ਦੋ ਤਖ਼ਤਾਂ ਨੂੰ ਜੋੜਨ ਵਾਲੇ ਅਗੰਮਪੁਰ ਪੁਲ ’ਤੇ ਮੁੜ ਭਖੀ ਸਿਆਸਤ
ਅਗੰਮਪੁਰ ਪੁਲ ’ਤੇ ਮੁੜ ਭਖੀ ਸਿਆਸਤ
Publish Date: Wed, 17 Jun 2026 04:33 PM (IST)
Updated Date: Wed, 17 Jun 2026 04:36 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਖਾਲਸਾ ਪੰਥ ਦੇ ਦੋ ਤਖ਼ਤਾਂ ਨੂੰ ਜੋੜਨ ਵਾਲਾ ਇਤਿਹਾਸਕ ਅਗੰਮਪੁਰ ਪੁਲ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਸ ਪੁਲ ਦੇ ਨੇੜੇ ਹੋ ਰਹੀ ਮਾਈਨਿੰਗ ਅਤੇ ਸਿਲਟ ਕੱਢਣ ਦੇ ਕੰਮ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਇਹ ਮੁੱਦਾ ਸ਼ੋਸ਼ਲ ਮੀਡੀਆ ’ਤੇ ਵੀ ਗਰਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੋਸ਼ਲ ਮੀਡੀਆ ’ਤੇ ਕੁਝ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲ ਦੇ ਨੇੜੇ ਕੀਤੀ ਜਾ ਰਹੀ ਮਾਈਨਿੰਗ ਕਾਰਨ ਇਸ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ ’ਤੇ ਕਿਸੇ ਵੀ ਸਮੇਂ ਇਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਅਜਿਹੀਆਂ ਪੋਸਟਾਂ ਵਿੱਚ ਪੁਲ ਦੇ ਹੇਠਾਂ ਮੌਜੂਦ ਥੰਮ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਦੀ ਹਾਲਤ ’ਤੇ ਸਵਾਲ ਉਠਾਏ ਜਾ ਰਹੇ ਹਨ। ਦੂਜੇ ਪਾਸੇ ਸਰਕਾਰ ਅਤੇ ਉਸਦੇ ਹਮਾਇਤੀਆਂ ਵੱਲੋਂ ਪੁਲ ਦੀ ਮੁਰੰਮਤ ਅਤੇ ਮਜ਼ਬੂਤੀਕਰਨ ਸਬੰਧੀ ਤਸਵੀਰਾਂ ਅਤੇ ਜਾਣਕਾਰੀਆਂ ਸਾਂਝੀਆਂ ਕਰਦਿਆਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੇ ਕੰਮ ਤਕਨੀਕੀ ਮਾਪਦੰਡਾਂ ਅਨੁਸਾਰ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਸੁਣਵਾਈ ਹੋਈ ਸੀ। ਪਹਿਲਾਂ ਅਦਾਲਤ ਵੱਲੋਂ ਪੁਲ ਦੇ ਨੇੜੇ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਜਾਂ ਛੇੜਛਾੜ ’ਤੇ ਰੋਕ ਲਗਾਈ ਗਈ ਸੀ। ਹਾਲਾਂਕਿ ਤਾਜ਼ਾ ਸੁਣਵਾਈ ਦੌਰਾਨ ਪੰਜਾਬ ਸਰਕਾਰ ਦਾ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਤੁਰੰਤ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਤੱਕ ਰਾਹਤ ਦਿੱਤੀ ਹੈ। ਇਸ ਸਬੰਧੀ ਇੰਜੀਨੀਅਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਅਗੰਮਪੁਰ ਪੁਲ ਨੇੜੇ ਹੋ ਰਹੇ ਸਿਲਟ ਅਤੇ ਮਾਈਨਿੰਗ ਸਬੰਧੀ ਕੁਝ ਲੋਕਾਂ ਵੱਲੋਂ ਬਿਨ੍ਹਾਂ ਪੂਰੇ ਤੱਥਾਂ ਦੇ ਭਰਮ ਫੈਲਾਇਆ ਗਿਆ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸਰਕਾਰ ਦਾ ਪੱਖ ਸੁਣਨ ਤੋਂ ਬਾਅਦ ਤੁਰੰਤ ਰੋਕ ਨਾ ਲਗਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਪੁਲ ਦੀ ਸੁਰੱਖਿਆ ਅਤੇ ਦਰਿਆ ਦੇ ਕੁਦਰਤੀ ਵਹਾਅ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕੰਮ ਮਾਹਿਰਾਂ ਦੀ ਸਲਾਹ ਅਤੇ ਤਕਨੀਕੀ ਰਿਪੋਰਟਾਂ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਜਾਂ ਅਧੂਰੀ ਜਾਣਕਾਰੀ ਦੀ ਬਜਾਏ ਤੱਥਾਂ ’ਤੇ ਭਰੋਸਾ ਕਰਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਰਾਜਨੀਤਿਕ ਲਾਭ ਲਈ ਵਿਵਾਦਿਤ ਬਣਾਉਣਾ ਇਲਾਕੇ ਦੇ ਹਿੱਤ ਵਿੱਚ ਨਹੀਂ ਹੈ। ਇਸ ਦੌਰਾਨ ਅਗਮਪੁਰ ਪੁਲ ਨੂੰ ਲੈ ਕੇ ਚੱਲ ਰਹੀ ਚਰਚਾ ਨੇ ਇੱਕ ਵਾਰ ਫਿਰ ਇਲਾਕੇ ਦੀ ਸਿਆਸਤ ਅਤੇ ਲੋਕ ਚਿੰਤਾਵਾਂ ਨੂੰ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਪਿਛਲੇ ਸਮੇਂ ਦੌਰਾਨ ਵੀ ਇਸ ਪੁੱਲ ਤੇ ਰਾਜਨੀਤੀ ਗਰਮਾਉਂਦੀ ਰਹੀ ਹੈ ਤੇ ਹੁਣ ਜਿਉ ਜਿਉ ਚੋਣਾਂ ਨੇੜੇ ਆਉਣਗੀਆਂ ਤਿਉਂ ਤਿਉਂ ਇਹ ਪੁੱਲ ਫੇਰ ਰਾਜਨੀਤੀ ਦਾ ਧੁਰਾ ਬਣਾਏ ਜਾਣ ਦੇ ਆਸਾਰ ਪੈਦਾ ਹੋ ਰਹੇ ਹਨ।