‘ਆਪ’ ਦਾ ਦਿੱਲੀ ਵਾਲਾ ਹਾਲ ਪੰਜਾਬ ’ਚ ਹੋਵੇਗਾ : ਸੰਬਿਤ ਪਾਤਰਾ
ਪੰਜਾਬ ਦਾ ‘ਰਿਮੋਟ ਕੰਟਰੋਲ’ ਕੇਜਰੀਵਾਲ ਕੋਲ, ‘ਆਪ’ ਦਾ ਦਿੱਲੀ ਵਾਲਾ ਹਾਲ ਪੰਜਾਬ ਵਿੱਚ ਹੋਵੇਗਾ: ਸੰਬਿਤ ਪਾਤਰਾ
Publish Date: Wed, 17 Jun 2026 05:04 PM (IST)
Updated Date: Wed, 17 Jun 2026 05:06 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਅਤੇ ਜਾਗਨਨਾਥ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ‘‘ਰਿਮੋਟ ਕੰਟਰੋਲ’’ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ ਅਤੇ ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ‘ਆਪ’ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਲੋਕ ਭਾਜਪਾ ਨੂੰ ਮੌਕਾ ਦੇਣਗੇ। ਦੇਸ਼ ਦੀ ਆਰਥਿਕ ਸਥਿਤੀ ਬਾਰੇ ਪਾਤਰਾ ਨੇ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਮਜ਼ਬੂਤ ਬਣੀ ਹੋਈ ਹੈ। ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਵਿੱਚ ਸਿੱਖ ਕੌਮ ਅਤੇ ਪੰਜਾਬ ਲਈ ਵਿਸ਼ੇਸ਼ ਸਤਿਕਾਰ ਹੈ, ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਸਾਬਕਾ ਜਿਲਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੁਕੇਸ਼ ਨੱਡਾ, ਤਰਸੇਮ ਲਾਲ ਪਿੰਕੀ, ਸ਼ਾਮ ਸੁੰਦਰ ਰੰਗਾਂ, ਅਮਨ ਕਾਬੜ੍ਹਵਾਲ, ਪ੍ਰਦੀਪ ਕੁਮਾਰ ਕੋਟਲਾ, ਕਰਨ ਮਹੈਨ, ਗੁਰਚਰਨ ਸਿੰਘ ਸਾਦੀ, ਅਨਿਲ ਸ਼ਰਮਾਂ, ਹਰਮਨਜੀਤ ਸਿੰਘ ਪ੍ਰਿੰਸ, ਅੰਮ੍ਰਿਤ ਲਾਲ ਘੋਗਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਤੇ ਵਰਕਰ ਮੌਜੂਦ ਸਨ ਬਾਕਸ ਲਈ ਮੋਦੀ ਸਰਕਾਰ ਦੇ 12 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਸੰਬਿਤ ਪਾਤਰਾ ਨੇ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ ਕਿ ਊਨਾ-ਦਿੱਲੀ ਵੰਦੇ ਭਾਰਤ ਰੇਲ ਸੇਵਾ, ਸ੍ਰੀ ਆਨੰਦਪੁਰ ਸਾਹਿਬ ਨਾਲ ਜੁੜੇ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ, ਮੁਹਾਲੀ ਵਿੱਚ ਸੈਮੀਕੰਡਕਟਰ ਪ੍ਰਾਜੈਕਟ ਦੇ ਵਿਸਥਾਰ ਅਤੇ ਸ੍ਰੀ ਆਨੰਦਪੁਰ ਸਾਹਿਬ-ਊਨਾ ਚਾਰ ਮਾਰਗੀ ਸੜਕ ਪ੍ਰਾਜੈਕਟ ਵਰਗੇ ਵਿਕਾਸ ਕਾਰਜ ਦਾ ਕ੍ਰੈਡਿਟ ਮੋਦੀ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਸਨਮਾਨ ਨਿਧੀ, ਮੁਫ਼ਤ ਰਾਸ਼ਨ ਯੋਜਨਾ ਅਤੇ ਗਰੀਬ ਭਲਾਈ ਸਕੀਮਾਂ ਰਾਹੀਂ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਹੈ ਤੇ ਮੋਦੀ ਸਰਕਾਰ ਦੀਆਂ ਇਹਨਾਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਾਉਣ ਲਈ ਭਾਜਪਾ ਆਗੂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਨਾਲ ਰੂਬਰੂ ਹੋ ਰਹੇ ਹਨ।