- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਨੀ ਨੇ ਦਾਅਵਾ ਕੀਤਾ ਕਿ ਲਾਟਰੀ ਏਜੰਟਾਂ ਦੇ ਕਮਿਸ਼ਨ ਅਤੇ ਨਿਯਮਾਂ ਵਿਚ ਕਥਿਤ ਹੇਰਫੇਰ ਕਾਰਨ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਪਹਿਲਾਂ ਲਾਟਰੀ ਤੋਂ ਸਰਕਾਰ ਨੂੰ ਕਰੀਬ 200 ਕਰੋੜ ਰੁਪਏ ਦੀ ਆਮਦਨ ਹੁੰਦੀ ਸੀ, ਜੋ ਪਿਛਲੇ ਚਾਰ ਸਾਲਾਂ ਦੌਰਾਨ ਘਟ ਕੇ ਸਿਰਫ਼ 45 ਕਰੋੜ ਰੁਪਏ ਰਹਿ ਗਈ ਹੈ।

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲਾਟਰੀ ਵਿਭਾਗ ਵਿਚ ਕਰੋੜਾਂ ਰੁਪਏ ਦੀ ਕਥਿਤ ਧਾਂਦਲੀ ਦੇ ਦੋਸ਼ ਲਗਾਉਂਦਿਆਂ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਲਈ ਸੀਬੀਆਈ. ਪੜਤਾਲ ਦੀ ਮੰਗ ਕੀਤੀ ਹੈ।
ਚੰਨੀ ਨੇ ਦਾਅਵਾ ਕੀਤਾ ਕਿ ਲਾਟਰੀ ਏਜੰਟਾਂ ਦੇ ਕਮਿਸ਼ਨ ਅਤੇ ਨਿਯਮਾਂ ਵਿਚ ਕਥਿਤ ਹੇਰਫੇਰ ਕਾਰਨ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਪਹਿਲਾਂ ਲਾਟਰੀ ਤੋਂ ਸਰਕਾਰ ਨੂੰ ਕਰੀਬ 200 ਕਰੋੜ ਰੁਪਏ ਦੀ ਆਮਦਨ ਹੁੰਦੀ ਸੀ, ਜੋ ਪਿਛਲੇ ਚਾਰ ਸਾਲਾਂ ਦੌਰਾਨ ਘਟ ਕੇ ਸਿਰਫ਼ 45 ਕਰੋੜ ਰੁਪਏ ਰਹਿ ਗਈ ਹੈ। ਪਹਿਲਾਂ ਪੰਜਾਬ ਸਰਕਾਰ ਖੁਦ ਲਾਟਰੀ ਚਲਾਉਂਦੀ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਾਟਰੀ ਦਾ ਟੈਂਡਰ ਜਾਰੀ ਕੀਤਾ ਗਿਆ। ਪਹਿਲਾਂ ਇਹ ਟੈਂਡਰ 80 ਕਰੋੜ ਰੁਪਏ ਵਿਚ ਦਿੱਤਾ ਗਿਆ ਅਤੇ ਬਾਅਦ ਵਿਚ ਡਿਫਾਲਟਰ ਹੋਣ ’ਤੇ 42 ਕਰੋੜ ਰੁਪਏ ਵਿਚ ਟੈਂਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਕਥਿਤ ਮਿਲੀਭੁਗਤ ਦੇ ਦੋਸ਼ ਵੀ ਲਗਾਏ। ਚੰਨੀ ਨੇ ਕਿਹਾ ਕਿ ਪੰਜਾਬ ਦੇ ਲਾਟਰੀ ਏਜੰਟਾਂ ਨੂੰ ਪੰਜਾਬ ਦੀ ਲਾਟਰੀ ਦੇ ਨਾਲ ਸਿੱਕਮ ਅਤੇ ਨਾਗਾਲੈਂਡ ਦੀਆਂ ਲਾਟਰੀ ਟਿਕਟਾਂ ਦੇ 200-200 ਟਿਕਟਾਂ ਵਾਲੇ ਬੰਡਲ ਵੀ ਵੇਚਣ ਲਈ ਦਿੱਤੇ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਚ ਇੱਕੋ ਨੰਬਰ ਵਾਲੀਆਂ ਟਿਕਟਾਂ ਸ਼ਾਮਲ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਕੀਮਤ 1400 ਰੁਪਏ ਹੈ।
ਚੰਨੀ ਨੇ ਕਿਹਾ ਕਿ ਪਹਿਲਾਂ ਲਾਟਰੀ ਏਜੰਟਾਂ ਨੂੰ 20 ਫੀਸਦੀ ਕਮਿਸ਼ਨ ਮਿਲਦਾ ਸੀ, ਜਿਸ ਨੂੰ ਮੌਜੂਦਾ ਸਰਕਾਰ ਨੇ ਘਟਾ ਕੇ 12 ਫੀਸਦੀ ਕਰ ਦਿੱਤਾ ਹੈ। ਇਸ ਨਾਲ ਏਜੰਟਾਂ ਦੀ ਆਮਦਨ ’ਤੇ ਵੀ ਅਸਰ ਪਿਆ ਹੈ। ਇਸ ਮੌਕੇ ਵਿਕਰਮ ਪਾਠਕ, ਅਸ਼ੋਕ ਰੋਪੜ, ਵਿਨੋਦ ਤਿਵਾੜੀ, ਮੁਰਲੀ ਤਿਵਾੜੀ ਸਮੇਤ ਵੱਡੀ ਗਿਣਤੀ ਵਿਚ ਲਾਟਰੀ ਕਮਿਸ਼ਨ ਏਜੰਟ ਹਾਜ਼ਰ ਸਨ।