ਪੰਜ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਚੜ੍ਹਦੀਕਲਾ ਨਾਲ ਸੰਪੰਨ
ਪੰਜ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਚੜ੍ਹਦੀਕਲਾ ਨਾਲ ਸੰਪੰਨ
Publish Date: Sun, 14 Jun 2026 06:33 PM (IST)
Updated Date: Mon, 15 Jun 2026 04:03 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਭਾਈ ਨੰਦ ਲਾਲ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਜੂਨ ਤੋਂ 14 ਜੂਨ ਤੱਕ ਕਰਵਾਇਆ ਗਿਆ ਪੰਜ ਰੋਜ਼ਾ ਗੁਰਮਤਿ ਸਿੱਖਿਆ ਅਤੇ ਅਧਿਆਪਨ ਸੇਧਾਂ ਵਿਸ਼ੇਕ ਕੈਂਪ ਚੜ੍ਹਦੀਕਲਾ ਨਾਲ ਸੰਪੰਨ ਹੋ ਗਿਆ। ਇਸ ਕੈਂਪ ਵਿੱਚ ਧਰਮ ਪ੍ਰਚਾਰ ਕਮੇਟੀ ਅਧੀਨ ਚੱਲ ਰਹੇ ਮਿਸ਼ਨਰੀ ਕਾਲਜਾਂ, ਵਿਦਿਆਲਿਆਂ, ਅਕੈਡਮੀਆਂ ਅਤੇ ਸਕੂਲਾਂ ਦੇ ਧਾਰਮਿਕ ਅਧਿਆਪਕਾਂ ਨੇ ਭਾਗ ਲਿਆ। ਕੈਂਪ ਦਾ ਸਮੁੱਚਾ ਪ੍ਰਬੰਧ ਧਾਰਮਿਕ ਵਿਦਿਆ ਬ੍ਰਾਂਚ ਅਤੇ ਧਾਰਮਿਕ ਪ੍ਰੀਖਿਆ ਬ੍ਰਾਂਚ ਵੱਲੋਂ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਦੀ ਅਗਵਾਈ ਹੇਠ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਪਦਮ ਪ੍ਰੋ. ਕਰਤਾਰ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਇਸ ਮੌਕੇ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਆਏ ਮਹਿਮਾਨਾਂ, ਪ੍ਰਿੰਸੀਪਲਾਂ, ਇੰਚਾਰਜਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ, ਜਦਕਿ ਭਾਈ ਅਮਰਜੀਤ ਸਿੰਘ ਚਾਵਲਾ ਨੇ ਧੰਨਵਾਦ ਪ੍ਰਗਟਾਇਆ। ਕੈਂਪ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਤਾ ਗਿਆ। ਇਸ ਮੌਕੇ ਗਿਆਨੀ ਜੁਗਿੰਦਰ ਸਿੰਘ, ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਕੌਮ ਦੀ ਚੜ੍ਹਦੀਕਲਾ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਕੈਂਪ ਦੇ ਪਹਿਲੇ ਦਿਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰਬਾਣੀ ਸੰਥਿਆ ਅਤੇ ਸਿਖਲਾਈ ਦੇ ਬੁਨਿਆਦੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਗੁਰਮਤਿ ਸੰਗੀਤ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਦੂਜੇ ਦਿਨ ਡਾ. ਸਰਬਜੀਤ ਸਿੰਘ ਰੇਣੂਕਾ ਨੇ ਵਿਦਿਆਰਥੀਆਂ ਵਿੱਚ ਚੜ੍ਹਦੀਕਲਾ ਦੀ ਭਾਵਨਾ ਪੈਦਾ ਕਰਨ ਦੇ ਤਰੀਕਿਆਂ ਅਤੇ ਪ੍ਰਿੰਸੀਪਲ ਕੁਲਰਾਜ ਸਿੰਘ ਨੇ ਨਿੱਜੀ ਜੀਵਨ ਅਤੇ ਉੱਚੀ ਸੁੱਚੀ ਰਹਿਣੀ ਬਾਰੇ ਆਪਣੇ ਵਿਚਾਰ ਰੱਖੇ। ਤੀਜੇ ਦਿਨ ਡਾ. ਦਵਿੰਦਰ ਸਿੰਘ ਜੋਹਲ ਨੇ ਸਿੱਖਿਆ ਮਨੋਵਿਗਿਆਨ ਅਤੇ ਡਾ. ਰਵਿੰਦਰ ਸਿੰਘ ਨੇ ਭਗਤ ਰਵਿਦਾਸ ਜੀ ਦੀ ਬਾਣੀ ਦੇ ਸਮਾਜਿਕ ਸਰੋਕਾਰਾਂ ਬਾਰੇ ਚਾਨਣਾ ਪਾਇਆ। ਚੌਥੇ ਦਿਨ ਡਾ. ਸਤਨਿੰਦਰ ਸਿੰਘ ਬੋਦਲ ਨੇ ਕੀਰਤਨ ਸੈਲੀਆਂ ਅਤੇ ਰਿਆਜ਼ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਜਸਵੰਤ ਸਿੰਘ ਨੇ ਧਾਰਮਿਕ ਵਿਦਿਆ ਦੇ ਅਜੋਕੇ ਪ੍ਰਸੰਗਾਂ ਉੱਤੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਕੈਂਪ ਦੇ ਆਖ਼ਰੀ ਦਿਨ ਅਜੈਬ ਸਿੰਘ ਅਭਿਆਸੀ ਅਤੇ ਸੁਖਬਰਸ਼ ਸਿੰਘ ਪੰਨੂ, ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸੰਬੋਧਨ ਕਰਦਿਆਂ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਪ੍ਰਗਟ ਕੀਤੇ। ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਕੈਂਪ ਦੀ ਸਫਲਤਾ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਵਾਨਾਂ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਉੱਚ ਕੋਟੀ ਦੇ ਰਾਗੀ, ਢਾਡੀ ਅਤੇ ਪ੍ਰਚਾਰਕ ਤਿਆਰ ਕਰਨ ਲਈ ਹੋਰ ਯਤਨ ਕੀਤੇ ਜਾਣਗੇ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹੋਰ ਵੱਧ ਉਤਸ਼ਾਹ ਨਾਲ ਕੰਮ ਕਰਨ। ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਸਾਰੇ ਪ੍ਰਿੰਸੀਪਲਾਂ, ਇੰਚਾਰਜਾਂ ਅਤੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਭਾਗੀਦਾਰਾਂ ਨੂੰ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਵੀ ਕਰਵਾਏ ਗਏ। ਇਸ ਮੌਕੇ ਡਾ. ਜੋਗਿਸ਼ਵਰ ਸਿੰਘ, ਪ੍ਰਿੰਸੀਪਲ ਰਾਜਪਾਲ ਸਿੰਘ, ਭੁਪਿੰਦਰ ਸਿੰਘ, ਜਸ਼ਵੀਰ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਅਤੇ ਭਾਈ ਗੁਰਭਾਗ ਸਿੰਘ ਸਮੇਤ ਹੋਰ ਪ੍ਰਬੰਧਕਾਂ ਨੇ ਸੇਵਾਵਾਂ ਨਿਭਾਈਆਂ। ਕੈਂਪ ਵਿੱਚ ਸ਼ਾਮਲ ਅਧਿਆਪਕਾਂ ਨੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਬਹੁਤ ਲਾਭਕਾਰੀ ਕਰਾਰ ਦਿੱਤਾ।