ਹਨੇਰੀ ਕਾਰਨ ਬਿਜਲੀ ਸਪਲਾਈ ਠੱਪ ਹੋਣ ’ਤੇ ਨੂਰਪੁਰਬੇਦੀ ਦੇ 50 ਤੋਂ ਵੱਧ ਪਿੰਡ ਹਨੇਰੇ ’ਚ ਡੁੱਬੇ
ਹਨੇਰੀ ’ਤੇ ਵਰਖਾ ਕਾਰਨ ਬਿਜਲੀ ਸਪਲਾਈ ਠੱਪ ਹੋਣ ’ਤੇ ਨੂਰਪੁਰਬੇਦੀ ਦੇ 50 ਤੋਂ ਵੱਧ ਪਿੰਡ ਹਨ੍ਹੇਰੇ ’ਚ ਡੁੱਬੇ
Publish Date: Fri, 12 Jun 2026 05:22 PM (IST)
Updated Date: Fri, 12 Jun 2026 05:24 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ: ਦੇਰ ਰਾਤ ਚੱਲੀ ਤੇਜ਼ ਹਨੇਰੀ ਕਾਰਣ ਨੂਰਪੁਰਬੇਦੀ ਖੇਤਰ ਦੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਗੁੱਲ ਹੋ ਜਾਣ ਕਾਰਣ ਉਕਤ ਪਿੰਡ ਹਨ੍ਹੇਰੇ ’ਚ ਡੁੱਬੇ ਰਹੇ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 8 ਵਜੇ ਕਈ ਘੰਟਿਆਂ ਤੱਕ ਮੀਂਹ ਦੇ ਨਾਲ-ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਵੱਖ ਵੱਖ ਪਿੰਡਾਂ ’ਚ ਕਈ ਜਗ੍ਹਾ ’ਤੇ ਬਿਜਲੀ ਦੀਆਂ ਤਾਰਾਂ ਪਰ ਦਰੱਖਤ ਟੁੱਟ ਕੇ ਡਿੱਗ ਪਏ। ਇਸਦੇ ਚੱਲਦਿਆਂ ਨੂਰਪੁਰਬੇਦੀ ਸ਼ਹਿਰ ਸਮੇਤ ਕਈ ਫੀਡਰਾਂ ਨਾਲ ਜੁੜੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਅਚਾਨਿਕ ਗੁੱਲ ਹੋ ਗਈ। ਇਸ ਦੌਰਾਨ ਉਕਤ ਪਿੰਡ ਹਨ੍ਹੇਰੇ ’ਚ ਡੁੱਬੇ ਰਹੇ। ਸਾਰੀ ਰਾਤ ਕੰਮ ’ਤੇ ਜੁੱਟੇ ਰਹੇ ਬਿਜਲੀ ਕਰਮਚਾਰੀਆਂ ਨੇ ਆਖਿਰਕਾਰ ਕਈ ਘੰਟਿਆਂ ਦੀ ਮਿਹਨਤ ਸਦਕਾ ਸਵੇਰ ਤੱਕ ਸਮੁੱਚੇ ਪਿੰਡਾਂ ਦੀ ਇਕ-ਇਕ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਇਸ ਦੌਰਾਨ ਕਈ ਘੰਟੇ ਬਿਜਲੀ ਸਪਲਾਈ ’ਚ ਵਿਘਨ ਪੈਣ ਕਾਰਣ ਲੋਕਾਂ ਨੂੰ ਪੂਰੀ ਰਾਤ ਗਰਮੀ ਨਾਲ ਬੇਹਾਲ ਹੋਣਾ ਪਿਆ। ਤੇਜ਼ ਹਵਾਵਾਂ ਕਾਰਣ ਕਈ ਦੁਕਾਨਾਂ ’ਤੇ ਕਾਰੋਬਾਰੀ ਸਥਾਨਾਂ ’ਤੇ ਲੱਗੇ ਸਾਈਨ ’ਤੇ ਇਸ਼ਤਿਹਾਰੀ ਬੋਰਡ ਵੀ ਟੁੱਟ ਕੇ ਸੜਕਾਂ ’ਤੇ ਬਜ਼ਾਰਾਂ ’ਚ ਵਿੱਖਰੇ ਪਏ ਦੇਖੇ ਗਏ। ਕਰੀਬ 2 ਘੰਟੇ ਤੱਕ ਚੱਲੀ ਹਨ੍ਹੇਰੀ ਕਾਰਨ ਕਈ ਸਥਾਨਾਂ ’ਤੇ ਦਰਜਨਾਂ ਦਰੱਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਪਏ। ਜਿਨ੍ਹਾਂ ਦੀ ਕਟਾਈ ਕਰਨ ਲਈ ਬਿਜਲੀ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ ’ਤੇ ਅੱਜ ਦਿਨ ਸਮੇਂ ਵੀ ਮੁਲਾਜ਼ਮ ਕੰਮ ’ਤੇ ਜੁਟੇ ਰਹੇ। ਇਸ ਦੌਰਾਨ ਬੜਵਾ, ਬਸੀ ਅਤੇ ਨੂਰਪੁਰਬੇਦੀ ਸਹਿਤ ਅੱਧਾ ਦਰਜਨ ਤੋਂ ਵੀ ਵੱਧ ਫੀਡਰਾਂ ਨਾਲ ਜੁੜ੍ਹੇ ਕਰੀਬ 50 ਤੋਂ ਵੀ ਵੱਧ ਪਿੰਡਾਂ ਦੀ ਕਈ ਘੰਟੇ ਬਿਜਲੀ ਸਪਲਾਈ ਠੱਪ ਰਹੀ। ਇਨ੍ਹਾਂ ’ਚੋਂ ਕਈ ਪਿੰਡਾਂ ਦੀ ਬਿਜਲੀ ਕਰਮਚਾਰੀਆਂ ਦੀ ਸਖਤ ਮਿਹਨਤ ਸਦਕਾ ਰਾਤ ਸਮੇਂ ਹੀ ਕਈ ਘੰਟਿਆਂ ਬਾਅਦ ਸਪਲਾਈ ਬਹਾਲ ਹੋਈ। ਇਸ ਸੰਬੰਧੀ ਗੱਲ ਕਰਨ ’ਤੇ ਵਿਭਾਗ ਦੇ ਐੱਸ.ਡੀ.ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕਈ ਪਿੰਡਾਂ ’ਚ ਬਿਜਲੀ ਦੀਆਂ ਤਾਰਾਂ ’ਤੇ ਦਰੱਖਤ ਡਿੱਗਣ ਕਾਰਨ ਸਪਲਾਈ ’ਚ ਵਿਘਨ ਪਿਆ ਸੀ। ਉਨ੍ਹਾਂ ਕਿਹਾ ਕਿ ਕੁਝ ਪਿੰਡਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ’ਤੇ ਕਰੀਬ 16 ਫੀਡਰਾਂ ’ਚੋਂ 9 ਫੀਡਰਾਂ ਨਾਲ ਜੁੜ੍ਹੇ ਜ਼ਿਆਦਾਤਰ ਪਿੰਡਾਂ ਦੀ ਰਾਤ ਸਮੇਂ ਹੀ ਇਕ ਇਕ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਜਦਕਿ ਰਹਿੰਦੇ ਕੁਝ ਪਿੰਡਾਂ ਦੀ ਸਵੇਰ ਸਮੇਂ ਬਿਜਲੀ ਸਪਲਾਈ ਚਾਲੂ ਕੀਤੀ ਗਈ। ਬਾਕਸ ਇੰਨ ਅੱਜ ਸਵੇਰੇ ਬਿਜਲੀ ਸਪਲਾਈ ਕਰਨ ਦੇ ਕੰਮ ’ਚ ਜੁਟੇ ਪਾਵਰਕਾਮ ਦਫਤਰ ਸਿੰਘਪੁਰ ਵਿਖੇ ਤੈਨਾਤ ਲਾਈਨਮੈਨ ਗੁਰਮੀਤ ਸਿੰਘ (56) ਪੁੱਤਰ ਬੱਲਮ ਸਿੰਘ ਉਰਫ ਗੁਰਬਚਨ ਸਿੰਘ, ਪਿੰਡ ਬਸੀ ਦੀ ਅਚਾਨਕ ਖੰਭੇ ਤੋਂ ਡਿੱਗ ਕੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਰਾਤ ਸਮੇਂ ਨੂਰਪੁਰਬੇਦੀ ਖੇਤਰ ਦੀ ਪ੍ਰਂਭਾਵਿਤ ਹੋਈ ਸਪਲਾਈ ਬਹਾਲ ਕਰਨ ਲਈ ਅੱਜ ਸਵੇਰੇ ਕਰੀਬ 7.30 ਕੁ ਵਜੇ ਨੂਰਪੁਰਬੇਦੀ ਸਥਿਤ ਬੜਵਾ ਫੀਡਰ ਜਿਸਦੇ ਕੁਝ ਪਿੰਡਾਂ ਦੀ ਰਾਤ ਤੋਂ ਹੀ ਬਿਜਲੀ ਸਪਲਾਈ ਬੰਦ ਸੀ ਦੇ ਨੂਰਪੁਰਬੇਦੀ ਬਾਈਪਾਸ ਲਾਗੇ ਸਥਿਤ ਮੇਨ ਟੀ- ਆਫ ਦੀ ਮੁਰੰਮਤ ਲਈ ਗੁਰਮੀਤ ਸਿੰਘ ਹੋਰਨਾਂ ਸਾਥੀਆਂ ਨਾਲ ਪੋਲ ’ਤੇ ਚੜ੍ਹ ਕੇ ਜੰਪਰ ਠੀਕ ਕਰ ਰਿਹਾ ਸੀ।ਇਸ ਦੌਰਾਨ ਅਚਾਨਕ ਜੰਪਰ ਠੀਕ ਕਰਨ ਤੋਂ ਬਾਅਦ ਉਹ ਪੋਲ ਤੋਂ ਹੇਠਾਂ ਡਿੱਗ ਗਿਆ। ਮੌਕੇ ’ਤੇ ਮੌਜੂਦ ਜੇ.ਈ. ਰੋਹਿਤ ਕੁਮਾਰ ਤੇ ਹੋਰਨਾਂ ਮੁਲਾਜ਼ਮਾਂ ਨੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਪਹੁੰਚਾਇਆ। ਮਗਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸ.ਡੀ.ਓ. ਰਾਜੇਸ਼ ਸ਼ਰਮਾ ਨੇ ਆਖਿਆ ਕਿ ਬਿਜਲੀ ਬਹਾਲ ਕਰਨ ਮੌਕੇ ਸਪਲਾਈ ਬੰਦ ਸੀ ਅਤੇ ਇਹ ਹਾਦਸਾ ਕਰੰਟ ਲੱਗਣ ਨਾਲ ਨਹੀਂ ਬਲਕਿ ਅਚਾਨਕ ਵਾਪਰਿਆ ਹੈ। ਸਮੂਹ ਬਿਜਲੀ ਮੁਲਾਜ਼ਮਾਂ ਨੇ ਲਾਈਨਮੈਨ ਦੀ ਮੌਤ ’ਤੇ ਦੁੱਖ ਜਤਾਇਆ। ਪੁਲਸ ਨੇ ਫਿਲਹਾਲ ਵਿਭਾਗ ਦੇ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਉਪਰੰਤ 94 ਬੀ.ਐੱਨ.ਐੱਸ. (ਐੱਸ.) ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।