ਵਟਸਐਪ ਗਰੁੱਪ ਬਣਿਆ ਗਊਸ਼ਾਲਾ ਲਈ ਵੱਡਾ ਸਹਾਰਾ ਠੇਕੇਦਾਰ ਮੋਹਣ ਲਾਲ ਦਾ ਵਟਸਐਪ ਗਰੁੱਪ ਬਣਿਆ ਗਊਸ਼ਾਲਾ ਸੁੱਖੇਮਾਜਰਾ ਲਈ ਵੱਡਾ ਸਹਾਰਾ
Publish Date: Mon, 13 Jul 2026 04:50 PM (IST)
Updated Date: Mon, 13 Jul 2026 04:51 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਸ਼ੋਸ਼ਲ ਮੀਡੀਆ ਨੂੰ ਅਕਸਰ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਹੈ, ਉੱਥੇ ਹੀ ਪਿੰਡ ਜਤੋਲੀ ਦੇ ਸਮਾਜਸੇਵੀ ਆਗੂ ਠੇਕੇਦਾਰ ਮੋਹਣ ਲਾਲ ਨੇ ਇਸੇ ਮਾਧਿਅਮ ਨੂੰ ਗਊ ਸੇਵਾ ਦੀ ਇੱਕ ਪ੍ਰਭਾਵਸ਼ਾਲੀ ਮੁਹਿੰਮ ਵਿੱਚ ਬਦਲ ਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵੱਲੋਂ ਬਣਾਇਆ ਗਿਆ ਇੱਕ ਵਟਸਐਪ ਗਰੁੱਪ ਅੱਜ ਗਊਸ਼ਾਲਾ ਸੁੱਖੇਮਾਜਰਾ ਲਈ ਵੱਡਾ ਸਹਾਰਾ ਬਣ ਚੁੱਕਾ ਹੈ, ਜਿਸ ਰਾਹੀਂ ਦਾਨੀ ਸੱਜਣ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ। ਠੇਕੇਦਾਰ ਮੋਹਣ ਲਾਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ 22 ਮਾਰਚ ਨੂੰ ਪਹਿਲੀ ਵਾਰ ਗਊਸ਼ਾਲਾ ਸੁੱਖੇਮਾਜਰਾ ਪਹੁੰਚੇ ਸਨ। ਉਸ ਸਮੇਂ ਗਊਸ਼ਾਲਾ ਦੇ ਹਾਲਾਤ ਸੰਤੋਸ਼ਜਨਕ ਨਹੀਂ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਇੱਥੇ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਸੁਧਾਰ ਹੋ ਚੁੱਕਾ ਸੀ। ਇਸੇ ਦਿਨ ਸਾਥੀਆਂ ਨਾਲ ਵਿਚਾਰ-ਵਟਾਂਦਰੇ ਉਪਰੰਤ ਗਊਸ਼ਾਲਾ ਦੇ ਹੋਰ ਵਿਕਾਸ ਅਤੇ ਗਊਆਂ ਦੀ ਬਿਹਤਰ ਸਾਂਭ-ਸੰਭਾਲ ਲਈ ਲੋਕ ਭਾਗੀਦਾਰੀ ਨਾਲ ਇੱਕ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸੇ ਦਿਨ 400 ਤੋਂ ਵੱਧ ਮੈਂਬਰਾਂ ਵਾਲਾ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਅਤੇ ਗਰੁੱਪ ਰਾਹੀਂ ਗਊ ਸੇਵਾ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅਗਲੇ ਹੀ ਦਿਨ, 23 ਮਾਰਚ ਤੱਕ, ਕਰੀਬ ਇੱਕ ਲੱਖ ਰੁਪਏ ਦੀ ਦਾਨ ਰਾਸ਼ੀ ਇਕੱਠੀ ਹੋ ਗਈ। ਜਦੋਂ ਇਸ ਰਕਮ ਨੂੰ ਗਊਸ਼ਾਲਾ ਦੇ ਵਿਕਾਸ ਕਾਰਜਾਂ ਤੇ ਖਰਚਣਾ ਸ਼ੁਰੂ ਕੀਤਾ ਗਿਆ ਅਤੇ ਹਰ ਪੈਸੇ ਦਾ ਪਾਰਦਰਸ਼ੀ ਹਿਸਾਬ ਵਟਸਐਪ ਗਰੁੱਪ ਵਿੱਚ ਸਾਂਝਾ ਕੀਤਾ ਗਿਆ ਤਾਂ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੁੰਦਾ ਗਿਆ। ਇਸ ਭਰੋਸੇ ਦੀ ਬਦੌਲਤ ਦਾਨ ਰਾਸ਼ੀ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਅਤੇ ਅੱਜ ਤੱਕ ਲੱਖਾਂ ਰੁਪਏ ਗਊਸ਼ਾਲਾ ਦੇ ਵਿਕਾਸ ਅਤੇ ਗਊਆਂ ਦੀ ਸੇਵਾ ਤੇ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਦਾਨੀ ਸੱਜਣ ਇਸ ਪੁਨੀਤ ਕਾਰਜ ਲਈ ਖੁੱਲ੍ਹੇ ਦਿਲ ਨਾਲ ਸਹਿਯੋਗ ਦੇ ਰਹੇ ਹਨ। ਮੋਹਣ ਲਾਲ ਨੇ ਦੱਸਿਆ ਕਿ ਦਾਨੀ ਸੱਜਣਾਂ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਸਹਿਯੋਗ ਨਾਲ ਗਊਸ਼ਾਲਾ ਵਿੱਚ ਗਊਆਂ ਦੀ ਸਾਂਭ-ਸੰਭਾਲ ਵਿੱਚ ਵੱਡਾ ਸੁਧਾਰ ਆਇਆ ਹੈ। ਪਹਿਲਾਂ ਜਿੱਥੇ ਬਿਮਾਰੀ ਅਤੇ ਭੁੱਖ ਕਾਰਨ ਗਊਆਂ ਦੀ ਮੌਤ ਚਿੰਤਾ ਦਾ ਵਿਸ਼ਾ ਬਣੀ ਰਹਿੰਦੀ ਸੀ, ਉੱਥੇ ਹੁਣ ਇਹ ਦਰ ਘਟ ਕੇ ਲਗਭਗ ਇੱਕ ਫੀਸਦੀ ਰਹਿ ਗਈ ਹੈ। ਉਨ੍ਹਾਂ ਉਮੀਦ ਜਤਾਈ ਕਿ ਸਾਂਝੇ ਯਤਨਾਂ ਅਤੇ ਲਗਾਤਾਰ ਮਿਲ ਰਹੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਪੂਰੀ ਤਰ੍ਹਾਂ ਸਿਫ਼ਰ ਤੱਕ ਲਿਆਂਦਾ ਜਾ ਸਕੇਗਾ। ਇਸ ਮੌਕੇ ਤੇ ਠੇਕੇਦਾਰ ਮੋਹਨ ਲਾਲ, ਸਰਪੰਚ ਰਾਮ ਧਨ ਬਾਠ , ਠੇਕੇਦਾਰ ਰਾਜ ਕੁਮਾਰ, ਚਮਨ ਲਾਲ ਬੂੰਗੜੀ , ਜੀਤੀ ਜਤੋਲੀ, ਰਕੇਸ਼ ਕੁਮਾਰ, ਮੋਜੀ ਝਾਂਡੀਆਂ, ਲੱਕੀ ਟਿੱਬਾ ਨੰਗਲ, ਕਾਕਾ ਝਾਂਡੀਆਂ ਅਤੇ ਗਰੁੱਪ ਦੇ ਹੋਰ ਮੈਂਬਰ ਹਾਜ਼ਰ ਸਨ। ਬਾਕਸ ਇੰਨ: ਮੋਹਣ ਲਾਲ ਨੇ ਕਿਹਾ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਆਪਣਾ ਅਤੇ ਆਪਣੇ ਪੁੱਤਰ ਦਾ ਜਨਮਦਿਨ ਗਊਸ਼ਾਲਾ ਵਿੱਚ ਮਨਾਉਣ ਅਤੇ ਇਸ ਮੌਕੇ ਗਊ ਸੇਵਾ ਲਈ ਖੁੱਲ੍ਹੇ ਦਿਲ ਨਾਲ ਦਾਨ ਦੇਣ ਦੀ ਪਹਿਲ ਨੇ ਵੀ ਸਮਾਜ ਵਿੱਚ ਇੱਕ ਸਕਾਰਾਤਮਕ ਸੰਦੇਸ਼ ਦਿੱਤਾ ਹੈ। ਇਸ ਉਪਰਾਲੇ ਤੋਂ ਪ੍ਰੇਰਿਤ ਹੋ ਕੇ ਹੁਣ ਕਈ ਪਰਿਵਾਰ ਆਪਣੇ ਜਨਮਦਿਨ ਅਤੇ ਹੋਰ ਖੁਸ਼ੀ ਦੇ ਮੌਕਿਆਂ ਨੂੰ ਗਊ ਸੇਵਾ ਨਾਲ ਜੋੜਦੇ ਹੋਏ ਗਊਸ਼ਾਲਾ ਲਈ ਆਰਥਿਕ ਸਹਿਯੋਗ ਦੇ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸੋਚ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਲੋਕ ਲਹਿਰ ਦਾ ਰੂਪ ਧਾਰਨ ਕਰੇਗੀ ਅਤੇ ਗਊ ਸੇਵਾ ਨੂੰ ਹੋਰ ਮਜ਼ਬੂਤੀ ਮਿਲੇਗੀ।