ਸਿੱਖਿਆ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਪਹਿਲ : ਹਰਜੋਤ ਬੈਂਸ
ਕੈਬਨਿਟ ਮੰਤਰੀ ਬੈਂਸ ਨੇ ਭੰਗਲਾ, ਲੋਅਰ ਮਜਾਰੀ ਤੇ ਖੇੜਾ ਕਲਮੋਟ ਵਿੱਚ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
Publish Date: Sun, 21 Jun 2026 05:59 PM (IST)
Updated Date: Mon, 22 Jun 2026 04:07 AM (IST)

ਭੰਗਲਾ, ਲੋਅਰ ਮਜਾਰੀ ਤੇ ਖੇੜਾ ਕਲਮੋਟ ’ਚ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਪੰਜਾਬੀ ਜਾਗਰਣ ਟੀਮ, ਨੰਗਲ : ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਭੰਗਲਾ, ਲੋਅਰ ਮਜਾਰੀ ਅਤੇ ਖੇੜਾ ਕਲਮੋਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਸਿੱਧੀ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ‘ਤੇ ਹੀ ਕਈ ਮਸਲਿਆਂ ਦੇ ਹੱਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਪਿੰਡ ਵਾਸੀਆਂ ਨੇ ਮੰਤਰੀ ਦੇ ਇਸ ਕਦਮ ਨੂੰ ਬਹੁਤ ਸਰਾਹਿਆ। ਇਸ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਭੰਗਲਾ ਪਿੰਡ ਦੇ ਕਮਿਊਨਿਟੀ ਸੈਂਟਰ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਮਾਜਿਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਇਸ ਤਰ੍ਹਾਂ ਦੇ ਪ੍ਰਾਜੈਕਟ ਬਹੁਤ ਜ਼ਰੂਰੀ ਹਨ। ਇਸ ਨਾਲ ਲੋਕਾਂ ਨੂੰ ਇਕੱਠੇ ਹੋਣ ਅਤੇ ਸਮਾਜਿਕ ਕਾਰਜ ਕਰਨ ਲਈ ਵਧੀਆ ਸਹੂਲਤਾਂ ਪ੍ਰਾਪਤ ਹੋਣਗੀਆਂ। ਬੈਂਸ ਨੇ ਪਿੰਡਾਂ ਦੇ ਸਰਕਾਰੀ ਸਕੂਲਾਂ ਲਈ ਵੱਡੀਆਂ ਗ੍ਰਾਂਟਾਂ ਦਾ ਵੀ ਐਲਾਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਲਈ ਲਗਭਗ ਕਰੋੜਾ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਪਹਿਲ ਹੈ ਅਤੇ ਇਸ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਸਕੂਲ ਲਈ ਪਹਿਲਾਂ ਦਿੱਤੀ ਗਈ ਗ੍ਰਾਂਟ ਤੋਂ ਇਲਾਵਾ ਹੋਰ 10 ਲੱਖ ਰੁਪਏ ਜਾਰੀ ਕੀਤੇ ਜਾਣਗੇ। ਪ੍ਰਾਇਮਰੀ ਸਕੂਲ ਦੇ ਨਵੀਨੀਕਰਨ ਲਈ 30 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਨਾਲ ਸਕੂਲਾਂ ਵਿੱਚ ਬੱਚਿਆਂ ਨੂੰ ਵਧੀਆ ਪੜ੍ਹਾਈ ਦਾ ਮਾਹੌਲ ਮਿਲੇਗਾ ਅਤੇ ਸਿੱਖਿਆ ਦਾ ਸਤਰ ਉੱਚਾ ਹੋਵੇਗਾ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਮੰਤਰੀ ਬੈਂਸ ਨੇ ਕਿਹਾ ਕਿ ਪਿੰਡ ਵਿੱਚ ਨੌਜਵਾਨਾਂ ਦੀ ਮਨਪਸੰਦ ਖੇਡ ਮੁਤਾਬਕ ਆਧੁਨਿਕ ਖੇਡ ਮੈਦਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਦੀਆਂ ਸੜਕਾਂ ਤੇ ਮੁੱਖ ਮਾਰਗਾਂ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਤੇ ਜਲਦੀ ਹੀ ਇਹ ਸਾਰੇ ਪ੍ਰਾਜੈਕਟ ਮੁਕੰਮਲ ਕਰ ਲਏ ਜਾਣਗੇ। ਇਸ ਦੌਰਾਨ ਬੈਂਸ ਨੇ ਚੰਗਰ ਖੇਤਰ ਵਿੱਚ ਪਾਣੀ ਦੀ ਪੁਰਾਣੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਲੋਕ ਪਾਣੀ ਲਈ ਤਰਸ ਰਹੇ ਸਨ ਪਰ ਹੁਣ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਤੇ ਪਾਣੀ ਦੇ ਫੁਹਾਰੇ ਚੱਲ ਰਹੇ ਹਨ। ਇਸ ਤੋਂ ਇਲਾਵਾ ਬੇਲਿਆਂ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੁਲਾਂ ਦੀ ਉਸਾਰੀ ਵੀ ਜਾਰੀ ਹੈ, ਜੋ ਖੇਤਰ ਦੇ ਵਿਕਾਸ ਨੂੰ ਹੋਰ ਗਤੀ ਦੇਵੇਗੀ। ਇਸ ਮੌਕੇ ਬੀਡੀਸੀ ਮੈਂਬਰ ਸਤਵੀਰ ਸਿੰਘ, ਬਲਾਕ ਪ੍ਰਧਾਨ ਰਾਕੇਸ਼ ਵਰਮਾ ਭੱਲੜੀ , ਸ਼ਿਵ ਵਰਮਾ ਮਜਾਰੀ, ਜਸਬੀਰ ਸਿੰਘ ਸ਼ੀਰਾ, ਮੁਖਤਿਆਰ ਸਿੰਘ ਖੇੜਾ ਕਲਮੋਟ, ਬਿੱਲਾ ਖੇੜਾ ਕਲਮੋਟ, ਜਸਵਿੰਦਰ ਸਿੰਘ ਬਿੰਦੀ ਸਰਪੰਚ ਭੰਗਲਾ, ਸੰਜੂ ਲੋਅਰ ਮਜਾਰੀ, ਸੋਹਣ ਸਿੰਘ, ਦਲਜੀਤ ਕਾਕਾ ਨਾਨਗਰਾਂ, ਨਿਤਿਨ ਸ਼ਰਮਾ ਆਦਿ ਹਾਜ਼ਰ ਸਨ।