ਪੁਲ ਨੂੰ ਛੇਤੀ ਚਲਾਉਣ ਲਈ ਡੀਸੀ ਨੂੰ ਮਿਲੇ ਚੌਧਰੀ ਭਗਤ ਰਾਮ
ਪੁਲ ਨੂੰ ਛੇਤੀ ਚਲਾਉਣ ਦੇ ਲਈ ਡਿਪਟੀ ਕਮਿਸ਼ਨਰ ਨੂੰ ਮਿਲੇ ਚੌਧਰੀ ਭਗਤ ਰਾਮ
Publish Date: Fri, 19 Jun 2026 05:03 PM (IST)
Updated Date: Fri, 19 Jun 2026 05:03 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਐਲਗਰਾਂ ਦੇ ਪੁੱਲ ਨੂੰ ਛੇਤੀ ਚਲਾਉਣ ਦੇ ਲਈ ਸਮਾਜ ਸੇਵਕ ਚੌਧਰੀ ਭਗਤ ਰਾਮ ਵੱਲੋਂ ਬੀਤੇ ਦਿਨੀ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਵੀ ਦਿੱਤਾ। ਇਸ ਸਬੰਧੀ ਅੱਜ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਬ ਡਵੀਜ਼ਨ ਨੰਗਲ ਅਤੇ ਇਲਾਕੇ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਦੀ ਮੁਸ਼ਕਿਲ ਅਤੇ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਸੰਨ 2004 ਵਿਚ ਉਸ ਸਮੇਂ ਦੀ ਸਰਕਾਰ ਵੱਲੋਂ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਸੰਨ 2006 ਵਿਚ ਪੁੱਲ ਦੀ ਉਸਾਰੀ ਕਰਨ ਉਪਰੰਤ ਲੋਕਾਂ ਦੀ ਆਵਾਜਾਈ ਲਈ ਪੁੱਲ ਚਾਲੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਨੂਰਪੁਰ ਬੇਦੀ, ਲੁਧਿਆਣਾ, ਨਵਾਂਸ਼ਹਿਰ ਵਗੈਰਾ ਜਾਣ ਲਈ ਇਕ ਬਹੁਤ ਵੱਡੀ ਰਾਹਤ ਮਿਲੀ ਸੀ, ਪਰ ਦੁਖ ਦੀ ਗੱਲ ਹੈ ਕਿ ਉਕਤ ਪੁੱਲ ਥੋੜੇ ਸਮੇਂ ਉਪਰੰਤ ਹੀ ਅਪਰਾਧੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਦਿਨ ਰਾਤ ਓਵਰ ਲੋਡਿੰਗ ਉਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਕਾਰਨ ਉਕਤ ਪੁੱਲ ਦੀਆਂ ਜੜ੍ਹਾਂ ਤੱਕ ਹਿਲਾ ਦਿੱਤੀਆਂ ਗਈਆਂ ਅਤੇ ਪੁੱਲ ਦਾ ਕੁਝ ਹਿੱਸਾ ਟੁੱਟ ਗਿਆ ਸੀ, ਅਤੇ ਲੋਕ ਨਿਰਮਾਣ ਵਿਭਾਗ ਮੁੱਖ ਇੰਜੀਨੀਅਰ ਵੱਲੋਂ ਨਰੀਖਣ ਕਰਨ ਉਪਰੰਤ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਸੀ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਲਈ ਭਾਰੀ ਮੁਸ਼ਕਿਲ ਆਉਣ ਲੱਗੀ। ਇਲਾਕੇ ਦੇ ਸਮਾਜ ਸੇਵੀ ਅਤੇ ਸਿਆਸੀ ਜਥੇ ਬੰਦੀਆਂ ਵੱਲੋਂ ਉਕਤ ਪੁੱਲ ਦੀ ਮੁਰੰਮਤ ਕਰਵਾਉਣ ਲਈ ਬਾਰ ਬਾਰ ਜਿਲਾ ਪ੍ਰਸ਼ਾਸ਼ਨ ਅਤੇ ਲੋਕਲ ਪ੍ਰਸ਼ਾਸ਼ਨ ਅਤੇ ਸਬੰਧਿਤ ਮਹਿਕਮੇ ਨੂੰ ਬਾਰੋ ਬਾਰ ਲਿਖਤੀ ਰੂਪ ਅਤੇ ਮਿਲ ਕੇ ਬੇਨਤੀਆਂ ਕਰ ਚੁੱਕੇ ਹਨ ਪਰ ਵੇਖਣ ਵਿਚ ਆਇਆ ਹੈ ਕਿ ਉਕਤ ਪੁੱਲ ਦੀ ਮੁਰੰਮਤ ਦਾ ਕੰਮ ਬਹੁਤ ਹੀ ਧੀਮੀ ਗਤੀ ਵਿਚ ਚੱਲ ਰਿਹਾ ਹੈ ਜਦੋਂ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਲਈ ਕਰੀਬ 1 ਮਹੀਨੇ ਦਾ ਹੀ ਸਮਾਂ ਰਹਿ ਗਿਆ ਹੈ ਜੇਕਰ ਬਰਸਾਤ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਉਸ ਦੀ ਉਸਾਰੀ ਦਾ ਕੰਮ ਮੁਕੰਮਲ ਨਾ ਹੋਇਆ ਤਾਂ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਆਵਾਜਾਈ ਲਈ ਭਾਰੀ ਸੰਤਾਪ ਭੁਗਤਣਾ ਪੈ ਸਕਦਾ ਹੈ। ਚੌਧਰੀ ਭਗਤ ਰਾਮ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਉਨ੍ਹਾਂ ਨੂੰ ਇਸ ਕੰਮ ਦੇ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਵੀ ਦਿੱਤਾ ਗਿਆ ਹੈ।