ਕ੍ਰਿਸ਼ੀ ਵਿਗਿਆਨ ਕੇਂਦਰ ਘਟੀਆ ਮੱਕੀ ਦਾ ਬੀਜ ਦੇਣ ਦੇ ਦੋਸ਼
ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਕਿਸਾਨਾਂ ਨੂੰ ਵੇਚਿਆ ਘਟੀਆ ਕਿਸਮ ਦਾ ਮੱਕੀ ਦਾ ਬੀਜ
Publish Date: Sat, 27 Jun 2026 05:01 PM (IST)
Updated Date: Sun, 28 Jun 2026 04:02 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਸੂਬੇ ਅੰਦਰ ਮੱਕੀ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ, ਕਿਸਾਨਾਂ ਵੱਲੋਂ ਝੋਨੇ ਦੀ ਫਸਲ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਨਾਲ ਸੂਬੇ ਅੰਦਰ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਇਸ ਕਾਰਨ ਖੇਤੀਬਾੜੀ ਦੇ ਮਹਿਰਾਂ ਵੱਲੋਂ ਕਿਸਾਨਾਂ ਤੇ ਜੋਰ ਪਾਇਆ ਜਾ ਰਿਹਾ ਹੈ ਕਿ ਝੋਨਾ ਛੱਡ ਕੇ ਮੱਕੀ ਦੀ ਬਿਜਾਈ ਕੀਤੀ ਜਾਵੇ। ਸਰਕਾਰ ਵੱਲੋਂ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੋਇਆ ਹੈ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਮੱਕੀ ਦੇ ਘਟੀਆ ਕਿਸਮ ਦੇ ਬੀਜ ਵੇਚੇ ਜਾ ਰਹੇ ਹਨ ਜਿਸ ਦਾ ਖਮਿਆਜਾ ਕਿਸਾਨ ਭੁਗਤ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪਿੰਡ ਗੰਭੀਰਪੁਰ ਵਿਖੇ ਜੋ ਕਿ ਮੰਤਰੀ ਹਰਜੋਤ ਸਿੰਘ ਬੈਂਸ ਦਾ ਪਿੰਡ ਹੈ। ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕੈਂਪ ਲਗਾ ਕੇ ਪਿੰਡ ਦੇ ਕਿਸਾਨਾਂ ਨੂੰ ਮੱਕੀ ਦਾ ਬੀਜ 400 ਰੁਪਏ ਪ੍ਰਤੀ ਥੈਲੀ ਦੇ ਹਿਸਾਬ ਨਾਲ ਵੇਚਿਆ ਗਿਆ ਜਦੋਂ ਕਿਸਾਨਾਂ ਵੱਲੋਂ ਬਜਾਈ ਕਰਨ ਸਮੇਂ ਥੈਲੀ ਨੂੰ ਖੋਲਿਆ ਗਿਆ ਤਾਂ ਸਾਰੇ ਹੀ ਬੀਜ ਨੂੰ ਸੁਸਰੀ ਅਤੇ ਢੋਰਾ ਲੱਗਿਆ ਪਾਇਆ ਗਿਆ। ਕਿਸਾਨ ਸ਼ਿਵ ਕੁਮਾਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮੈਂ ਖੁਦ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੈਂਪ ਤੋਂ ਮੱਕੀ ਦੇ ਬੀਜ ਦੀਆਂ ਚਾਰ ਥੈਲੀਆਂ ਖਰੀਦੀਆਂ ਸਨ। ਇਹ ਸੋਚ ਕੇ ਕਿ ਸਰਕਾਰੀ ਅਦਾਰਾ ਹੈ। ਵਧੀਆ ਕਿਸਮ ਦਾ ਬੀਜ ਮਿਲੇਗਾ, ਪਰ ਸਬੰਧਤ ਅਧਿਕਾਰੀਆਂ ਦੀ ਕੀ ਜਵਾਬਦੇਹੀ ਹੈ ਜਿੰਨਾ ਘਟੀਆ ਕਿਸਮ ਦਾ ਬੀਜ ਕਿਸਾਨਾਂ ਨੂੰ ਕਿਉਂ ਵੇਚਿਆ ਜਾ ਰਿਹਾ ਹੈ। ਕਿਉਂ ਕਿਸਾਨਾਂ ਨਾਲ ਅਫਸਰ ਸ਼ਾਹੀ ਵੀ ਦਗਾ ਕਮਾ ਰਹੀ ਹੈ। ਇਨ੍ਹਾਂ ਗੱਲਾਂ ਦਾ ਖੁਲਾਸਾ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਘਟੀਆ ਕਿਸਮ ਦੇ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਜਦੋਂ ਕਿ ਇਹ ਬੀਜ ਅਪ੍ਰੈਲ ਮਹੀਨੇ ਵਿੱਚ ਪੈਕ ਕੀਤੇ ਦਿਖਾਏ ਜਾਂਦੇ ਹਨ, ਪਰ ਬੀਜ ਪੁਰਾਣੇ ਘਟੀਆ ਮਿਆਰ ਦੇ ਹੋਣ ਕਾਰਨ ਖੇਤਾਂ ਵਿੱਚ ਬੀਜਣ ਯੋਗ ਨਹੀਂ ਹਨ। ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਬੀਜ ਵਿੱਚ ਸੁਸਰੀ ਤੁਰੀ ਫਿਰਦੀ ਹੈ, ਇਸ ਤਰ੍ਹਾਂ ਦੇ ਬੀਜ ਬੀਜਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਅਤੇ ਪੈਸੇ ਦੇ ਨਾਲ ਕਿਸਾਨਾਂ ਦਾ ਸਮਾਂ ਵੀ ਬਰਬਾਦ ਹੋ ਰਿਹਾ ਹੈ। ਕਿਸਾਨ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਨੇ ਮੰਗ ਕੀਤੀ ਕਿ ਘਟੀਆ ਕਿਸਮ ਦੇ ਬੀਜ ਭੇਜਣ ਵਾਲੇ ਅਧਿਕਾਰੀ ਅਤੇ ਵੇਚਣ ਵਾਲੇ ਮੁਲਾਜ਼ਮਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਜਦੋਂ ਕ੍ਰਿਸ਼ੀ ਵਿਭਾਗ ਦੇ ਅਧਿਕਾਰੀ ਡਾਕਟਰ ਸਤਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਸ਼ਿਕਾਇਤ ਆਈ ਹੈ, ਉਨ੍ਹਾਂ ਨੂੰ ਬੀਜ ਬਦਲ ਕੇ ਦਿੱਤੇ ਜਾਣਗੇ ਇਹ ਸਮੱਸਿਆ ਸਿਰਫ ਤਿੰਨ ਚਾਰ ਕਿਸਾਨਾਂ ਦੀ ਹੈ, ਉਨ੍ਹਾਂ ਨਾਲ ਸੰਪਰਕ ਹੋ ਚੁੱਕਿਆ ਹੈ ’ਤੇ ਉਨ੍ਹਾਂ ਨੂੰ ਬੀਜ ਬਦਲ ਕੇ ਦਿੱਤੇ ਜਾ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸ਼ਮਸ਼ੇਰ ਸਿੰਘ ਸ਼ੇਰਾ, ਜਨਰਲ ਸਕੱਤਰ ਜੈਮਲ ਸਿੰਘ ਭੜੀ, ਮਾਸਟਰ ਪਰਮਿੰਦਰ ਸਿੰਘ ਬੇਲਾ, ਫੌਜੀ ਅਵਤਾਰ ਸਿੰਘ ਬੇਲਾ, ਮਾਸਟਰ ਹਰਦਿਆਲ ਸਿੰਘ, ਸੰਤ ਸਿੰਘ ਹਜਾਰਾ ਆਦੀ ਕਿਸਾਨ ਹਾਜ਼ਰ ਸਨ।