ਕੌਮਾਂਤਰੀ ਪਿਤਾ ਦਿਵਸ, ਪਿਤਾ ਪਰਿਵਾਰ ਦੀ ਤਾਕਤ, ਸੁਰੱਖਿਆ ਤੇ ਪ੍ਰੇਰਣਾ ਦਾ ਹੁੰਦਾ ਸਰੋਤ
ਕੌਮਾਂਤਰੀ ਪਿਤਾ ਦਿਵਸ ਕੌਮਾਂਤਰੀ ਪਿਤਾ ਦਿਵਸ
Publish Date: Sat, 20 Jun 2026 06:46 PM (IST)
Updated Date: Sun, 21 Jun 2026 04:07 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਕੌਮਾਂਤਰੀ ਪਿਤਾ ਦਿਵਸ ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਦੁਨੀਆ ਭਰ ਵਿੱਚ ਕੌਮਾਂਤਰੀ ਫਾਦਰਜ਼ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਪਿਤਾ ਦੇ ਪਿਆਰ, ਤਿਆਗ, ਮਿਹਨਤ ਅਤੇ ਪਰਿਵਾਰ ਪ੍ਰਤੀ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਸਨਮਾਨ ਦੇਣ ਲਈ ਸਮਰਪਿਤ ਹੁੰਦਾ ਹੈ।ਜਿਥੇ ਸਾਡੇ ਸਮਾਜ ਵਿੱਚ ਮਾਂ ਨੂੰ ਮਮਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤਾਂ ਉਥੇ ਪਿਤਾ ਨੂੰ ਪਰਿਵਾਰ ਦੀ ਮਜ਼ਬੂਤ ਨੀਂਹ ਅਤੇ ਸੁਰੱਖਿਆ ਕਵਚ ਵਜੋਂ ਦੇਖਿਆ ਜਾਂਦਾ ਹੈ।ਫਾਦਰਜ਼ ਡੇ ਦਾ ਇਤਿਹਾਸ ਵੀ ਕਾਫ਼ੀ ਦਿਲਚਸਪ ਹੈ। ਇਸ ਦਿਨ ਦੀ ਸ਼ੁਰੂਆਤ ਅਮਰੀਕਾ ਵਿੱਚ ਹੋਈ ਸੀ। ਸਾਲ 1910 ਵਿੱਚ ਸੋਨੋਰਾ ਸਮਾਰਟ ਡੌਡ ਨਾਮਕ ਮਹਿਲਾ ਨੇ ਆਪਣੇ ਪਿਤਾ ਦੇ ਸਨਮਾਨ ਵਿੱਚ ਇਹ ਦਿਨ ਮਨਾਉਣ ਦੀ ਪਹਿਲ ਕੀਤੀ ਸੀ। ਉਸ ਦੇ ਪਿਤਾ ਨੇ ਇਕੱਲੇ ਹੀ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਸੀ। ਇਸ ਤੋਂ ਬਾਅਦ ਇਹ ਪਰੰਪਰਾ ਹੌਲੀ-ਹੌਲੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਈ। ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪਿਤਾ ਕਰਦਾ ਸ਼ਖਤ ਮਿਹਨਤ : ਪਰਵੇਸ਼ ਸੋਨੀ ਸਮਾਜ ਸੇਵੀ ਸੰਸਥਾਂ ਰੋਟਰੀ ਕਲੱਬ ਭਾਖੜਾ ਨੰਗਲ ਦੇ ਪ੍ਰਧਾਨ ਪ੍ਰਵੇਸ਼ ਸੋਨੀ ਦਾ ਕਹਿਣਾ ਹੈ ਕਿ ਪਿਤਾ ਉਹ ਸ਼ਖ਼ਸੀਅਤ ਹੁੰਦੇ ਹਨ ਜੋ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਉਹ ਪਰਿਵਾਰ ਦੀਆਂ ਜਿੰਮੇਵਾਰੀਆਂ ਨੂੰ ਚੁੱਪਚਾਪ ਨਿਭਾਉਂਦੇ ਹੋਏ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਅਕਸਰ ਪਿਤਾ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰਦੇ, ਪਰ ਉਨ੍ਹਾਂ ਦਾ ਪਿਆਰ ਅਤੇ ਚਿੰਤਾ ਹਰ ਫ਼ੈਸਲੇ ਅਤੇ ਹਰ ਕਦਮ ਵਿੱਚ ਝਲਕਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪਿਤਾ ਦਾ ਅਹਿਮ ਰੋਲ : ਜਰਨੈਲ ਸਿੰਘ ਸੰਧੂ ਸਮਾਜ ਸੇਵੀ ਜਰਨੈਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪਿਤਾ ਦਾ ਅਹਿਮ ਰੋਲ ਹੁੰਦਾ ਹੈ।