ਬਰਸਾਤ ਸਿਰ ’ਤੇ, ਐਲਗਰਾਂ ਪੁਲ ਅਜੇ ਵੀ ਅਧੂਰਾ
ਬਰਸਾਤ ਸਿਰ ’ਤੇ, ਪਰ ਐਲਗਰਾਂ ਦਾ ਪੁਲ ਅਜੇ ਵੀ ਅਧੂਰਾ, ਲੋਕਾਂ ਨੂੰ ਇਸ ਵਾਰ ਵੀ ਤੈਅ
Publish Date: Mon, 22 Jun 2026 06:34 PM (IST)
Updated Date: Mon, 22 Jun 2026 06:36 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਮਾਨਸੂਨ ਦੀ ਆਹਟ ਨਾਲ ਹੀ ਨੂਰਪੁਰ ਬੇਦੀ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵੱਧਣ ਲੱਗੀਆਂ ਹਨ। ਪਿੰਡ ਐਲਗਰਾਂ ਵਿਖੇ ਸਵਾਂ ਨਦੀ ’ਤੇ ਬਣਿਆ ਪੁਲ, ਜੋ ਪਿਛਲੇ ਤਿੰਨ ਸਾਲਾਂ ਤੋਂ ਆਵਾਜਾਈ ਲਈ ਬੰਦ ਪਿਆ ਹੈ, ਅਜੇ ਤੱਕ ਮੁਕੰਮਲ ਤੌਰ ’ਤੇ ਤਿਆਰ ਨਹੀਂ ਹੋ ਸਕਿਆ। ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਏ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੰਮ ਦੀ ਰਫ਼ਤਾਰ ਇੰਨੀ ਮੱਧਮ ਹੈ ਕਿ ਲੋਕਾਂ ਨੂੰ ਹੁਣ ਇਹ ਆਸ ਵੀ ਘੱਟ ਹੀ ਨਜ਼ਰ ਆ ਰਹੀ ਹੈ ਕਿ ਇਸ ਸਾਲ ਦੀ ਬਰਸਾਤ ਤੋਂ ਪਹਿਲਾਂ ਪੁਲ ਚਾਲੂ ਹੋ ਸਕੇਗਾ। ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਸਵਾਂ ਨਦੀ ਵਿੱਚ ਮੀਂਹਾਂ ਕਾਰਨ ਪਾਣੀ ਦਾ ਪੱਧਰ ਵਧੇਗਾ, ਨਦੀ ਉੱਪਰ ਬਣਾਇਆ ਗਿਆ ਆਰਜ਼ੀ ਰਸਤਾ ਵੀ ਬੰਦ ਹੋਣ ਦਾ ਖਤਰਾ ਪੈਦਾ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਈ ਕਿਲੋਮੀਟਰ ਵਾਧੂ ਸਫ਼ਰ ਤੈਅ ਕਰਨਾ ਪਵੇਗਾ। ਬਰਸਾਤ ਦੇ ਦਿਨਾਂ ਵਿੱਚ ਪਹਿਲਾਂ ਹੀ ਸੜਕਾਂ ਅਤੇ ਆਵਾਜਾਈ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਪਰੋਂ ਲੰਬੇ ਰਸਤੇ ਦੀ ਮਜਬੂਰੀ ਲੋਕਾਂ ਦੀਆਂ ਦਿਕ਼ਤਾਂ ਨੂੰ ਹੋਰ ਵਧਾ ਦੇਵੇਗੀ। ਰੋਜ਼ਾਨਾ ਨੰਗਲ, ਭਾਖੜਾ ਅਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਨੌਕਰੀਪੇਸ਼ਾ ਲੋਕਾਂ, ਸਕੂਲੀ ਅਤੇ ਕਾਲਜੀ ਵਿਦਿਆਰਥੀਆਂ ਅਤੇ ਵਪਾਰੀ ਵਰਗ ਨੂੰ ਇਸ ਪੁਲ ਦੇ ਬੰਦ ਹੋਣ ਕਾਰਨ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਿਹਾ ਹੈ। ਵਾਧੂ ਪੈਂਡੇ ਕਾਰਨ ਨਾ ਸਿਰਫ਼ ਸਮਾਂ ਬਰਬਾਦ ਹੁੰਦਾ ਹੈ, ਸਗੋਂ ਡੀਜ਼ਲ-ਪੈਟਰੋਲ ਅਤੇ ਆਵਾਜਾਈ ਦੇ ਖਰਚੇ ਵਿੱਚ ਵੀ ਵੱਡਾ ਵਾਧਾ ਹੋ ਰਿਹਾ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀ ਆਰਥਿਕਤਾ ’ਤੇ ਪੈ ਰਿਹਾ ਹੈ। ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਵੱਖ-ਵੱਖ ਰਾਹਗੀਰਾਂ ਨੇ ਕਿਹਾ ਕਿ ਪੁਲ ਦੀ ਮੁਰੰਮਤ ਦਾ ਕੰਮ ਕੱਛੂਏ ਦੀ ਚਾਲ ਨਾਲ ਚੱਲ ਰਿਹਾ ਹੈ। ਜੇਕਰ ਕੰਮ ਦੀ ਇਹੀ ਰਫ਼ਤਾਰ ਰਹੀ ਤਾਂ ਲੋਕਾਂ ਨੂੰ ਇਸ ਵਾਰ ਦੀ ਬਰਸਾਤ ਵੀ ਬਿਨ੍ਹਾਂ ਪੁਲ ਦੇ ਹੀ ਕੱਟਣੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਪੁਲ ਸਿਰਫ਼ ਇੱਕ ਢਾਂਚਾ ਨਹੀਂ, ਸਗੋਂ ਪੂਰੇ ਇਲਾਕੇ ਦੀ ਜੀਵਨ-ਰੇਖਾ ਹੈ, ਜਿਸ ਦੇ ਬੰਦ ਹੋਣ ਨਾਲ ਹਜ਼ਾਰਾਂ ਲੋਕ ਰੋਜ਼ਾਨਾ ਪ੍ਰਭਾਵਿਤ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੁਰੰਮਤ ਕਾਰਜ ਵਿੱਚ ਤੇਜ਼ੀ ਲਿਆ ਕੇ ਪੁਲ ਨੂੰ ਜਲਦ ਤੋਂ ਜਲਦ ਆਵਾਜਾਈ ਲਈ ਖੋਲ੍ਹਿਆ ਜਾਵੇ, ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।