ਲੋਕ ਪਾਣੀ ਦੀ ਗੁਣਵੱਤਾ ਬਾਰੇ ਅਫ਼ਵਾਹਾਂ ’ਤੇ ਨਾ ਕਰਨ ਭਰੋਸਾ ਨਗਰ ਕੌਂਸਲ ਨੰਗਲ ਵੱਲੋਂ ਪਾਣੀ ਦੀ ਗੁਣਵੱਤਾ ਬਾਰੇ ਅਫਵਾਹਾਂ ‘ਤੇ ਭਰੋਸਾ ਨਾ ਕਰਨ ਦੀ ਅਪੀਲ
Publish Date: Tue, 30 Jun 2026 05:31 PM (IST)
Updated Date: Wed, 01 Jul 2026 04:05 AM (IST)
ਪੰਜਾਬੀ ਜਾਗਰਣ ਟੀਮ, ਨੰਗਲ : ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਫਸਰ ਅਫਸਰ ਸੰਗੀਤ ਕੁਮਾਰ ਨੇ ਸ਼ਹਿਰ ਵਿੱਚ ਪਾਣੀ ਦੀ ਗੁਣਵੱਤਾ ਤੇ ਇਨਫੈਕਸ਼ਨ ਦੇ ਮਾਮਲਿਆਂ ਸਬੰਧੀ ਫੈਲ ਰਹੀਆਂ ਅਫਵਾਹਾਂ ‘ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਕੁਝ ਵਾਰਡਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਦੀਆਂ ਖਬਰਾਂ ਮਿਲੀਆਂ ਹਨ। ਨਗਰ ਕੌਂਸਲ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਦੇਖ ਰਹੀ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਿਛਲੇ ਦਿਨਾਂ ਤੋਂ ਪਾਣੀ ਦੀ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਸਾਰੇ ਵਾਟਰ ਸਪਲਾਈ ਸਿਸਟਮਾਂ ‘ਤੇ ਪ੍ਰੋਪਰ ਕਲੋਰੀਨੇਸ਼ਨ ਯਕੀਨੀ ਬਣਾਈ ਜਾ ਰਹੀ ਹੈ। ਵੱਖ-ਵੱਖ ਇਲਾਕਿਆਂ ਤੋਂ ਪਾਣੀ ਦੇ ਸੈਂਪਲ ਇਕੱਠੇ ਕਰਕੇ ਉਨ੍ਹਾਂ ਦੀ ਜਾਂਚ ਨਗਰ ਕੌਂਸਲ ਅਤੇ ਵਾਟਰ ਸਪਲਾਈ ਬੋਰਡ ਦੀਆਂ ਲੈਬੋਰਟਰੀਆਂ ਵਿੱਚ ਕਰਵਾਈ ਗਈ ਹੈ, ਜਿੱਥੇ ਸਾਰੇ ਸੈਂਪਲ ਬਿਲਕੁਲ ਸੁਰੱਖਿਅਤ ਅਤੇ ਮਿਆਰੀ ਪਾਏ ਗਏ ਹਨ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਪਾਣੀ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਭੀਰ ਖਾਮੀ ਨਹੀਂ ਹੈ। ਸੰਗੀਤ ਕੁਮਾਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਨੰਗਲ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਮਿਲੀ ਹੈ ਕਿ ਹਸਪਤਾਲ ਵਿੱਚ ਕੁਝ ਬੱਚਿਆਂ ਦੇ ਪੇਟ ਨਾਲ ਸੰਬੰਧਿਤ ਇਨਫੈਕਸ਼ਨ ਦੇ ਮਾਮਲੇ ਆਏ ਹਨ। ਹਾਲਾਂਕਿ ਪੀਲੀਆ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਜ਼ਿਆਦਾਤਰ ਬੱਚੇ ਛੁੱਟੀਆਂ ਦੌਰਾਨ ਬਾਹਰ ਘੁੰਮਣ ਗਏ ਹੋਏ ਸਨ। ਇਸ ਤੋਂ ਇਲਾਵਾ, ਬਿਨਾਂ ਜਾਂਚੇ ਪਾਣੀ ਨਾਲ ਲੱਗੀਆਂ ਛਬੀਲਾਂ ਆਦਿ ਦਾ ਪ੍ਰਭਾਵ ਵੀ ਇੱਕ ਸੰਭਾਵਿਤ ਕਾਰਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਮਾਮਲੇ ਹੋਣ ਦੀਆਂ ਖਬਰਾਂ ਬਿਲਕੁਲ ਗਲਤ ਹਨ ਅਤੇ ਸਿਵਲ ਹਸਪਤਾਲ ਨੰਗਲ ਵਿੱਚ ਹੁਣ ਤੱਕ ਸਿਰਫ ਤਿੰਨ ਹੀ ਮਾਮਲੇ ਸ਼ੱਕ ਦੇ ਆਧਾਰ ‘ਤੇ ਦਰਜ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਾਰੇ ਵਾਟਰ ਸਪਲਾਈ ਪੰਪਾਂ ‘ਤੇ ਡੋਜ਼ਰ ਲਗਾ ਕੇ ਕਲੋਰੀਨੇਸ਼ਨ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਅਤੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਸਾਫ਼ ਕਰਨ ਉਪਰੰਤ ਹੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਣੀ ਅਤੇ ਸੀਵਰੇਜ ਦੀ ਸਾਂਝੀ ਟੀਮ ਬਣਾਕੇ ਲੀਕੇਜ ਜਾਂ ਮਿਕਸਿੰਗ ਦੀ ਸਮੱਸਿਆ ਨੂੰ ਤੁਰੰਤ ਠੀਕ ਕਰਨ ਲਈ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਦੂਰ ਰਹਿਣ ਅਤੇ ਬਰਸਾਤੀ ਮੌਸਮ ਦੌਰਾਨ ਸਾਫ਼ ਪਾਣੀ ਦੀ ਵਰਤੋਂ, ਉਬਾਲਿਆ ਪਾਣੀ ਪੀਣ ਅਤੇ ਸਿਹਤ ਸੰਬੰਧੀ ਸਾਵਧਾਨੀਆਂ ਅਪਣਾਉਣ। ਨਗਰ ਕੌਂਸਲ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਸਵੱਛ ਪਾਣੀ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।