ਸਾਨ੍ਹ ਟਕਰਾਉਣ ਕਾਰਨ ਕਾਰ ਹਾਦਸਾਗ੍ਰਸਤ, ਸਾਨ੍ਹ ਗੰਭੀਰ ਜ਼ਖ਼ਮੀ
ਬੇਸਹਾਰਾ ਸਾਨ ਨਾਲ ਟਕਰਾਉਣ ਕਾਰਨ ਕਾਰ ਹਾਦਸਾਗ੍ਰਸਤ ਸਾਨ੍ਹ ਗੰਭੀਰ ਜ਼ਖ਼ਮੀ
Publish Date: Sat, 13 Jun 2026 04:18 PM (IST)
Updated Date: Sat, 13 Jun 2026 04:21 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ਼੍ਰੀ ਕੀਰਤਪੁਰ ਸਾਹਿਬ ਚੰਡੀਗੜ੍ਹ ਕੌਮੀ ਮਾਰਗ ‘ਤੇ ਪਿੰਡ ਡਾਢੀ ਦੇ ਨਜ਼ਦੀਕ ਅੱਜ ਇੱਕ ਬੇਸਹਾਰਾ ਸਾਨ੍ਹ ਅਚਾਨਕ ਸੜਕ ‘ਤੇ ਆ ਗਿਆ ਅਤੇ ਇੱਕ ਮਾਰੂਤੀ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਸਾਨ੍ਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦਕਿ ਕਾਰ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਮਾਰਗ ‘ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਅਤੇ ਉਨ੍ਹਾਂ ਵੱਲੋਂ ਜ਼ਖਮੀ ਸਾਨ੍ਹ ਨੂੰ ਸੜਕ ਤੋਂ ਹਟਾ ਕੇ ਸਾਈਡ ’ਤੇ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 8 ਵਜੇ ਇੱਕ ਮਾਰੂਤੀ ਕਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਰੂਪਨਗਰ ਵੱਲ ਜਾ ਰਹੀ ਸੀ। ਜਦੋਂ ਕਾਰ ਪਿੰਡ ਡਾਢੀ ਦੇ ਨੇੜੇ ਪਹੁੰਚੀ ਤਾਂ ਅਚਾਨਕ ਇੱਕ ਬੇਸਹਾਰਾ ਸਾਨ੍ਹ ਸੜਕ ‘ਤੇ ਆ ਗਿਆ। ਕਾਰ ਚਾਲਕ ਨੇ ਤੁਰੰਤ ਬ੍ਰੇਕ ਲਗਾ ਕੇ ਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਸਾਨ੍ਹ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਾਨ੍ਹ ਸੜਕ ‘ਤੇ ਡਿੱਗ ਪਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਕਾਰ ਦਾ ਅੱਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸੜਕ ’ਤੇ ਜਾ ਰਹੇ ਲੋਕ ਅਤੇ ਨਜ਼ਦੀਕੀ ਦੁਕਾਨਦਾਰ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਜ਼ਖ਼ਮੀ ਸਾਨ੍ਹ ਨੂੰ ਸੜਕ ਤੋਂ ਹਟਾ ਕੇ ਕਿਨਾਰੇ ’ਤੇ ਕੀਤਾ, ਤਾਂ ਜੋ ਹੋਰ ਕੋਈ ਹਾਦਸਾ ਨਾ ਵਾਪਰੇ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ, ਹਾਲਾਂਕਿ ਹਾਦਸੇ ਵਿੱਚ ਕੋਈ ਮਨੁੱਖੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਉਜਾਗਰ ਕਰ ਦਿੱਤਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸ਼੍ਰੀ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕੌਮੀ ਅਤੇ ਲਿੰਕ ਸੜਕਾਂ ‘ਤੇ ਬੇਸਹਾਰਾ ਗਊਆਂ ਅਤੇ ਸਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਪਸ਼ੂ ਅਕਸਰ ਸੜਕਾਂ ਦੇ ਵਿਚਕਾਰ ਬੈਠ ਜਾਂਦੇ ਹਨ ਜਾਂ ਅਚਾਨਕ ਵਾਹਨਾਂ ਅੱਗੇ ਆ ਜਾਂਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਰਾਤ ਦੇ ਸਮੇਂ ਅਤੇ ਤੇਜ਼ ਰਫ਼ਤਾਰ ਵਾਲੇ ਮਾਰਗਾਂ ‘ਤੇ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਗਊ ਧਨ ਦੀ ਸੰਭਾਲ ਲਈ ਕਾਓ ਸੈਸ ਵੀ ਇਕੱਠਾ ਕੀਤਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਸੁਰੱਖਿਅਤ ਗਊਸ਼ਾਲਾਵਾਂ ਵਿੱਚ ਭੇਜਣ ਲਈ ਢੁਕਵੇਂ ਕਦਮ ਚੁੱਕਣ, ਤਾਂ ਜੋ ਮਨੁੱਖੀ ਜਾਨਾਂ ਦੇ ਨਾਲ-ਨਾਲ ਬੇਜ਼ੁਬਾਨ ਪਸ਼ੂਆਂ ਦੀਆਂ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਣ। ਇਸ ਹਾਦਸੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂ ਨਾ ਸਿਰਫ਼ ਟ੍ਰੈਫਿਕ ਲਈ ਵੱਡਾ ਖ਼ਤਰਾ ਹਨ, ਸਗੋਂ ਖੁਦ ਵੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਇਸ ਗੰਭੀਰ ਸਮੱਸਿਆ ਦੇ ਜਲਦ ਅਤੇ ਸਥਾਈ ਹੱਲ ਦੀ ਮੰਗ ਕੀਤੀ ਹੈ।