਭਰੀ ਵਿਵਸਥਾ ਯਕੀਨੀ ਬਣੇਗੀ। ਉਨ੍ਹਾਂ ਕਿਹਾ ਕਿ ਸੁੱਖੇ ਮਾਜਰਾ ਗਊਸ਼ਾਲਾ ਖੇਤਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੀ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ ਅਤੇ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਪਸ਼ੂਆਂ ਦੀ ਦੇਖਭਾਲ, ਚਾਰੇ ਅਤੇ ਹੋਰ ਪ੍ਰਬੰਧ ਸੁਚਾਰੂ ਤਰੀਕੇ ਨਾਲ ਹੋ ਰਹੇ ਹਨ। ਕੀਮਤੀ ਭਗਤ ਨੇ ਵੀ ਗਊਸ਼ਾਲਾ ਨੂੰ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਹੀ ਅਜਿਹੀਆਂ ਸੰਸਥਾਵਾਂ ਹੋਰ ਮਜ਼ਬੂਤ ਬਣਦੀਆਂ ਹਨ ਅਤੇ ਬੇਸਹਾਰਾ ਪਸ਼ੂਆਂ ਨੂੰ ਸੁਰੱਖਿਅਤ ਆਸਰਾ ਮਿਲਦਾ ਹੈ। ਇਸ ਮੌਕੇ ਚੌਧਰੀ ਮੋਹਨ ਲਾਲ, ਸੰਮਤੀ ਮੈਂਬਰ ਤਿਲਕ ਰਾਜ ਪੰਮਾ, ਸਰਪੰਚ ਰਾਮ ਬਾਠ, ਸਰਪੰਚ ਰਵਿੰਦਰ ਸਿੰਘ ਸਿੰਘਪੁਰ, ਕੁਲਦੀਪ ਸ਼ਰਮਾ, ਕੁਲਬੀਰ ਸਿੰਘ, ਟੀਨੂ ਰਾਣਾ ਸਾਬਕਾ ਸਰਪੰਚ ਸਿੰਘਪੁਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਗਊਸ਼ਾਲਾ ਸੁੱਖੇਮਾਜਰਾ ’ਚ ਗਊਆਂ ਨੂੰ ਗੁੜ ਖਿਲਾਉਂਦੇ ਅਤੇ ਗਊਸ਼ਾਲਾ ’ਚ ਰੁੱਖ ਲਗਾਉਂਦੇ ਹੋਏ ਵਾਈਸ ਚੇਅਰਮੈਨ ਕੀਮਤੀ ਭਗਤ ਤੇ ਵਿਧਾਇਕ ਚੱਢਾ।