ਪਿੰਡ ਮੱਸੇਵਾਲ ਨਜ਼ਦੀਕ ਖੁੱਲੇ ਲਾਲ ਮਿੱਟੀ ਦੇ ਡੰਪ ਦਾ ਪਿੰਡ ਵਾਸੀਆਂ ਵੱਲੋਂ ਜੋਰਦਾਰ ਵਿਰੋਧ
ਪਿੰਡ ਮੱਸੇਵਾਲ ਨਜ਼ਦੀਕ ਖੁੱਲੇ ਲਾਲ ਮਿੱਟੀ ਦੇ ਡੰਪ ਦਾ ਪਿੰਡ ਵਾਸੀਆਂ ਵੱਲੋਂ ਜੋਰਦਾਰ ਵਿਰੋਧ
Publish Date: Tue, 16 Jun 2026 04:24 PM (IST)
Updated Date: Tue, 16 Jun 2026 04:24 PM (IST)

ਪੰਚਾਇਤੀ ਜਮੀਨ ’ਚੋਂ ਲਾਇਆ ਡੰਪ ਨੂੰ ਰਸਤਾ, ਪਿੰਡ ਵਾਸੀਆਂ ਵੱਲੋਂ ਧਰਨੇ ਐਲਾਨ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਤੇ ਨਜ਼ਦੀਕ ਪਿੰਡ ਮੱਸੇਵਾਲ ਸੜਕ ਕਿਨਾਰੇ ਪਿਛਲੇ ਕੁਝ ਦਿਨਾਂ ਤੋਂ ਪ੍ਰਦੂਸ਼ਣ ਵਿਭਾਗ ਦੀਆਂ ਸ਼ਰਤਾਂ ਤੇ ਉਲਟ ਵਾਤਾਵਰਨ ਸੁਰੱਖਿਆ ਨੂੰ ਆਣ ਦੇਖਿਆ ਕਰਕੇ ਖੁੱਲੇ ਅਸਮਾਨ ਥੱਲੇ ਲਾਲ ਮਿੱਟੀ ਦਾ ਡੰਪ ਚੱਲ ਰਿਹਾ ਹੈ। ਜਦੋਂ ਨਜ਼ਦੀਕੀ ਘਰਾਂ ਅਤੇ ਪਿੰਡ ਵਾਸੀਆਂ ਵੱਲੋਂ ਲਾਲ ਮਿੱਟੀ ਦੀਆਂ ਗੱਡੀਆਂ ਖਾਲੀ ਹੁੰਦੀਆਂ ਦੇਖੀਆਂ ਗਈਆਂ ਤਾਂ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ, ਪਰ ਹੈਰਾਨੀ ਦੀ ਗੱਲ ਹੈ ਕਿ ਸੰਬੰਧਿਤ ਅਧਿਕਾਰੀਆਂ ਨੂੰ ਇਸ ਗੱਲ ਦੀ ਖਬਰ ਵੀ ਨਹੀਂ ਸੀ, ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੰਪ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਪਿੰਡ ਦੀ ਸਹਿਮਤੀ ਤੋਂ ਬਿਨਾਂ ਡੰਪ ਨਹੀਂ ਲੱਗਣ ਦਿੱਤਾ ਜਾਵੇਗਾ। ਡੰਪ ਤੇ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਠੇਕੇਦਾਰਾਂ ਖਿਲਾਫ ਨਾਰੇਬਾਜੀ ਕੀਤੀ ਗਈ ਅਤੇ ਡੰਪ ਨੂੰ ਬੰਦ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਕੁਝ ਠੇਕੇਦਾਰਾਂ ਵੱਲੋਂ ਇੱਕ ਸਥਾਨਕ ਨਿਵਾਸੀ ਤੋਂ ਜਮੀਨ ਕਿਰਾਏ ਤੇ ਲੈ ਕੇ ਸੀਮੇਂਟ ਪਲਾਟ ਵਿੱਚ ਵਰਤੀ ਜਾਣ ਵਾਲੀ ਲਾਲ ਮਿੱਟੀ ਦਾ ਡੰਪ ਖੋਲਿਆ ਗਿਆ ਅਤੇ ਇਸ ਡੰਪ ਖੋਲਣ ਸਬੰਧੀ ਠੇਕੇਦਾਰ ਵੱਲੋਂ ਨਾ ਤਾਂ ਪਿੰਡ ਦੀ ਪੰਚਾਇਤ ਦੀ ਸਹਿਮਤੀ ਲਈ ਗਈ ਅਤੇ ਨਾ ਹੀ ਨਜ਼ਦੀਕ ਬੱਸ ਦੇ ਨਿਵਾਸੀਆਂ ਨੂੰ ਵਿਸ਼ਵਾਸ ਵਿੱਚ ਲਿਆ ਗਿਆ। ਪਰ ਅੱਜ ਸਬੰਧਤ ਡੰਪ ਨੂੰ ਪਿੰਡ ਦੀ ਪੰਚਾਇਤੀ ਜਮੀਨ ਵਿੱਚੋਂ ਰਸਤਾ ਲਗਾਇਆ ਗਿਆ ਜਿਸ ਦਾ ਪਿੰਡ ਵਾਸੀਆਂ ਵੱਲੋਂ ਜੋਰਦਾਰ ਵਿਰੋਧ ਕੀਤਾ ਗਿਆ, ਭਾਵੇਂ ਕਿ ਮੌਜੂਦਾ ਸਰਪੰਚ ਵੱਲੋਂ ਪਿੰਡ ਵਾਸੀਆਂ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਕਿ ਪਿੰਡ ਵਾਸੀਆਂ ਦੀ ਮਰਜ਼ੀ ਤੋਂ ਖਿਲਾਫ ਡੰਪ ਨਹੀਂ ਲੱਗਣ ਦਿੱਤਾ ਜਾਵੇਗਾ।ਸਥਾਨਕ ਲੋਕਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਪ੍ਰਦੂਸ਼ਣ ਵਿਭਾਗ ਤੋਂ ਐਨਓਸੀ ਲਏ ਬਿਨਾਂ ਹੀ ਡੰਪ ਖੋਲ ਦਿੱਤਾ ਗਿਆ ਸ਼ਰਤਾਂ ਮੁਤਾਬਕ ਨਾ ਤਾਂ ਡੰਪ ਦੀਆਂ ਸਾਈਡਾਂ ਨੂੰ ਕਵਰ ਕੀਤਾ ਗਿਆ ਅਤੇ ਨਾ ਹੀ ਲਾਲ ਮਿੱਟੀ ਦੇ ਢੇਰਾਂ ਨੂੰ ਢੱਕਣ ਦਾ ਕੋਈ ਉਚਿਤ ਪ੍ਰਬੰਧ ਹੈ ਜਦੋਂ ਹਵਾ ਚੱਲਦੀ ਹੈ ਤਾਂ ਮਿੱਟੀ ਉੱਡ ਕੇ ਨਜ਼ਦੀਕੀ ਘਰਾਂ ਅਤੇ ਰਹਾਇਸ਼ੀ ਖੇਤਰ ਵਿੱਚ ਪ੍ਰਦੂਸ਼ਣ ਫੈਲਾਉਂਦੀ ਹੈ ਜਿਸ ਨਾਲ ਚਮੜੀ ਦੀਆਂ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਨਜ਼ਦੀਕ ਹੀ ਇੱਕ ਵੱਡਾ ਸਰਕਾਰੀ ਸਕੂਲ ਹੈ ਜਿਸ ਦੇ ਬੱਚੇ ਰੋਜ਼ਾਨਾ ਡੰਪ ਦੇ ਕੋਲੋਂ ਲੰਘਦੇ ਹਨ। ਦੱਸਣ ਯੋਗ ਹੈ ਕਿ ਪਿੱਛੋਂ ਲਾਲ ਮਿੱਟੀ ਓਵਰਲੋਡ ਵੱਡੀਆਂ ਗੱਡੀਆਂ ਵਿੱਚ ਲਿਆ ਕੇ ਇੱਥੇ ਉਤਾਰੀ ਜਾਂਦੀ ਹੈ ਅਤੇ ਫਿਰ ਹਿਮਾਚਲ ਪ੍ਰਦੇਸ਼ ਨੂੰ ਵਾਪਸ ਜਾ ਰਹੀਆਂ ਗੱਡੀਆਂ ਰਾਹੀਂ ਇਹ ਮਿੱਟੀ ਅਲਟਰਾਟੈਕ ਸੀਮੇਂਟ ਪਲਾਟ ਬਾਘਾ ਹਿਮਾਚਲ ਪ੍ਰਦੇਸ਼ ਭੇਜੀ ਜਾਂਦੀ ਹੈ ਜਦੋਂ ਗੱਡੀਆਂ ਤੋਂ ਮਿੱਟੀ ਉਤਾਰਨ ਅਤੇ ਲੱਦਣ ਸਮੇਂ ਹਵਾ ਚੱਲਣ ਨਾਲ ਮਿੱਟੀ ਉੱਡ ਕੇ ਪ੍ਰਦੂਸ਼ਣ ਫੈਲਦਾ ਹੈ। ਇਸ ਸਬੰਧੀ ਜਦੋਂ ਸਥਾਨਕ ਡੰਪ ਤੇ ਬੈਠੇ ਠੇਕੇਦਾਰ ਵੱਲੋਂ ਰੱਖੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਡੰਪ ਨਾਲ ਨਜ਼ਦੀਕੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਗ੍ਰਾਮ ਪੰਚਾਇਤ ਦੇ ਨਾਲ ਪਿੰਡ ਵਾਸੀਆਂ ਨਾਲ ਵੀ ਗੱਲ ਚੱਲ ਰਹੀ ਹੈ। ਜਦੋਂ ਪ੍ਰਦੂਸ਼ਣ ਵਿਭਾਗ ਦੀ ਐਨਓਸੀ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਹੋਰ ਵੀ ਕਈ ਡੰਪ ਚੱਲ ਰਹੇ ਹਨ ਵਿਭਾਗ ਵੱਲੋਂ ਕਿਸੇ ਨੂੰ ਵੀ ਐਨਓਸੀ ਨਹੀਂ ਦਿੱਤੀ ਗਈ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਤੇ ਪਰਿਵਾਰਿਕ ਮੈਂਬਰ ਗੁਰਦਿਆਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਠੇਕੇਦਾਰਾ ਵੱਲੋਂ ਕੋਈ ਵੀ ਡੰਪ ਖੋਲਣ ਸਬੰਧੀ ਮਨਜ਼ੂਰੀ ਨਹੀਂ ਲਈ ਗਈ ਪਿੰਡ ਵਾਸੀਆਂ ਵੱਲੋਂ ਜਦੋਂ ਡੰਪ ਖੁੱਲਣ ਦੀ ਸੂਚਨਾ ਦਿੱਤੀ ਤਾਂ ਤੁਰੰਤ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਡੰਪ ਬੰਦ ਕਰਨ ਲਈ ਗਿਆ ਉਹਨਾਂ ਦੱਸਿਆ ਕਿ ਡੰਪ ਦੀ ਜਮੀਨ ਦੇ ਅੱਗੇ ਪਿੰਡ ਦੀ ਪੰਚਾਇਤ ਦੀ ਜਮੀਨ ਹੈ ਜਿੱਥੋਂ ਠੇਕੇਦਾਰ ਰਸਤਾ ਬਣਾ ਰਹੇ ਸਨ ਉਹਨਾਂ ਨੂੰ ਰਸਤਾ ਬਣਾਉਣ ਤੋਂ ਰੋਕ ਦਿੱਤਾ ਗਿਆ ਹੈ ਸਰਪੰਚ ਦਾ ਕਹਿਣਾ ਹੈ ਕਿ ਉਹ ਪਿੰਡ ਵਾਸੀਆਂ ਦੇ ਨਾਲ ਹਨ। ਬੇਸ਼ੱਕ ਕੁਝ ਦਿਨ ਪਹਿਲਾਂ ਪ੍ਰਦੂਸ਼ਣ ਵਿਭਾਗ ਦੀ ਐਸਡੀਓ ਹਿਮਾਨੀ ਗੋਇਲ ਵੱਲੋਂ ਆਪਣੀ ਟੀਮ ਨਾਲ ਡੰਪ ਦਾ ਦੌਰਾ ਕੀਤਾ ਗਿਆ ਅਤੇ ਇਸ ਸਬੰਧੀ ਠੇਕੇਦਾਰ ਅਤੇ ਕੰਪਨੀ ਨੂੰ ਨੋਟਿਸ ਵੀ ਕੱਢੇ ਗਏ ਪਰ ਕੁਝ ਦਿਨ ਰੁਕਣ ਤੋਂ ਬਾਅਦ ਅੱਜ ਫਿਰ ਠੇਕੇਦਾਰਾਂ ਵੱਲੋਂ ਰਾਸਤਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧ ਵਿੱਚ ਪਿੰਡ ਵਾਸੀਆਂ ਵੱਲੋਂ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਨੂੰ ਡੰਪ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਪਰ ਇਹ ਕਾਰਵਾਈ ਕਾਗਜਾਂ ਤੱਕ ਹੀ ਸੀਮਤ ਰਹੀ।