ਪਹਿਲੇ ਹੀ ਪਾਣੀ ਦੇ ਵਹਾਅ ਨੇ ਖੋਲ੍ਹੀ ਕਰੋੜਾਂ ਦੇ ਸਤਲੁਜ ਪੁਲ ਦੀ ਪੋਲ
ਪਹਿਲੇ ਹੀ ਪਾਣੀ ਦੇ ਵਹਾਅ ਨੇ ਖੋਲ੍ਹੀ ਕਰੋੜਾਂ ਦੇ ਸਤਲੁਜ ਪੁਲ ਦੀ ਪੋਲ
Publish Date: Mon, 15 Jun 2026 05:43 PM (IST)
Updated Date: Mon, 15 Jun 2026 05:45 PM (IST)

ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਨੂਰਪੁਰ ਬੇਦੀ : ਦੋ ਤਖ਼ਤਾਂ ਨੂੰ ਜੋੜਨ ਵਾਲੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸੰਗਤ ਪੁਰ ਥਾਣੇ ਸਥਿਤ ਸਤਲੁਜ ਪੁਲ ਦੇ ਪਹਿਲੇ ਪਿੱਲਰ ਦੀ ਸੁਰੱਖਿਆ ਲਈ ਬਣਾਈ ਗਈ ਸਪੋਰਟ ਰਿਟੇਨਿੰਗ ਵਾਲ (ਡੰਗੇ) ਦੇ ਖਿਸਕਣ ਅਤੇ ਖੁਰਨ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੇ ਪੁਲ ਦੀ ਮਜ਼ਬੂਤੀ ਅਤੇ ਨਿਰਮਾਣ ਕਾਰਜ ਦੀ ਗੁਣਵੱਤਾ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਆਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਪਿੱਲਰ ਦੇ ਨੇੜੇ ਭਾਖੜਾ ਵੱਲੋਂ ਛੱਡੇ ਗਏ ਚਾਰ ਹਜ਼ਾਰ ਕਿਊਸਿਕ ਪਾਣੀ ਦੇ ਵਹਾਅ ਨਾਲ ਹੀ ਡੰਗੇ ਵਿੱਚ ਲੱਗੇ ਪੱਥਰਾਂ ਦੇ ਖਿਸਕਣ ਅਤੇ ਮਿੱਟੀ ਦੇ ਹੜਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਮਵਾਰ ਨੂੰ ਪੰਜਾਬ ਮੋਰਚਾ, ਨਿਹੰਗ ਸਿੰਘ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਕਾਰ ਖ਼ਿਲਾਫ਼ ਤਿੱਖਾ ਰੋਸ ਜ਼ਾਹਿਰ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਤੇ ਕਈ ਮਹੀਨਿਆਂ ਤੋਂ ਸਰਕਾਰ ਅਤੇ ਸਬੰਧਤ ਵਿਭਾਗਾਂ ਵੱਲੋਂ ਪੁਲ ਦੇ ਪਿੱਲਰਾਂ ਦੀ ਮਜ਼ਬੂਤੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ, ਪਰ ਹੁਣ ਪਹਿਲੇ ਹੀ ਪਾਣੀ ਦੇ ਵਹਾਅ ਨੇ ਉਨ੍ਹਾਂ ਦਾਅਵਿਆਂ ਦੀ ਹਕੀਕਤ ਲੋਕਾਂ ਸਾਹਮਣੇ ਰੱਖ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਹਾਲੇ ਮਾਨਸੂਨ ਦੀਆਂ ਬਰਸਾਤਾਂ ਵੀ ਸ਼ੁਰੂ ਨਹੀਂ ਹੋਈਆਂ ਅਤੇ ਨਾ ਹੀ ਸਤਲੁਜ ਦਰਿਆ ਵਿੱਚ ਵੱਡਾ ਪਾਣੀ ਆਇਆ ਹੈ। ਇਸ ਦੇ ਬਾਵਜੂਦ ਪੁਲ ਦੇ ਪਹਿਲੇ ਪਿੱਲਰ ਦੀ ਸੁਰੱਖਿਆ ਲਈ ਬਣਾਏ ਗਏ ਡੰਗੇ ਦੇ ਪੱਥਰ ਖਿਸਕਣ ਲੱਗ ਪਏ ਹਨ ਅਤੇ ਉਨ੍ਹਾਂ ਦੇ ਪਿੱਛੇ ਦੀ ਮਿੱਟੀ ਲਗਾਤਾਰ ਹੜ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਚੰਦ ਹਜ਼ਾਰ ਕਿਊਸਿਕ ਪਾਣੀ ਹੀ ਇਸ ਢਾਂਚੇ ਦੀ ਅਸਲੀਅਤ ਸਾਹਮਣੇ ਲਿਆ ਸਕਦਾ ਹੈ ਤਾਂ ਭਵਿੱਖ ਵਿੱਚ ਵੱਡੇ ਪਾਣੀ ਦੇ ਦਬਾਅ ਨੂੰ ਇਹ ਪੁਲ ਕਿਵੇਂ ਸਹਾਰ ਸਕੇਗਾ। ਸੰਘਰਸ਼ੀ ਆਗੂਆਂ ਨੇ ਦੋਸ਼ ਲਗਾਇਆ ਕਿ ਪੂਰੇ ਮਾਮਲੇ ਵਿੱਚ ਸਰਕਾਰ, ਸਬੰਧਤ ਠੇਕੇਦਾਰ ਅਤੇ ਵਿਭਾਗ ਸ਼ੱਕ ਦੇ ਘੇਰੇ ਵਿੱਚ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲ ਦੇ ਨਿਰਮਾਣ ਨਾਲ ਜੁੜੇ ਠੇਕੇਦਾਰ, ਮਾਈਨਿੰਗ ਵਿਭਾਗ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਪੂਰੇ ਨਿਰਮਾਣ ਕਾਰਜ ਦੀ ਉੱਚ ਪੱਧਰੀ ਤਕਨੀਕੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਸਾਹਮਣੇ ਸੱਚਾਈ ਆ ਸਕੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਲੋਕ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਅੱਛਰ ਸਿੰਘ ਮਹਾਕਾਲ, ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਵੀਰ ਸੈਣੀ ਮਾਜਰਾ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਸਮੇਤ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਮੌਜੂਦ ਸਨ।