ਪਿੰਡ ਮੱਸੇਵਾਲ ਖੁੱਲੇ ਡੰਪ ਦੇ ਹੱਕ ’ਚ ਆਏ ਜਮੀਨ ਮਾਲਕ ਤੇ ਪਿੰਡ ਵਾਸੀ
ਪਿੰਡ ਮੱਸੇਵਾਲ ਖੁੱਲੇ ਡੰਪ ਦੇ ਹੱਕ ਵਿੱਚ ਆਏ ਜਮੀਨ ਮਾਲਕ ਅਤੇ ਪਿੰਡ ਵਾਸੀ
Publish Date: Sat, 20 Jun 2026 06:59 PM (IST)
Updated Date: Sun, 21 Jun 2026 04:07 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਿਛਲੇ ਕੁਝ ਦਿਨਾਂ ਤੋਂ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਦੇ ਨਜ਼ਦੀਕ ਪਿੰਡ ਮੱਸੇਵਾਲ ਖੁੱਲੇ ਡੰਪ ਦੇ ਹੱਕ ਵਿੱਚ ਅੱਜ ਜਮੀਨ ਮਾਲਕਾਂ ਅਤੇ ਪਿੰਡ ਵਾਸੀਆਂ ਵੱਲੋਂ ਡੰਪ ਵਾਲੀ ਜਗ੍ਹਾ ’ਤੇ ਇਕੱਠ ਰੱਖਿਆ ਗਿਆ। ਗੱਲਬਾਤ ਕਰਦੇ ਹੋਏ ਪਿੰਡ ਦੇ ਨੰਬਰਦਾਰ ਜਰਨੈਲ ਸਿੰਘ ਅਤੇ ਸਾਬਕਾ ਸਰਪੰਚ ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਪੰਜ ਸੱਤ ਬੰਦਿਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਡੰਪ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦੋਂ ਕਿ ਵਿਰੋਧ ਕਰਨ ਵਾਲਿਆਂ ਦੇ ਘਰ ਡੰਪ ਤੋਂ ਕਾਫੀ ਦੂਰ ਹਨ ਅਤੇ ਜਿਸ ਸਕੂਲ ਦੀ ਗੱਲ ਕਰ ਰਹੇ ਹਨ ਉਹ ਲਗਭਗ ਇਕ ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਨਜ਼ਦੀਕੀ ਦੁਕਾਨਦਾਰ ਹੋਟਲ ਮਾਲਕ ਅਤੇ ਮਿਸਤਰੀ ਮਾਰਕੀਟ ਤੇ ਦੁਕਾਨਾਂ ਕਰਨ ਵਾਲੇ ਦੁਕਾਨਦਾਰ ਡੰਪ ਖੁੱਲਣ ਕਰਕੇ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਪਰ ਪੁਰਾਣੇ ਜਮੀਨੀ ਵਿਵਾਦ ਅਤੇ ਪਿੰਡ ਦੀ ਧੜੇਬੰਦੀ ਕਾਰਨ ਕੁਝ ਵਿਅਕਤੀਆ ਵਲੋ ਵਿਰੋਧ ਕੀਤਾ ਜਾ ਰਿਹਾ ਹੈ। ਮੌਕੇ ’ਤੇ ਇਕੱਠੇ ਹੋਏ ਜਮੀਨ ਮਾਲਕ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਮੀਨ ਮੁੱਢ ਕਦੀਮ ਤੋਂ ਬੰਜਰ ਹੈ, ਇਥੇ ਕੋਈ ਵੀ ਉਪਜਾਉ ਫਸਲ ਨਹੀਂ ਹੁੰਦੀ ਅਤੇ ਨਾ ਹੀ ਫਸਲ ਲਈ ਪਾਣੀ ਦਾ ਪ੍ਰਬੰਧ ਹੈ। ਡੰਪ ਖੁੱਲਣ ਨਾਲ ਉਹਨਾਂ ਨੂੰ ਆਮਦਨੀ ਦਾ ਸਾਧਨ ਹੋਇਆ ਹੈ ਅਤੇ ਪਿੰਡ ਦੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਉਹਨਾਂ ਦੱਸਿਆ ਕਿ ਡੰਪ ਦੀ ਕੁਝ ਦੂਰੀ ’ਤੇ ਅਲਟਰਾਟੈਕ ਕੰਪਨੀ ਦਾ ਕਲਿੰਕਰ ਡੰਪ ਵੀ ਚੱਲ ਰਿਹਾ ਹੈ ਜਿੱਥੇ ਇਲਾਕੇ ਦੇ ਟਰਾਂਸਪੋਰਟ ਟਰੱਕ ਚਲਾ ਕੇ ਰੁਜ਼ਗਾਰ ਕਮਾ ਰਹੇ ਹਨ ਪਰ ਕੁਝ ਲੋਕ ਨਿੱਜੀ ਲਾਲਚ ਕਰਕੇ ਵਿਰੋਧ ਕਰ ਰਹੇ ਸਨ। ਉਹਨਾਂ ਕਿਹਾ ਕਿ ਜਮੀਨ ਮਾਲਕਾਂ ਨੂੰ ਜਮੀਨ ਨੂੰ ਰਸਤਾ ਲਗਾਉਣ ਲਈ ਬੀ, ਡੀ,ਪੀ,ਓ ਦਫਤਰ ਸ੍ਰੀ ਅਨੰਦਪੁਰ ਸਾਹਿਬ ਦਰਖਾਸਤ ਦਿੱਤੀ ਗਈ ਸੀ ਅਤੇ ਸੰਬੰਧਿਤ ਮਹਿਕਮੇ ਸਮੇਤ ਪਿੰਡ ਦੀ ਪੰਚਾਇਤ ਵੱਲੋਂ ਜਮੀਨ ਨੂੰ ਰਸਤਾ ਲਗਾਉਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਜ਼ਦੀਕ ਹੀ ਭਰਤਗੜ ਅਤੇ ਘਨੌਲੀ ਵਿਖੇ ਵੀ ਕਈ ਡੰਪ ਇਸੇ ਤਰ੍ਹਾਂ ਚੱਲ ਰਹੇ ਹਨ। ਡੰਪ ਖੁੱਲਾ ਉਹਨਾਂ ਨੂੰ ਕਾਰਨ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਨੌਜਵਾਨਾ ਸਮੇਤ ਇਲਾਕੇ ਦੇ ਟਰੱਕ ਮਾਲਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਸਬੰਧੀ ਜਦੋਂ ਡੰਪ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਪਿੰਡ ਵਾਸੀਆਂ ਵੱਲੋਂ ਡੰਪ ਦਾ ਵਿਰੋਧ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਤੁਰੰਤ ਕੰਮ ਬੰਦ ਕਰ ਦਿੱਤਾ ਗਿਆ। ਪ੍ਰਦੂਸ਼ਣ ਵਿਭਾਗ ਦੀ ਟੀਮ ਵੱਲੋਂ ਡੰਪ ਦਾ ਦੌਰਾ ਕੀਤਾ ਗਿਆ ਅਤੇ ਡੰਪ ਨੂੰ ਚਲਾਉਣ ਸਬੰਧੀ ਪ੍ਰਦੂਸ਼ਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ। ਉਹਨਾਂ ਦੱਸਿਆ ਕਿ ਪ੍ਰਦੂਸ਼ਣ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਪੂਰੀ ਕਾਗਜ਼ੀ ਕਾਰਵਾਈ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਨਿਯਮ ਪੂਰੇ ਹੋਣ ਤੇ ਹੀ ਡੰਪ ਚਲਾਇਆ ਜਾਵੇਗਾ। ਉਹਨਾਂ ਦੱਸਿਆ ਕਿ ਨਿਯਮਾਂ ਅਨੁਸਾਰ ਡੰਪ ਦੇ ਏਰੀਏ ਨੂੰ ਕਵਰ ਕੀਤਾ ਜਾਵੇਗਾ ਅਤੇ ਪਾਣੀ ਦੇ ਛਿੜਕਾਓ ਦਾ ਪ੍ਰਬੰਧ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਵਿਵਾਦ ਤੋਂ ਬਾਅਦ ਪ੍ਰਦੂਸ਼ਣ ਵਿਭਾਗ ਦੀ ਟੀਮ ਵੱਲੋਂ ਡੰਪ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਮੌਕੇ ਤੇ ਕੰਮ ਬੰਦ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਜਮੀਨ ਮਾਲਕਾਂ ਵੱਲੋਂ ਜਮੀਨ ਨੂੰ ਰਸਤਾ ਲਗਵਾਉਣ ਲਈ ਬੀਡੀਪੀਓ ਦਫਤਰ ਅਰਜੀ ਦਿੱਤੀ ਗਈ ਸੀ ਜਿਸ ਨੂੰ ਮਨਜ਼ੂਰ ਕਰਦੇ ਹੋਏ ਡੰਪ ਨੂੰ ਰਸਤਾ ਲਗਾਉਣ ਦੀ ਮਨਜੂਰੀ ਮਿਲ ਗਈ ਸੀ। ਇਸ ਦੌਰਾਨ ਸਾਬਕਾ ਸਰਪੰਚ ਬਾਬਾ ਬਲਦੇਵ ਸਿੰਘ, ਮੌਜੂਦਾ ਲੰਬੜਦਾਰ ਜਰਨੈਲ ਸਿੰਘ ਮੱਸੇਵਾਲ, ਪ੍ਰਤਾਪ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ,ਅਮਰੀਕ ਸਿੰਘ, ਸੰਤੋਖ ਸਿੰਘ, ਸੇਵਾ ਸਿੰਘ, ਆਪ ਬਲਾਕ ਪ੍ਰਧਾਨ ਵਰਿੰਦਰ ਸਿੰਘ, ਗੁਰਦਿਆਲ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਸੰਦੀਪ ਕੁਮਾਰ, ਭੁਪਿੰਦਰ ਸਿੰਘ, ਮਲਕੀਤ ਸਿੰਘ, ਰਾਜ ਰਾਣੀ, ਵਿੱਦਆ ਦੇਵੀ, ਸਿਕੰਦਰ ਕੌਰ, ਨੀਲਮ ਕੋਰ ਅਤੇ ਅਮਿਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।