ਐੱਸਡੀਓ ਨੇ ਮੱਸੇਵਾਲ ਵਿਖੇ ਖੁੱਲ੍ਹੇ ਲਾਲ ਮਿੱਟੀ ਦੇ ਡੰਪ ਦਾ ਕੀਤਾ ਨਿਰੀਖਣ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਸਡੀਓ ਵੱਲੋਂ ਪਿੰਡ ਮੱਸੇਵਾਲ ਵਿਖੇ ਖੁੱਲੇ ਲਾਲ ਮਿੱਟੀ ਦੇ ਡੰਪ ਦਾ ਕੀਤਾ ਨਿਰੀਖਣ
Publish Date: Sat, 13 Jun 2026 03:40 PM (IST)
Updated Date: Sat, 13 Jun 2026 03:42 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ, ਬਿਲਾਸਪੁਰ : ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ਦੇ ਨਾਲ ਪਿੰਡ ਮੱਸੇਵਾਲ ਵਿਖੇ ਖੁੱਲ੍ਹੇ ਲਾਲ ਮਿੱਟੀ ਦੇ ਡੰਪ ਦਾ ਬੀਤੇ ਦਿਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐੱਸ.ਡੀ.ਓ. ਹਿਮਾਨੀ ਗੋਇਲ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਡੰਪ ਦਾ ਵਿਰੋਧ ਕਰਨ ਵਾਲੇ ਪਿੰਡ ਮੱਸੇਵਾਲ ਦੇ ਵਸਨੀਕ ਵੀ ਮੌਕੇ ਉੱਪਰ ਮੌਜੂਦ ਸਨ ਜਿਨਾਂ ਵੱਲੋਂ ਐਸਡੀਓ ਨੂੰ ਆਪਣੀ ਸਮੱਸਿਆ ਵਿਸਥਾਰਪੂਰ ਦੱਸੀ ਗਈ। ਜ਼ਿਕਰਯੋਗ ਹੈ ਕਿ ਚੰਗਰ ਇਲਾਕੇ ਦੇ ਪਿੰਡ ਮੱਸੇਵਾਲ ਦੇ ਵਸਨੀਕਾਂ ਵੱਲੋਂ ਬੀਤੇ ਮੰਗਲਵਾਰ ਨੂੰ ਬਿਲਾਸਪੁਰ-ਕੀਰਤਪੁਰ ਸਾਹਿਬ ਰਾਸ਼ਟਰੀ ਮਾਰਗ ਦੇ ਨਜ਼ਦੀਕ ਖੋਲ੍ਹੇ ਗਏ ਲਾਲ ਮਿੱਟੀ ਦੇ ਡੰਪ ਦੇ ਵਿਰੋਧ ਵਿੱਚ ਡੰਪ ਮਾਲਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਡੰਪ ਨਾ ਹਟਾਇਆ ਗਿਆ ਤਾਂ ਉਹ ਕੌਮੀ ਮਾਰਗ ’ਤੇ ਚੱਕਾ ਜਾਮ ਕਰਨਗੇ। ਇਸ ਵਿਰੋਧ ਪ੍ਰਦਰਸ਼ਨ ਬਾਰੇ ਪ੍ਰਿੰਟ ਮੀਡੀਆ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਐਸਡੀਓ ਹਿਮਾਨੀ ਗੋਇਲ ਦੀ ਅਗਵਾਈ ਹੇਠ ਪਿੰਡ ਮੱਸੇਵਾਲ ਵਿਖੇ ਖੁੱਲੇ ਡੰਪ ਦਾ ਮੌਕਾ ਦੇਖਿਆ ਗਿਆ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਐਸਡੀਓ ਨੂੰ ਦੱਸਿਆ ਕਿ ਜਿਸ ਜ਼ਮੀਨ ’ਤੇ ਇਹ ਡੰਪ ਖੋਲ੍ਹਿਆ ਗਿਆ ਹੈ, ਉਹ ਪਿੰਡ ਦੇ ਰਿਹਾਇਸ਼ੀ ਇਲਾਕੇ ਅਤੇ ਸਰਕਾਰੀ ਸਕੂਲ ਦੇ ਬਹੁਤ ਨੇੜੇ ਸਥਿਤ ਹੈ। ਇਸ ਕਾਰਨ ਡੰਪ ਤੋਂ ਉੱਡਣ ਵਾਲੀ ਧੂੜ-ਮਿੱਟੀ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਸਾਹ ਤੇ ਚਮੜੀ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣ ਸਕਦਾ ਹੈ।ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਏ ਸਨ ਕਿ ਡੰਪ ਮਾਲਕਾਂ ਵੱਲੋਂ ਕਿਸੇ ਵੀ ਮਹਿਕਮੇ ਤੋਂ ਡੰਪ ਖੋਲਣ ਬਾਰੇ ਐਨਓਸੀ ਨਹੀਂ ਲਈ ਗਈ ਹੈ। ਮੌਕਾ ਦੇਖਣ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਹਿਮਾਨੀ ਗੋਇਲ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਡੰਪ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਵਿਭਾਗ ਦੇ ਐਕਸੀਅਨ ਵਿਪਿਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਪਿੰਡ ਮੱਸੇਵਾਲ ਵਿੱਚ ਖੁੱਲ੍ਹੇ ਡੰਪ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਡੰਪ ਮਾਲਕ ਮੌਕੇ ’ਤੇ ਮੌਜੂਦ ਨਹੀਂ ਸਨ, ਪਰ ਪਿੰਡ ਵਾਸੀਆਂ ਨੇ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਸਾਹਮਣੇ ਰੱਖੀਆਂ ਹਨ। ਐੱਸ.ਡੀ.ਓ. ਨੇ ਸਪੱਸ਼ਟ ਕੀਤਾ ਕਿ ਡੰਪ ਮਾਲਕਾਂ ਵੱਲੋਂ ਡੰਪ ਖੋਲ੍ਹਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕੋਈ ਐਨ.ਓ.ਸੀ. ਜਾਂ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਡੰਪ ਮਾਲਕ ਨੂੰ ਫੋਨ ਕਰਕੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ ਸੀਮੈਂਟ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਜਾਵੇਗਾ, ਜਿਸ ਦੇ ਅਧੀਨ ਇਹ ਡੰਪ ਖੋਲ੍ਹਿਆ ਗਿਆ ਹੈ, ਤਾਂ ਜੋ ਇਸ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਡੰਪ ਮਾਲਕ ਅਤੇ ਸਬੰਧਤ ਸੀਮੈਂਟ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨ ਦੇਵੇਗਾ। ਨਾਲ ਹੀ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਨੂੰ ਵੀ ਅਜਿਹਾ ਡੰਪ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ ਡੰਪ ਮਾਲਕਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਡੰਪ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਦੇ ਹੋਏ ਲੋੜੀਂਦੀਆਂ ਗਾਈਡਲਾਈਨਾਂ ਅਨੁਸਾਰ ਕੰਮ ਕਰਨਗੇ। ਜੇਕਰ ਵਿਭਾਗ ਵੱਲੋਂ ਡੰਪ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਉਸ ਦੀ ਵੀ ਪਾਲਣਾ ਕਰਨਗੇ।