- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਅਜੋਲੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਬੀਤੇ ਦਿਨੀਂ ਦਿਨ-ਦਿਹੜੇ ਚੋਰੀ ਦੀ ਇੱਕ ਮੰਦਭਾਗੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਲੰਗਰ ਹਾਲ ਵਿੱਚੋਂ ਗੈਸ ਦਾ ਭਰਿਆ ਹੋਇਆ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਅਜੋਲੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਬੀਤੇ ਦਿਨੀਂ ਦਿਨ-ਦਿਹੜੇ ਚੋਰੀ ਦੀ ਇੱਕ ਮੰਦਭਾਗੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਲੰਗਰ ਹਾਲ ਵਿੱਚੋਂ ਗੈਸ ਦਾ ਭਰਿਆ ਹੋਇਆ ਸਿਲੰਡਰ ਚੋਰੀ ਕਰ ਲਿਆ ਗਿਆ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪ੍ਰਬੰਧਕ ਕਮੇਟੀ ਦੇ ਮੁਤਾਬਕ ਇਹ ਘਟਨਾ ਦੁਪਹਿਰ ਵੇਲੇ ਵਾਪਰੀ ਜਦੋਂ ਤਕਰੀਬਨ 3:00 ਵਜੇ ਕਮੇਟੀ ਮੈਂਬਰ ਉੱਥੋਂ ਗਏ ਸਨ ਅਤੇ ਇਸ ਤੋਂ ਤੁਰੰਤ ਬਾਅਦ ਕਰੀਬ 3:15 ਵਜੇ ਇੱਕ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ।
ਉਸ ਨੇ ਪਹਿਲਾਂ ਮੋਟਰਸਾਈਕਲ ਬਾਹਰ ਖੜ੍ਹਾ ਕੀਤਾ ਅਤੇ ਪੈਦਲ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਇੱਧਰ-ਉੱਧਰ ਘੁੰਮ ਕੇ ਪੂਰੀ ਰੇਕੀ ਕੀਤੀ, ਜਿਸ ਦੌਰਾਨ ਲੰਗਰ ਹਾਲ ਵਿੱਚ ਉਸ ਨੂੰ ਭਰਿਆ ਹੋਇਆ ਗੈਸ ਸਿਲੰਡਰ ਦਿਖਾਈ ਦਿੱਤਾ । ਇਸ ਤੋਂ ਬਾਅਦ ਉਹ ਨੌਜਵਾਨ ਦੁਬਾਰਾ ਬਾਹਰ ਗਿਆ ਅਤੇ ਆਲੇ-ਦੁਆਲੇ ਦੇਖਿਆ ਕਿ ਕੋਈ ਮੌਜੂਦ ਨਹੀਂ ਹੈ ਤਾਂ ਉਹ ਆਪਣਾ ਮੋਟਰਸਾਈਕਲ ਸਿੱਧਾ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਅੰਦਰ ਲੈ ਗਿਆ ਅਤੇ ਉੱਥੋਂ ਸਿਲੰਡਰ ਚੁੱਕ ਕੇ ਮੋਟਰਸਾਈਕਲ ਦੇ ਅੱਗੇ ਰੱਖ ਕੇ ਰਫ਼ੂ-ਚੱਕਰ ਹੋ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਇਸ ਚੋਰੀ ਦਾ ਪਤਾ ਤੁਰੰਤ ਨਹੀਂ ਲੱਗਿਆ, ਬਲਕਿ ਦੋ ਦਿਨ ਬਾਅਦ ਜਦੋਂ ਲੰਗਰ ਹਾਲ ਵਿੱਚ ਸਿਲੰਡਰ ਗਾਇਬ ਦੇਖਿਆ ਤਾਂ ਸ਼ੱਕ ਪੈਣ ’ਤੇ ਸੀਸੀਟੀਵੀ ਫੁਟੇਜ ਖੰਗਾਲੀ ਗਈ, ਜਿਸ ਵਿੱਚ ਚੋਰ ਦਾ ਚਿਹਰਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਹੁਣ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਲਈ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।