ਪਿੰਡ ਦੀ ਚਰਾਂਦ ’ਚ ਹੋਈ ਨਜਾਇਜ਼ ਮਾਈਨਿੰਗ ਦੀ ਜਾਂਚ ਲਈ ਲਿਖਿਆ ਪੱਤਰ ਪਿੰਡ ਦੀ ਚਰਾਂਦ ’ਚ ਹੋਈ ਨਜਾਇਜ਼ ਮਾਈਨਿੰਗ ਦੀ ਜਾਂਚ ਲਈ ਲਿਖਿਆ ਪੱਤਰ
Publish Date: Mon, 29 Jun 2026 05:03 PM (IST)
Updated Date: Tue, 30 Jun 2026 04:02 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਬੀਤੇ ਦਿਨੀ ਭਲਾਣ ਪਿੰਡ ਦੀ ਚਰਾਂਦ ਦੇ ਵਿੱਚ ਹੋਈ ਨਜਾਇਜ਼ ਮਾਈਨਿੰਗ ’ਤੇ ਖਣਿਜਾਂ ਦੀ ਚੋਰੀ ਨੂੰ ਲੈ ਕੇ ਪਿੰਡ ਭਲਾਣ ਦੇ ਵਸਨੀਕ ਜਤਿੰਦਰ ਪਾਲ ਵੱਲੋਂ ਡੀਡੀਪੀਓ ਰੂਪਨਗਰ ਨੂੰ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਲਈ ਇੱਕ ਪੱਤਰ ਲਿਖਿਆ ਹੈ ਅਤੇ ਇਸਦੇ ਵਿੱਚ ਪਿੰਡ ਦੀ ਸਰਪੰਚ ਦੇ ਪਤੀ ਅਤੇ ਕੁਝ ਹੋਰ ਵਿਅਕਤੀਆਂ ’ਤੇ ਨਜਾਇਜ਼ ਮਾਈਨਿੰਗ ਕਰਵਾਉਣ ਦੇ ਗੰਭੀਰ ਆਰੋਪ ਵੀ ਲਗਾਏ ਹਨ। ਦੱਸਣਾ ਬਣਦਾ ਹੈ ਕਿ ਪੰਜਾਬੀ ਜਾਗਰਣ ਵੱਲੋਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਭਲਾਣ ਪਿੰਡ ਦੀ ਚਰਾਂਦ ਵਿੱਚ ਹੋਈ ਨਜਾਇਜ਼ ਮਾਈਨਿੰਗ ਦੀ ਖਬਰ ਨੂੰ ਪ੍ਰਮੁਖਤਾ ਦੇ ਨਾਲ ਛਾਪਿਆ ਸੀ। ਆਪਣੇ ਲਿਖੇ ਗਏ ਪੱਤਰ ਦੇ ਵਿੱਚ ਜਤਿੰਦਰ ਪਾਲ ਵੱਲੋਂ ਲਿਖਿਆ ਗਿਆ ਹੈ ਕਿ ਪਿੰਡ ਦੀ ਸਰਪੰਚ ਦੇ ਪਤੀ ਚਮਨ ਲਾਲ ਵੱਲੋਂ ਆਪਣੇ ਕੁਝ ਵਿਅਕਤੀਆਂ ਦੇ ਨਾਲ ਮਿਲ ਕੇ ਨਜਾਇਜ ਮਾਈਨਿੰਗ ਕਰਵਾਈ ਜਾ ਰਹੀ ਹੈ ਅਤੇ ਇਹ ਵਿਅਕਤੀ ਕ੍ਰੈਸ਼ਰ ਵਾਲਿਆਂ ਨਾਲ ਮਿਲ ਕੇ 1500 ਰੁਪਏ ਟਿੱਪਰ ਦੇ ਹਿਸਾਬ ਨਾਲ ਮਾਈਨਿੰਗ ਕਰਵਾਉਂਦੇ ਹਨ। ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਪੱਤਰ ਦੇ ਵਿੱਚ ਜਤਿੰਦਰ ਪਾਲ ਵੱਲੋਂ 7 ਮਈ ਅਤੇ 23 ਜੂਨ ਨੂੰ ਸੋਸ਼ਲ ਮੀਡੀਏ ਰਾਹੀਂ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਅਗਾਹ ਕਰਨ ਸਬੰਧੀ ਵੀ ਲਿਖਿਆ ਹੈ ਅਤੇ ਉਸ ’ਤੇ ਕੋਈ ਕਾਰਵਾਈ ਨਾ ਹੋਣ ਦੀ ਗੱਲ ਵੀ ਕਹੀ ਗਈ ਹੈ। ਉਕਤ ਦਰਖਾਸਤ ਕਰਤਾ ਨੇ ਸਵਾਂ ਨਦੀ ਦੇ ਵਿੱਚ ਕੀਤੀ ਜਾ ਰਹੀ ਮਾਈਨਿੰਗ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਪ੍ਰਸ਼ਾਸਨ ਨੂੰ ਅਗਾਹ ਕਰਵਾਇਆ ਹੈ ਅਤੇ ਉਕਤ ਵਿਅਕਤੀਆਂ ਦੇ ਮੁਬਾਇਲਾਂ ਦੀਆਂ ਲੋਕੇਸ਼ਨਾਂ ਨਾਲ ਜਾਂਚ ਕਰਨ ਦੀ ਗੱਲ ਵੀ ਕਹੀ ਹੈ। ਕਰੈਸ਼ਰਾਂ ਦੇ ਕੱਚੇ ਮਾਲ ਦੀ ਹੋਵੇ ਜਾਂਚ : ਜਤਿੰਦਰ ਪਾਲ ਇਸ ਸਬੰਧੀ ਜਦੋਂ ਫੋਨ ਤੇ ਭਲਾਣ ਪਿੰਡ ਦੇ ਵਸਨੀਕ ਜਤਿੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪਿੰਡ ਵਿੱਚ ਪੁੱਟੀਆਂ ਜਾ ਰਹੀਆਂ ਚਰਾਂਦਾ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਅਗਾਹ ਕਰਵਾਇਆ ਹੈ, ਪਰ ਵਾਰ ਵਾਰ ਕਹਿਣ ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ। ਜਤਿੰਦਰ ਪਾਲ ਨੇ ਦੱਸਿਆ ਕਿ ਇਹ ਮਾਈਨਿੰਗ ਕਰੈਸ਼ਰਾਂ ਵਾਲਿਆਂ ਦੀ ਮਿਲੀ ਭੁਗਤ ਦੇ ਨਾਲ ਹੁੰਦੀ ਹੈ ਅਤੇ ਜੇਕਰ ਇਹ ਜਾਂਚ ਕੀਤੀ ਜਾਵੇ ਕਿ ਕਰੈਸ਼ਰਾਂ ਵਾਲਿਆਂ ਕੋਲ ਕੱਚਾ ਮਾਲ ਕਿੱਥੋਂ ਆਉਂਦਾ ਹੈ ਤਾਂ ਬਹੁਤ ਵੱਡੇ ਖੁਲਾਸੇ ਹੋ ਸਕਦੇ ਹਨ । ਉਹਨਾਂ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆ ਕਿਹਾ ਕਿ ਉਹ ਅੱਜ ਵੀ ਇਸ ਗੱਲ ਤੇ ਅੜਿੱਗ ਹਨ ਕਿ ਪਿੰਡ ਦੇ ਕੁਝ ਲੋਕ ਪਿੰਡ ਦੇ ਉਜਾੜੇ ਦਾ ਕਾਰਨ ਬਣ ਰਹੇ ਹਨ ਅਤੇ ਜੇਕਰ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਕਿਸੇ ਵੀ ਤਰ੍ਹਾਂ ਨਾਲ ਪਿੰਡ ਨੂੰ ਉਜੜਨ ਨਹੀਂ ਦੇਣਗੇ। ਕੀ ਕਹਿੰਦੇ ਹਨ ਮਲਕੀਅਤ ਸਿੰਘ ਵਾਰ-ਵਾਰ ਫੋਨ ਕਰਨ ’ਤੇ ਪਿੰਡ ਭਲਾਣ ਦੀ ਸਰਪੰਚ ਦੇ ਪਤੀ ਚਮਨ ਲਾਲ ਵੱਲੋਂ ਜਦੋਂ ਫੋਨ ਨਾ ਚੁੱਕਿਆ ਗਿਆ ਤਾਂ ਇਸ ਸਬੰਧੀ ਦਰਖਾਸਤ ਤੇ ਵਿੱਚ ਦੱਸੇ ਗਏ ਮਲਕੀਅਤ ਸਿੰਘ ਪੁੱਤਰ ਮੋਹਨ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਉਨ੍ਹਾਂ ਨੇ ਕਿਹਾ ਕਿ ਜਤਿੰਦਰ ਪਾਲ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਝੂਠੀਆਂ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਦੇ ਵਿੱਚ ਕੋਈ ਹਿੱਸੇਦਾਰੀ ਨਹੀਂ ਹੈ । ਉਨ੍ਹਾਂ ਨੇ ਕਿਹਾ ਕਿ ਜਤਿੰਦਰ ਪਾਲ ਵੱਲੋਂ ਅੱਗੇ ਵੀ ਉਨ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਸ਼ਿਕਾਇਤਾਂ ਝੂਠੀਆਂ ਅਤੇ ਬੇਬੁਨਿਆਦ ਹਨ।