ਅੱਜ ਦੇ ਬਦਲਦੇ ਸਮਾਜ ਵਿੱਚ ਪਿਤਾ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਉਹ ਸਿਰਫ਼ ਆਰਥਿਕ ਜਿੰਮੇਵਾਰੀਆਂ ਹੀ ਨਹੀਂ ਨਿਭਾਉਂਦੇ, ਸਗੋਂ ਬੱਚਿਆਂ ਦੀ ਸਿੱਖਿਆ, ਸੰਸਕਾਰਾਂ, ਮਾਨਸਿਕ ਵਿਕਾਸ ਅਤੇ ਕਰੀਅਰ ਦੀ ਚੋਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਆਧੁਨਿਕ ਪਿਤਾ ਆਪਣੇ ਬੱਚਿਆਂ ਨਾਲ ਦੋਸਤਾਨਾ ਰਿਸ਼ਤਾ ਬਣਾਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਮਾਪਿਆਂ ਦਾ ਘਟ ਰਿਹਾ ਸਤਿਕਾਰ ਚਿੰਤਾ ਦਾ ਵਿਸ਼ਾ : ਜਗਮੋਹਣ ਸਿੰਘ ਵਾਲੀਆਂ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਦੇ ਪ੍ਰਧਾਨ ਜਗਮੋਹਣ ਸਿੰਘ ਵਾਲੀਆਂ ਦਾ ਕਹਿਣਾ ਹੈ ਕਿ ਮਾਪੇ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੁੰਦੇ ਹਨ। ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਆਪਣੀਆਂ ਖੁਸ਼ੀਆਂ, ਸੁਖ-ਸੁਵਿਧਾਵਾਂ ਅਤੇ ਕਈ ਵਾਰ ਆਪਣੇ ਸੁਪਨੇ ਵੀ ਕੁਰਬਾਨ ਕਰ ਦਿੰਦੇ ਹਨ। ਪਰ ਆਧੁਨਿਕ ਯੁੱਗ ਵਿੱਚ ਇੱਕ ਚਿੰਤਾਜਨਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਮਾਪਿਆਂ ਪ੍ਰਤੀ ਸਤਿਕਾਰ ਅਤੇ ਆਦਰ ਦੀ ਭਾਵਨਾ ਲਗਾਤਾਰ ਘਟਦੀ ਜਾ ਰਹੀ ਹੈ। ਇਹ ਸਥਿਤੀ ਨਾ ਸਿਰਫ਼ ਪਰਿਵਾਰਾਂ ਲਈ, ਸਗੋਂ ਸਮਾਜ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਿਤਾ ਦੇ ਤਿਆਗ ਤੇ ਸੰਘਰਸ਼ ਨੂੰ ਸਮਝਣ ਦੀ ਲੋੜ : ਜਥੇਦਾਰ ਰਣਜੀਤ ਸਿੰਘ ਸੀਨੀਅਰ ਅਕਾਲੀ ਆਂਗੂ ਅਤੇ ਐੱਨਆਰਆਈ ਜਥੇਦਾਰ ਰਣਜੀਤ ਸਿੰਘ ਦਿਊਲ ਦਾ ਕਹਿਣਾ ਹੈ ਕਿ ਕੌਮਾਂਤਰੀ ਪਿਤਾ ਦਿਵਸ਼ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਅਸੀਂ ਆਪਣੇ ਪਿਤਾ ਦੇ ਤਿਆਗ ਅਤੇ ਸੰਘਰਸ਼ ਨੂੰ ਸਮਝੀਏ ਅਤੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰੀਏ। ਇੱਕ ਛੋਟਾ ਜਿਹਾ ਧੰਨਵਾਦ, ਪਿਆਰ ਭਰਿਆ ਸੰਦੇਸ਼ ਜਾਂ ਉਨ੍ਹਾਂ ਨਾਲ ਬਿਤਾਇਆ ਕੁਝ ਸਮਾਂ ਵੀ ਉਨ੍ਹਾਂ ਲਈ ਸਭ ਤੋਂ ਵੱਡਾ ਤੋਹਫ਼ਾ ਹੋ ਸਕਦਾ ਹੈ। ਪਿਤਾ ਦਾ ਮਾਰਗਦਰਸ਼ਨ ਸਭ ਤੋਂ ਵੱਡੀ ਦੌਲਤ : ਸਤਵਿੰਦਰ ਸਿੰਘ ਭੰਗਲ ਪਿੰਡ ਭਨਾਮ ਦੇ ਸਾਬਕਾ ਸਰਪੰਚ ਅਤੇ ਨੰਬਰਦਾਰ ਸਤਵਿੰਦਰ ਸਿੰਘ ਭੰਗਲ ਦਾ ਕਹਿਣਾ ਹੈ ਕਿ ਪਿਤਾ ਉਹ ਦਰੱਖਤ ਹਨ ਜੋ ਖੁਦ ਧੁੱਪ ਵਿੱਚ ਖੜ੍ਹੇ ਰਹਿ ਕੇ ਆਪਣੇ ਪਰਿਵਾਰ ਨੂੰ ਛਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਦਾ ਸਨੇਹ, ਮਾਰਗਦਰਸ਼ਨ ਅਤੇ ਅਸੀਸ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੈ। ਪਿਤਾ ਨੂੰ ਸਨਮਾਨ ਦੇਣਾ ਤੇ ਉਨ੍ਹਾਂ ਦੇ ਯੋਗਦਾਨ ਨੂੰ ਰੱਖਣਾ ਹੀ ਉਨ੍ਹਾਂ ਲਈ ਵੱਡਾ ਸਨਮਾਨ ਹੈ।