ਹਿਮਾਚਲ ਦੇ ਗਰਾਂ ਐਂਟਰੀ ਟੈਕਸ ’ਤੇ ਰੋਜਾਨਾ ਲੱਗਦਾ ਜਾਮ
ਹਿਮਾਚਲ ਦੇ ਗਰ੍ਹਾਂ ਐਂਟਰੀ ਟੈਕਸ ’ਤੇ ਰੋਜਾਨਾ ਲੱਗਦਾ ਜਾਮ
Publish Date: Sat, 13 Jun 2026 05:51 PM (IST)
Updated Date: Sat, 13 Jun 2026 05:54 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਵਿਵਾਦਾਂ ਵਿੱਚ ਚੱਲ ਰਹੇ ਹਿਮਾਚਲ ਐਂਟਰੀ ਟੈਕਸ ਗਰ੍ਹਾਂ ਵਿਖੇ ਰੋਜਾਨਾ ਭਾਰੀ ਜਾਮ ਲੱਗਦਾ ਹੈ, ਜਿੱਥੇ ਰਾਹਗੀਰਾਂ ਨੂੰ ਇਕ ਕਿਲੋਮੀਟਰ ਸਫਰ ਕਰਨ ਲਈ ਘੰਟਾ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਬੱਸਾਂ ਦੇ ਚਾਲਕ ਰੋਂਗ ਸਾਈਡ ਜਾ ਕੇ ਐਂਟਰੀ ਟੈਕਸ ਪਾਰ ਕਰਨ ਲਈ ਆਪਣੀਆਂ ਬੱਸਾਂ ਲੈ ਜਾਂਦੇ ਹਨ ਜਿਸ ਨਾਲ ਹੋਰ ਕਾਰਾਂ ਅਤੇ ਵਾਹਨ ਵੀ ਇਨ੍ਹਾਂ ਦੇ ਪਿੱਛੇ ਹੀ ਚੱਲ ਪੈਂਦੇ ਹਨ, ਜਿਸ ਕਾਰਨ ਐਂਟਰੀ ਟੈਕਸ ’ਤੇ ਭਾਰੀ ਜਾਮ ਦੀ ਸਥਿਤੀ ਬਣ ਜਾਂਦੀ ਹੈ। ਗਲਤ ਦਿਸ਼ਾ ਵੱਲ ਜਾ ਰਹੇ ਵਾਹਨਾ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਕਿਉਂਕਿ ਜਦੋਂ ਹਿਮਾਚਲ ਸਾਈਡ ਤੋਂ ਕੋਈ ਵੱਡਾ ਮਲਟੀ ਐਕਸਲ ਟਰੱਕ ਆਉਂਦਾ ਹੈ ਤਾਂ ਇਕਦਮ ਉਸਨੂੰ ਰੋਕਣਾ ਮੁਸ਼ਕਿਲ ਹੁੰਦਾ ਹੈ। ਹਾਲਾਂਕਿ ਐਂਟਰੀ ਟੈਕਸ ’ਤੇ ਨਗਦ ਫਾਸਟ ਟੈਗ ਅਤੇ ਆਨਲਾਈਨ ਪੇਮੈਂਟ ਦੀ ਸੁਵਿਧਾ ਹੈ, ਪਰ ਐਂਟਰੀ ਟੈਕਸ ਚੜ੍ਹਾਈ ਵਿੱਚ ਲੱਗਿਆ ਹੋਣ ਕਾਰਨ ਬਾਹਰੀ ਵਾਹਨ ਚਾਲਕਾਂ ਨੂੰ ਇਕ ਦਮ ਗੱਡੀ ਰੋਕ ਕੇ ਚਲਾਉਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਜਿਸ ਕਾਰਨ ਕਈ ਵਾਹਨ ਇਸ ਜਗ੍ਹਾ ’ਤੇ ਬਰੇਕ ਡਾਉਨ ਹੋ ਜਾਂਦੇ ਹਨ, ਜਿਸ ਨਾਲ ਵਾਹਨਾ ਦਾ ਨੁਕਸਾਨ ਵੀ ਹੁੰਦਾ ਹੈ। ਰੋਜਾਨਾ ਲੱਗ ਰਹੇ ਜਾਮ ਕਾਰਨ ਰੋਜਾਨਾ ਦੇ ਚੱਲਣ ਵਾਲੇ ਟਰੱਕ ਡਰਾਈਵਰ ਅਤੇ ਸੈਲਾਨੀ ਡਾਢੇ ਦੁੱਖੀ ਹਨ। ਇਸ ਦੇ ਨਾਲ ਹੀ ਐਂਟਰੀ ਟੈਕਸ ’ਤੇ ਕੰਮ ਕਰਨ ਵਾਲੇ ਕਰਿੰਦਿਆਂ ’ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲੱਗਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਹੀ ਘਟਨਾ ਅੱਜ ਵਾਪਰੀ ਜਿੱਥੇ ਇੱਕ ਕਾਰ ਚਾਲਕ ਵੱਲੋਂ 100 ਰੁਪਏ ਦੀ ਜਗ੍ਹਾ ਤੇ 125 ਰੁਪਏ ਵਸੂਲਣ ਤੇ ਇਲਜ਼ਾਮ ਵੀ ਲਗਾਏ ਗਏ। ਕਾਰ ਚਾਲਕ ਵੱਲੋਂ ਹੰਗਾਮਾ ਕਰਨ ’ਤੇ ਮੌਕੇ ’ਤੇ ਪੁਲਿਸ ਨੂੰ ਬੁਲਾਇਆ ਗਿਆ। ਜਿਸ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਪਹਿਲਾਂ ਵੀ ਟਰੱਕ ਚਾਲਕਾਂ ਵੱਲੋਂ ਗੁੰਡਾਗਰਦੀ ਦੇ ਇਲਜ਼ਾਮ ਐਂਟਰੀ ਟੈਕਸ ਦੇ ਖਿਲਾਫ ਲਗਾਏ ਗਏ ਹਨ। ਐਂਟਰੀ ਟੈਕਸ ’ਤੇ ਲੱਗ ਰਹੇ ਰੋਜਾਨਾ ਜਾਮ ਤੋਂ ਸਥਾਨਕ ਨਿਵਾਸੀ ਵੀ ਤੰਗ ਹਨ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਐਂਟਰੀ ਟੈਕਸ ਨੂੰ ਇਸ ਜਗ੍ਹਾ ਤੋਂ ਬਦਲ ਕੇ ਹੋਰ ਜਗ੍ਹਾ ਲਗਾਇਆ ਜਾਵੇ ਤਾਂ ਜੋ ਰੋਜਾਨਾ ਦੇ ਲੱਗ ਰਹੇ ਜਾਮ ਤੋਂ ਨਿਜਾਤ ਪਾਈ ਜਾ ਸਕੇ।