ਐਂਟਰੀ ਟੈਕਸ ਦੇ ਮੁੱਦਾ ਮੁੜ ਗਰਮਾਇਆ, ਮੁੱਖ ਮੰਤਰੀ ਸੁੱਖੂ ਦਾ ਪੁਤਲਾ ਫੂਕਿਆ ਐਂਟਰੀ ਟੈਕਸ ਦੇ ਮੁੱਦੇ 'ਤੇ ਮੁੜ ਗਰਮਾਇਆ ਸਰਹੱਦੀ ਇਲਾਕਾ
Publish Date: Mon, 06 Jul 2026 04:42 PM (IST)
Updated Date: Mon, 06 Jul 2026 04:45 PM (IST)
26 ਤੋਂ ਢੇਰੋਵਾਲ ਟੋਲ ਨਾਕੇ ’ਤੇ ਪੱਕਾ ਮੋਰਚਾ, ਵੱਡੇ ਜਨ ਅੰਦੋਲਨ ਦੀ ਚੇਤਾਵਨੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਹਿਮਾਚਲ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਲਾਗੂ ਕੀਤੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਚੱਲ ਰਿਹਾ ਅੰਦੋਲਨ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਐਤਵਾਰ ਨੂੰ ਨੂਰਪੁਰਬੇਦੀ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਟੈਕਸੀ ਯੂਨੀਅਨਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜਿਕ ਸੰਗਠਨਾਂ ਨੇ ਸਾਂਝੇ ਤੌਰ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰਦਿਆਂ 26 ਜੁਲਾਈ ਤੋਂ ਘਨੌਲੀ–ਨਾਲਾਗੜ੍ਹ ਸਟੇਟ ਹਾਈਵੇ ਸਥਿਤ ਢੇਰੋਵਾਲ ਐਂਟਰੀ ਟੋਲ ਨਾਕੇ ਤੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾਉਣ ਦਾ ਫ਼ੈਸਲਾ ਕੀਤਾ। ਨੂਰਪੁਰਬੇਦੀ ਦੇ ਪੁਰਾਣੇ ਬੱਸ ਸਟੈਂਡ ਚੌਂਕ ਵਿਖੇ ਹੋਏ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ), ਆਜ਼ਾਦ ਟੈਕਸੀ ਯੂਨੀਅਨ, ਨੂਰਪੁਰਬੇਦੀ ਟੈਕਸੀ ਯੂਨੀਅਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਂਹ ਦੇ ਬਾਵਜੂਦ ਸੰਘਰਸ਼ਕਾਰੀਆਂ ਦੇ ਹੌਸਲੇ ਬੁਲੰਦ ਰਹੇ। ਇਸ ਦੌਰਾਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਰੋਸ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਅੱਛਰ ਸਿੰਘ ਮਹਾਕਾਲ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ) ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ, ਅਵਤਾਰ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਹਰਪ੍ਰੀਤ ਸਿੰਘ ਭੱਟੋ, ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਬਾਬਾ ਕਮਲਜੀਤ ਸਿੰਘ ਜੱਸੀ ਨਲਹੋਟੀ ਅਤੇ ਨੂਰਪੁਰਬੇਦੀ ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਸਰਹੱਦੀ ਇਲਾਕਿਆਂ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੂਪਨਗਰ, ਮੋਹਾਲੀ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਸਰਹੱਦੀ ਇਲਾਕਿਆਂ ਨੂੰ ਐਂਟਰੀ ਟੈਕਸ ਤੋਂ ਪੂਰੀ ਤਰ੍ਹਾਂ ਛੋਟ ਮਿਲਣ ਤੱਕ ਸੰਘਰਸ਼ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਲਿਆ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ 26 ਜੁਲਾਈ ਤੋਂ ਢੇਰੋਵਾਲ ਐਂਟਰੀ ਟੋਲ ਨਾਕੇ ਤੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਦੇ ਨਵੇਂ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਹਿਮਾਚਲ ਦੇ ਲੋਕਾਂ ਨਾਲ ਨਹੀਂ, ਸਗੋਂ ਸਰਕਾਰ ਦੀ ਉਸ ਨੀਤੀ ਦੇ ਵਿਰੁੱਧ ਹੈ ਜਿਸ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ, ਟੈਕਸੀ ਚਾਲਕਾਂ, ਵਪਾਰੀਆਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਿਮਾਚਲ ਸਰਕਾਰ ਨੇ ਐਂਟਰੀ ਟੈਕਸ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ ਅਤੇ ਇਸ ਦਾ ਅਸਰ ਹਿਮਾਚਲ ਦੇ ਉਦਯੋਗਿਕ ਖੇਤਰਾਂ ਤੱਕ ਵੀ ਵੇਖਣ ਨੂੰ ਮਿਲੇਗਾ। ਇਸ ਮੌਕੇ ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਅਮਰੀਕ ਸਿੰਘ ਜੱਸੀ (ਸੀਨੀਅਰ ਮੀਤ ਪ੍ਰਧਾਨ), ਕਮਲਜੀਤ ਸਿੰਘ (ਜੁਆਇੰਟ ਸਕੱਤਰ ਪੰਜਾਬ), ਅਵਤਾਰ ਸਿੰਘ, ਦਰਸ਼ਨ ਸਿੰਘ (ਪ੍ਰਧਾਨ, ਟੈਕਸੀ ਯੂਨੀਅਨ ਨੂਰਪੁਰਬੇਦੀ), ਕਸ਼ਮੀਰ ਸਿੰਘ ਨੰਗਲੀ, ਮਨੋਜ ਕੁਮਾਰ ਜੋਸ਼ੀ, ਵਰਿੰਦਰ ਸ਼ਰਮਾ, ਵੀਰੂ (ਪ੍ਰਧਾਨ, ਸਨਾਤਨ ਮੰਚ ਨੂਰਪੁਰਬੇਦੀ), ਬਲਵੀਰ ਖਾਨ, ਹਰਪ੍ਰੀਤ ਸਿੰਘ ਕਾਲਾ, ਗੁਰਮੀਤ ਸਿੰਘ ਮੋਠਾਪੁਰ, ਬਿੰਦਰ ਸਿੰਘ ਭੱਗਲ, ਸਿੰਦਾ ਲਾਲਪੁਰ, ਮਹਿੰਦਰ ਪਾਲ, ਸ਼ਿਵ ਕੁਮਾਰ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਤੋਂ ਬਾਬਾ ਅੱਛਰ ਸਿੰਘ ਮਹਾਕਾਲ, ਬਾਬਾ ਰਵੀ ਸਿੰਘ ਭਰਤਗੜ੍ਹ, ਬਾਬਾ ਦੀਪਕ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਹਰਭਜਨ ਸਿੰਘ, ਬਾਬਾ ਤਾਰਾ ਸਿੰਘ, ਜਥੇਦਾਰ ਗੁਰਪ੍ਰੀਤ ਸਿੰਘ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵੱਡੀ ਗਿਣਤੀ ਵਿੱਚ ਸੰਘਰਸ਼ਕਾਰੀ ਹਾਜ਼ਰ ਸਨ।