ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਰੁੜੇ ਨੌਜਵਾਨ ਦੀ ਲਾਸ਼ ਬਰਾਮਦ
ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਰੂੜੇ ਨੌਜਵਾਨ ਦੀ ਲਾਸ਼ ਬਰਾਮਦ
Publish Date: Mon, 22 Jun 2026 05:48 PM (IST)
Updated Date: Mon, 22 Jun 2026 05:49 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਬੀਤੀ 17 ਜੂਨ ਨੂੰ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਕਲਿਆਣਪੁਰ ਵਾਰਡ ਨੰਬਰ ਪੰਜ ਵਿੱਚ ਪੈਂਦੀ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜੇ ਨੌਜਵਾਨ ਜਸ਼ਨਪ੍ਰੀਤ ਸਿੰਘ (23) ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਅਸੰਧ , ਕਰਨਾਲ ਹਰਿਆਣਾ ਦੀ ਲਾਸ਼ ਅੱਜ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਬੂੰਗਾ ਸਾਹਿਬ ਸਰਾਏ ਪੱਤਣ ਦੇ ਪੁਲ ਦੇ ਨਜ਼ਦੀਕ ਤੋਂ ਸਤਲੁਜ ਦਰਿਆ ਵਿੱਚੋਂ ਬਰਾਮਦ ਕਰ ਲਈ ਗਈ ਹੈ । ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਹੈ। ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਇਸੇ ਮਹੀਨੇ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਲੋਹੰਡ ਖੱਡ ਵਿੱਚ ਲੋਕਾਂ ਨੂੰ ਨਹਾਉਣ ਤੋਂ ਰੋਕਣ ਲਈ ਉਸਦੇ ਬਾਹਰ ਇੱਕ ਸੂਚਨਾ ਬੋਰਡ ਵੀ ਲਗਾਇਆ ਗਿਆ ਹੈ ਜਿਸ ਵਿੱਚ ਸਾਫ ਤੌਰ ’ਤੇ ਲਿਖਿਆ ਗਿਆ ਹੈ ਕਿ ਲੋਹੰਡ ਖੱਡ ਦਾ ਪਾਣੀ ਬਹੁਤ ਡੂੰਘਾ ਹੈ ਇਸ ਵਿੱਚ ਨਹਾਉਣਾ ਖਤਰੇ ਤੋਂ ਖਾਲੀ ਨਹੀਂ ਹੈ ਇਸ ਵਿੱਚ ਡੁੱਬਣ ਨਾਲ ਹੁਣ ਤੱਕ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਇਸ ਲਈ ਇਸ ਵਿੱਚ ਨਹਾਉਣ ਤੋਂ ਗੁਰੇਜ ਕੀਤਾ ਜਾਵੇ। ਇਸ ਤੋਂ ਇਲਾਵਾ ਪੁਲਿਸ ਵੱਲੋਂ ਲੋਹੰਡ ਖੱਡ ਨੂੰ ਜਾਂਦੇ ਰਸਤੇ ਦੇ ਅੱਗੇ ਕੰਡਿਆਲੀ ਤਾਰ ਲਗਾਉਣ ਲਈ ਐਂਗਲ ਲਗਾ ਦਿੱਤੇ ਗਏ ਹਨ ਅਤੇ ਇੱਕ ਦੋ ਦਿਨਾਂ ਵਿੱਚ ਇਨ੍ਹਾਂ ਐਂਗਲਾਂ ਨਾਲ ਕੰਡਿਆਲੀ ਤਾਰ ਬੰਨ ਦਿੱਤੀ ਜਾਵੇਗੀ। ਤਾਂ ਜੋ ਲੋਕ ਲੋਹਡ ਖੱਡ ਵਿੱਚ ਨਹਾਉਣ ਲਈ ਨਾ ਜਾਣ। ਪੱਤਰਕਾਰਾਂ ਨੇ ਲੋਹੰਡ ਖੱਡ ਦਾ ਦੌਰਾ ਕੀਤਾ ਤਾਂ ਭਾਰੀ ਤਾਦਾਦ ਵਿੱਚ ਆਏ ਸੈਲਾਨੀ ਚੇਤਾਵਨੀ ਬੋਰਡ ਦੀ ਪਰਵਾਹ ਕੀਤੇ ਬਿਨਾਂ ਇੱਥੇ ਨਹਾ ਰਹੇ ਸਨ। ਜਿਨ੍ਹਾਂ ਨੂੰ ਲੋਹੰਡ ਖੱਡ ਦੇ ਖਤਰਨਾਕ ਪਾਣੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਅੱਜ ਵੀ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਦੋ ਤਿੰਨ ਵਾਰ ਲੋਹੰਡ ਖੱਡ ਵਿੱਚ ਜਾ ਕੇ ਆਈ ਹੈ ਜਿੱਥੇ ਭਾਰੀ ਤਦਾਦ ਵਿੱਚ ਲੋਕ ਇਸ਼ਨਾਨ ਕਰ ਰਹੇ ਸਨ। ਪੁਲਿਸ ਵੱਲੋਂ ਉਨ੍ਹਾਂ ਨੂੰ ਇਥੋਂ ਹਟਾਇਆ ਗਿਆ। ਉਨ੍ਹਾ ਨੇ ਦੱਸਿਆ ਕਿ ਲੋਕਾਂ ਨੂੰ ਇੱਥੇ ਨਹਾਉਣ ਤੋਂ ਰੋਕਣ ਲਈ ਉਨ੍ਹਾਂ ਵੱਲੋਂ ਲੋਕਾਂ ਦੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ, ਪਰ ਫਿਰ ਵੀ ਲੋਕ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬਾਰ-ਬਾਰ ਇੱਥੇ ਨਹਾਉਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਇੱਥੇ ਸੂਚਨਾ ਬੋਰਡ ਵੀ ਲਗਾਇਆ ਗਿਆ ਹੈ, ਪਰ ਲੋਕ ਫਿਰ ਵੀ ਸਭ ਕੁਝ ਜਾਣਦੇ ਹੋਏ ਇਸ ਡੂੰਘੇ ਪਾਣੀ ਵਿੱਚ ਨਹਾਉਣ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਤੱਕ ਇੱਥੇ ਕੰਡਿਆਲੀ ਤਾਰ ਵੀ ਲਗਾ ਦਿੱਤੀ ਜਾਵੇਗੀ। ਤਾਂ ਜੋ ਲੋਕ ਨਹਾਉਣ ਲਈ ਲੋਹੰਡ ਖੱਡ ਦੇ ਡੂੰਘੇ ਪਾਣੀ ਵਿੱਚ ਨਾ ਜਾਣ। ਉਨ੍ਹਾਂ ਕਿਹਾ ਕਿ ਜਿਹੜਾ ਨੌਜਵਾਨ 17 ਜੂਨ ਨੂੰ ਲੋਹੁੰਡ ਖੱਡ ਵਿੱਚ ਨਹਾਉਂਦੇ ਸਮੇਂ ਰੁੜ ਗਿਆ ਸੀ ਉਸ ਦੀ ਲਾਸ਼ ਬਰਾਮਦ ਕਰ ਲਈ ਗਈ। ਜੇਕਰ ਪਰਿਵਾਰਿਕ ਮੈਂਬਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਮਨਾ ਕਰਨਗੇ ਤਾਂ ਪੋਸਟਮਾਰਟਮ ਕਰਵਾਏ ਬਿਨ੍ਹਾਂ ਹੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਨਹਿਰਾਂ ਦਰਿਆਵਾਂ ਦੇ ਡੂੰਘੇ ਪਾਣੀ ਵਿੱਚ ਜਾ ਕੇ ਨਾ ਨਹਾਉਣ ਕਿਉਂਕਿ ਇੱਥੇ ਹੋਣਾ ਖਤਰੇ ਤੋਂ ਖਾਲੀ ਨਹੀਂ ਹੈ।