1.35 ਕਰੋੜ ਨਾਲ ਖੱਡ ’ਚ ਬਣ ਰਹੇ ਡੰਗੇ, ਬਰਸਾਤ ਤੋਂ ਪਹਿਲਾਂ ਹੋਵੇਗਾ ਕੰਮ ਮੁਕੰਮਲ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਹਿੰਦਪੁਰ ਭੰਗਲਾ ਖੱਡ ਦਾ ਕੀਤਾ ਦੌਰਾ
Publish Date: Sun, 21 Jun 2026 05:34 PM (IST)
Updated Date: Mon, 22 Jun 2026 04:06 AM (IST)

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਹਿੰਦਪੁਰ ਭੰਗਲਾ ਖੱਡ ਦਾ ਕੀਤਾ ਦੌਰਾ ਪੰਜਾਬੀ ਜਾਗਰਣ ਟੀਮ, ਨੰਗਲ : ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਹਿੰਦਪੁਰ ਭੰਗਲਾ ਖੱਡ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਡੰਗਿਆਂ ਦੇ ਨਿਰਮਾਣ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਸੰਬੰਧਿਤ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬੈਂਸ ਨੇ ਕੰਮ ਦੀ ਗੁਣਵੱਤਾ ਅਤੇ ਗਤੀ ‘ਤੇ ਖਾਸ ਧਿਆਨ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਹਿੰਦਪੁਰਭੰਗਲਾ ਖੱਡ ਵਿੱਚ ਲਗਭਗ 1.35 ਕਰੋੜ ਰੁਪਏ ਦੀ ਲਾਗਤ ਨਾਲ ਡੰਗਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸਦਾ ਮੁੱਖ ਮਕਸਦ ਬਰਸਾਤੀ ਮੌਸਮ ਦੌਰਾਨ ਪਾਣੀ ਦੇ ਤੇਜ਼ ਵਹਾਅ ਤੋਂ ਇਲਾਕੇ ਨੂੰ ਸੁਰੱਖਿਅਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਬਰਸਾਤਾਂ ਤੋਂ ਪਹਿਲਾਂ ਹੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਡੰਗਿਆਂ ਦੇ ਨਿਰਮਾਣ ਲਈ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟ ਚੱਲ ਰਹੇ ਹਨ। ਇਹ ਸਾਰੇ ਪ੍ਰੋਜੈਕਟ ਇਲਾਕੇ ਨੂੰ ਬਾੜਾਂ ਤੋਂ ਬਚਾਉਣ ਅਤੇ ਜ਼ਮੀਨ ਦੇ ਕਟਾਅ ਨੂੰ ਰੋਕਣ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਐਲਗਰਾਂ ਪੁੱਲ ਦੇ ਚੱਲ ਰਹੇ ਮਜ਼ਬੂਤੀ ਕਾਰਜਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਪੁੱਲ ਦੀ ਮਜ਼ਬੂਤੀ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਦਿਨ-ਰਾਤ ਕੰਮ ਜਾਰੀ ਹੈ। ਇਸ ਪ੍ਰੋਜੈਕਟ ਦੇ ਤਹਿਤ ਪੁੱਲ ਦੇ ਹੇਠਾਂ ਡੂੰਘੇ ਕੰਕਰੀਟ ਦੇ ਪਿੱਲਰ ਤਿਆਰ ਕੀਤੇ ਜਾ ਰਹੇ ਹਨ, ਜੋ ਇਸਨੂੰ ਹੋਰ ਮਜ਼ਬੂਤ ਅਤੇ ਲੰਬੇ ਸਮੇਂ ਲਈ ਸੁਰੱਖਿਅਤ ਬਣਾਉਣਗੇ। ਉਨ੍ਹਾਂ ਕਿਹਾ ਕਿ ਐਲਗਰਾਂ ਪੁੱਲ ਇਲਾਕੇ ਦੀ ਆਵਾਜਾਈ ਲਈ ਇੱਕ ਅਹਿਮ ਕੜੀ ਹੈ ਅਤੇ ਇਸਦੀ ਮਜ਼ਬੂਤੀ ਨਾਲ ਆਉਣ ਵਾਲੀਆਂ ਕਈ ਦਹਾਕਿਆਂ ਤੱਕ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਿਰਧਾਰਿਤ ਸਮੇਂ ਵਿੱਚ ਉੱਚ ਮਿਆਰੀ ਕੰਮ ਪੂਰਾ ਕੀਤਾ ਜਾਵੇ।ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਹੇਠ ਲੋਕ-ਭਲਾਈ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਹਲਕੇ ਦੇ ਹਰ ਪਿੰਡ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਸੁਵਿਧਾਵਾਂ ਦੇ ਨਾਲ ਨਾਲ ਸੁਰੱਖਿਅਤ ਜੀਵਨ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਹੋਰਨਾ ਤੋਂ ਇਲਾਵਾ ਬਲਾਕ ਪ੍ਰਧਾਨ ਰਾਕੇਸ਼ ਵਰਮਾ ਭੱਲੜੀ,ਸਤਵੀਰ ਸਿੰਘ ਬੀਡੀਸੀ ਮੈਂਬਰ,ਸ਼ਿਵ ਵਰਮਾ,ਜਸਬੀਰ ਸਿੰਘ ਸ਼ੀਰਾ,ਮੁਖਤਿਆਰ ਸਿੰਘ ਖੇੜਾਕਲਮੋਟ ,ਬਿੱਲਾ ਖੇੜਾ ਕਲਮੋਟ,ਜਸਵਿੰਦਰ ਸਿੰਘ ਬਿੰਦੀ ਸਰਪੰਚ ਭੰਗਲਾ,ਸੰਜੂ ਲੋਅਰ ਮਜਾਰੀ,ਸੋਹਣ ਸਿੰਘ,ਦਲਜੀਤ ਕਾਕਾ ਨਾਨਗਰਾਂ,ਨਿੰਤਨ ਸ਼ਰਮਾ ਆਦਿ ਹਾਜ਼ਰ ਸਨ।