
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੱਥੇ 14 ਸਾਲਾਂ ਦਾ ਰਿਕਾਰਡ ਟੁੱਟ ਗਿਆ। 2012 ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ’ਚ ਇਕ ਦਿਨ ’ਚ ਏਨੀ ਬਾਰਿਸ਼ ਦਰਜ ਕੀਤੀ ਗਈ। ਇੱਥੇ ਦੀਨਾਨਗਰ ਦੇ ਨਜ਼ਦੀਕ ਮਕੌੜਾ ਪੱਤਣ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧਣ ਨਾਲ ਕਿਸ਼ਤੀ ਵੀ ਬੰਦ ਹੋ ਗਈ, ਜਿਸ ਨਾਲ ਸੱਤ ਪਿੰਡਾਂ ਦੇ ਲੋਕਾਂ ਦਾ ਜ਼ਿਲ੍ਹੇ ਨਾਲੋਂ ਸੰਪਰਕ ਟੁੱਟ ਗਿਆ ਹੈ।

ਪੰਜਾਬੀ ਜਾਗਰਣ ਟੀਮ, ਅਨੰਦਪੁਰ ਸਾਹਿਬ/ ਗੁਰਦਾਸਪੁਰ/ਪਟਿਆਲਾ : ਪੰਜਾਬ ਦੇ ਅਨੰਦਪੁਰ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਰਾਤ ਤੋਂ ਭਾਰੀ ਬਾਰਿਸ਼ ਹੋਈ, ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋ ਗਿਆ। ਗੁਰਦਾਸਪੁਰ ’ਚ 24 ਘੰਟਿਆਂ ’ਚ ਸਭ ਤੋਂ ਜ਼ਿਆਦਾ 155.8 ਮਿਲੀਮੀਟਰ ਬਾਰਿਸ਼ ਹੋਈ। ਇੱਥੇ 14 ਸਾਲਾਂ ਦਾ ਰਿਕਾਰਡ ਟੁੱਟ ਗਿਆ। 2012 ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ’ਚ ਇਕ ਦਿਨ ’ਚ ਏਨੀ ਬਾਰਿਸ਼ ਦਰਜ ਕੀਤੀ ਗਈ। ਇੱਥੇ ਦੀਨਾਨਗਰ ਦੇ ਨਜ਼ਦੀਕ ਮਕੌੜਾ ਪੱਤਣ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧਣ ਨਾਲ ਕਿਸ਼ਤੀ ਵੀ ਬੰਦ ਹੋ ਗਈ, ਜਿਸ ਨਾਲ ਸੱਤ ਪਿੰਡਾਂ ਦੇ ਲੋਕਾਂ ਦਾ ਜ਼ਿਲ੍ਹੇ ਨਾਲੋਂ ਸੰਪਰਕ ਟੁੱਟ ਗਿਆ ਹੈ।
ਅਨੰਦਪੁਰ ਸਾਹਿਬ ’ਚ ਮੰਗਲਵਾਰ ਦੇਰ ਰਾਤ ਸ਼ੁਰੂ ਹੋਈ ਬਾਰਿਸ਼ ਬੁੱਧਵਾਰ ਸਵੇਰ ਤੱਕ ਜਾਰੀ ਰਹੀ। ਕਈ ਪ੍ਰਮੁੱਖ ਰਸਤਿਆਂ ’ਤੇ ਦੋ ਤੋਂ ਚਾਰ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ। ਮੇਨ ਰੋਡ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੀਆਂ ਦੋਵੇਂ ਸੜਕਾਂ ’ਤੇ ਸਵੇਰੇ ਭਾਰੀ ਮਾਤਰਾ ’ਚ ਪਾਣੀ ਇਕੱਠਾ ਹੋ ਗਿਆ, ਜਿਸ ਨਾਲ ਸਵੇਰੇ 10 ਵਜੇ ਤੱਕ ਸ਼ਰਧਾਲੂਆਂ ਨੂੰ ਪਾਣੀ ’ਚੋਂ ਲੰਘ ਕੇ ਜਾਣਾ ਪਿਆ। ਉੱਥੇ, ਕੈਬਨਿਟ ਮੰਤਰੀ ਤੇ ਹਲਕੇ ਦੇ ਵਿਧਾਇਕ ਹਰਜੋਤ ਬੈਂਸ ਨੇ ਕਈ ਇਲਾਕਿਆਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਨਾਲਿਆਂ ਤੇ ਨਦੀਆਂ ਤੋਂ ਦੂਰੀ ਬਣਾ ਕੇ ਰੱਖਣ ਤੇ ਬਿਨਾ ਜ਼ਰੂਰਤ ਘਰ ਤੋਂ ਬਾਹਰ ਨਾ ਨਿਕਲਣ। ਪ੍ਰਸ਼ਾਸਨ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਓਧਰ, ਚੰਡੀਗੜ੍ਹ ਸਥਿਤ ਸੁਖਣਾ ਲੇਕ ਤੋਂ ਪਾਣੀ ਛੱਡੇ ਜਾਣ ਨਾਲ ਪਟਿਆਲਾ ਜ਼ਿਲ੍ਹੇ ’ਚ ਘੱਗਰ ਇਕ ਵਾਰ ਮੁੜ ਆਫ਼ਰ ਗਿਆ। ਪਿੰਡ ਸ਼ਮਸਪੁਰ ਦੇ ਨਜ਼ਦੀਕ ਓਵਰਫਲੋ ਹੋਣ ਦੇ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਪਾਣੀ ਖੇਤਾਂ ਤੇ ਸੜਕਾਂ ’ਤੇ ਆ ਗਿਆ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਸਥਿਤੀ ’ਚ ਸੁਧਾਰ ਨਾ ਹੋਇਆ ਤਾਂ 200 ਏਕੜ ਫ਼ਸਲ ਪਾਣੀ ਦੀ ਲਪੇਟ ’ਚ ਆ ਸਕਦੀ ਹੈ। ਬਿਹਤਰ ਪਲਾਨਿੰਗ ਤੇ ਮਜ਼ਬੂਤ ਬੁਨਿਆਦੀ ਢਾਂਚੇ ਲਈ ਦੇਸ਼ ਭਰ ’ਚ ਮਿਸਾਲ ਰਹੇ ਚੰਡੀਗੜ੍ਹ ਦੀ ਵਿਵਸਥਾ 24 ਘੰਟੇ ’ਚ ਕਰੀਬ 100 ਐੱਮਐੱਮ ਬਾਰਿਸ਼ ਦੇ ਸਾਹਮਣੇ ਹੀ ਬੇਵੱਸ ਨਜ਼ਰ ਆਈ। ਉੱਥੇ 42 ਵਰਗ ਕਿਲੋਮੀਟਰ ’ਚ ਫੈਲੇ ਸੁਖਣਾ ਕੈਚਵਰਡ ਏਰੀਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਚੁੱਕਾ ਹੈ।
--------------
ਮੁਕੇਰੀਆਂ ਸਿਵਲ ਹਸਪਤਾਲ ਦੇ ਵਾਰਡਾਂ ਤੇ ਡਾਕਟਰਾਂ ਦੇ ਕਮਰਿਆਂ ’ਚ ਦਸ ਘੰਟੇ ਤੱਕ ਭਰਿਆ ਰਿਹਾ ਪਾਣੀ
ਹੁਸ਼ਿਆਰਪੁਰ ਜ਼ਿਲ੍ਹੇ ’ਚ ਭਾਰੀ ਬਾਰਿਸ਼ ਤੋਂ ਬਾਅਦ ਬੁੱਧਵਾਰ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ’ਚ ਪਾਣੀ ਭਰ ਗਿਆ। ਹਸਪਤਾਲ ਕੰਪਲੈਕਸ ’ਚ ਗੰਦਾ ਪਾਣੀ ਭਰ ਜਾਣ ਨਾਲ ਕਰੀਬ ਦਸ ਘੰਟੇ ਤੱਕ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਿਸੇ ਅਣਹੋਣੀ ਦੇ ਸ਼ੱਕ ਦੇ ਕਾਰਨ ਹਸਪਤਾਲ ਦੀ ਬਿਜਲੀ ਸਪਲਾਈ ਵੀ ਬੰਦ ਕਰਨੀ ਪਈ। ਪਾਣੀ ਮਰੀਜ਼ਾਂ ਦੇ ਕਮਰਿਆਂ, ਐਮਰਜੈਂਸੀ ਵਾਰਡ ਤੇ ਹੇਠਲੀ ਮੰਜ਼ਿਲ ’ਤੇ ਸਥਿਤ ਵੱਖ-ਵੱਖ ਦਫ਼ਤਰਾਂ ’ਚ ਵੜ ਗਿਆ। ਡਾਕਟਰਾਂ ਦੇ ਕਮਰਿਆਂ ’ਚ ਵੀ ਪਾਣੀ ਭਰ ਗਿਆ। ਇਹੀ ਨਹੀਂ, ਮੁਲਾਜ਼ਮਾਂ ਨੂੰ ਮਰੀਜ਼ਾਂ ਦੀਆਂ ਓਪੀਡੀ ਪਰਚੀਆਂ ਹੱਥ ਨਾਲ ਤਿਆਰ ਕਰਨੀਆਂ ਪਈਆਂ। ਐੱਸਐੱਮਓ ਰਮਨ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਦੀ ਮਦਦ ਨਾਲ ਟੈਂਕਰਾਂ ਦੇ ਜ਼ਰੀਏ ਹਸਪਤਾਲ ਤੋਂ ਪਾਣੀ ਕੱਢ ਦਿੱਤਾ ਗਿਆ ਹੈ ਤੇ ਕੰਮਕਾਜ ਸੁਚਾਰੂ ਹੋ ਗਿਆ ਹੈ।
--------
ਸੂਬੇ ’ਚ ਹੁਣ ਤੱਕ 212 ਮਿਲੀਮੀਟਰ ਬਾਰਿਸ਼ ਹੋਈ, ਗੁਰਦਾਸਪੁਰ ਤੇ ਪਠਾਨਕੋਟ ਗਰੀਨ ਜ਼ੋਨ
ਪੰਜਾਬ ’ਚ ਹੁਣ ਤੱਕ 212.7 ਮਿਲੀਮੀਟਰ ਬਾਰਿਸ਼ ਹੋਈ ਹੈ, ਜਦਕਿ ਸਾਧਾਰਨ ਬਾਰਿਸ਼ 318.2 ਮਿਲੀਮੀਟਰ ਹੈ। ਹਾਲਾਂਕਿ ਸੂਬੇ ’ਚ ਹਾਲੇ ਵੀ ਸਾਧਾਰਨ ਤੋਂ 33 ਫ਼ੀਸਦੀ ਘੱਟ ਬਾਰਿਸ਼ ਹੈ। ਇਕ ਜੂਨ ਤੋਂ 19 ਅਗਸਤ ਤੱਕ ਗੱਲ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ 635.5 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜਦਕਿ ਸਾਧਾਰਨ ਬਾਰਿਸ਼ 452.7 ਮਿਲੀਮੀਟਰ ਹੈ। ਸਾਧਾਰਨ ਤੋਂ 41 ਫ਼ੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਉੱਥੇ ਪਠਾਨਕੋਟ ’ਚ 932.2 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜਦਕਿ ਸਾਧਾਰਨ ਬਾਰਿਸ਼ 717.8 ਮਿਲੀਮੀਟਰ ਹੈ। ਇੱਥੇ ਵੀ ਸਾਧਾਰਨ ਤੋਂ 30 ਫ਼ੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਦੋਵੇਂ ਜ਼ਿਲ੍ਹੇ ਗਰੀਨ ਜ਼ੋਨ ’ਚ ਚੱਲ ਰਹੇ ਹਨ।
--------
ਅੱਜ ਵੀ ਬਾਰਿਸ਼ ਦੀ ਸੰਭਾਵਨਾ
ਮੌਸਮ ਵਿਭਾਗ ਦੇ ਮੁਤਾਬਕ, ਵੀਰਵਾਰ ਨੂੰ ਕੁਝ ਜ਼ਿਲ੍ਹਿਆਂ ’ਚ ਹਲਕੀ ਤੋਂ ਸਾਧਾਰਨ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 26 ਅਗਸਤ ਤੋਂ ਮੌਨਸੂਨ ਦੁਬਾਰਾ ਸਰਗਰਮ ਹੋਵੇਗਾ ਤੇ ਫਿਰ ਲਗਾਤਾਰ ਚਾਰ ਦਿਨਾਂ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ।
-------
ਕਿੱਥੇ ਕਿੰਨੀ ਬਾਰਿਸ਼
ਗੁਰਦਾਸਪੁਰ : 155.8 ਮਿਲੀਮੀਟਰ
ਚੰਡੀਗੜ੍ਹ: 73.7 ਮਿਲੀਮੀਟਰ
ਪਠਾਨਕੋਟ : 73.0 ਮਿਲੀਮੀਟਰ
ਮੋਹਾਲੀ : 70.5 ਮਿਲੀਮੀਟਰ
ਰੂਪਨਗਰ : 56.5 ਮਿਲੀਮੀਟਰ
ਫ਼ਤਹਿਗੜ੍ਹ ਸਾਹਿਬ : 45.5 ਮਿਲੀਮੀਟਰ
ਲੁਧਿਆਣਾ : 40.4 ਮਿਲੀਮੀਟਰ
ਐੱਸਬੀਐੱਸ ਨਗਰ : 20.7 ਮਿਲੀਮੀਟਰ
ਪਟਿਆਲਾ: 13.7 ਮਿਲੀਮੀਟਰ
---------------