ਅਮਰਜੀਤ ਸਿੰਘ ਚਾਵਲਾ ਕੇਸ 'ਚ ਪੁਲਿਸ ਦਾ ਵੱਡਾ ਐਕਸ਼ਨ, SGPC ਦੇ ਚੀਫ਼ OSD ਸਤਬੀਰ ਸਿੰਘ ਤੋਂ 4 ਘੰਟੇ ਪੁੱਛਗਿੱਛ
ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਮੁਖੀ ਜਤਿਨ ਕਪੂਰ, ਚੌਂਕੀ ਇੰਚਾਰਜ ਜਸਮੇਰ ਸਿੰਘ ਅਤੇ ਏਐਸਆਈ ਜੁਝਾਰ ਸਿੰਘ ਵੀ ਹਾਜ਼ਰ ਸਨ। ਡੀਐਸਪੀ ਮਾਨ ਨੇ ਦੱਸਿਆ ਕਿ ਸਤਬੀਰ ਸਿੰਘ ਤੋਂ ਕਰੀਬ ਚਾਰ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਮਾਮਲੇ ਨਾਲ ਸਬੰਧਤ ਕਈ ਅਹਿਮ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ।
Publish Date: Tue, 06 Oct 2026 02:06 PM (IST)
Updated Date: Tue, 06 Oct 2026 03:12 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਭਾਈ ਅਮਰਜੀਤ ਸਿੰਘ ਚਾਵਲਾ ਨਾਲ ਸਬੰਧਤ ਮਾਮਲੇ ਦੀ ਜਾਂਚ ਕਰ ਰਹੀ ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਐਸਜੀਪੀਸੀ ਦੇ ਚੀਫ਼ ਓਐਸਡੀ ਸਤਬੀਰ ਸਿੰਘ ਤੋਂ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਗਈ। ਸਤਬੀਰ ਸਿੰਘ ਐਸਜੀਪੀਸੀ ਵਿੱਚ ਲੰਮੇ ਸਮੇਂ ਤੱਕ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਸੈਕਟਰੀ ਦੇ ਅਹੁਦੇ ’ਤੇ ਵੀ ਰਹੇ ਹਨ। ਰਿਟਾਇਰਮੈਂਟ ਤੋਂ ਬਾਅਦ ਉਹ ਮੌਜੂਦਾ ਚੀਫ਼ ਸੈਕਟਰੀ ਕੁਲਵੰਤ ਸਿੰਘ ਦੇ ਓਐਸਡੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਪੱਤਰਕਾਰ ਸੰਮੇਲਨ ਦੌਰਾਨ ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਮੁਖੀ ਜਤਿਨ ਕਪੂਰ, ਚੌਂਕੀ ਇੰਚਾਰਜ ਜਸਮੇਰ ਸਿੰਘ ਅਤੇ ਏਐਸਆਈ ਜੁਝਾਰ ਸਿੰਘ ਵੀ ਹਾਜ਼ਰ ਸਨ। ਡੀਐਸਪੀ ਮਾਨ ਨੇ ਦੱਸਿਆ ਕਿ ਸਤਬੀਰ ਸਿੰਘ ਤੋਂ ਕਰੀਬ ਚਾਰ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਮਾਮਲੇ ਨਾਲ ਸਬੰਧਤ ਕਈ ਅਹਿਮ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਜਾਂਚ ਟੀਮ ਵੱਲੋਂ ਐਸਜੀਪੀਸੀ ਦੀ ਕਾਰਜਸ਼ੈਲੀ, ਸਰਾਵਾਂ ਵਿੱਚ ਸ਼ਰਧਾਲੂਆਂ ਦੀ ਐਂਟਰੀ, ਉਨ੍ਹਾਂ ਦੇ ਠਹਿਰਾਅ ਦੀ ਮਿਆਦ ਅਤੇ ਉੱਥੇ ਰਹਿਣ ਵਾਲੇ ਵਿਅਕਤੀਆਂ ਲਈ ਲਾਗੂ ਨਿਯਮਾਂ ਤੇ ਪ੍ਰਬੰਧਾਂ ਸਬੰਧੀ ਸਵਾਲ ਕੀਤੇ ਗਏ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਅਤੇ ਪੀੜਤ ਕਿਹੜੀਆਂ ਸਥਿਤੀਆਂ ਵਿੱਚ ਉੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਕਿਹੜੀਆਂ ਹਾਲਤਾਂ ਵਿੱਚ ਰੱਖਿਆ ਗਿਆ।
ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਪੀੜਤਾ ਨੂੰ ਲੋੜੀਂਦੀਆਂ ਸਹੂਲਤਾਂ ਮਿਲੀਆਂ ਜਾਂ ਨਹੀਂ ਅਤੇ ਕਿਤੇ ਕਿਸੇ ਤਰ੍ਹਾਂ ਦੀ ਬੰਦੀ ਬਣਾਉਣ ਵਾਲੀ ਗਤੀਵਿਧੀ ਤਾਂ ਨਹੀਂ ਹੋਈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਮੁੱਖ ਆਰੋਪੀ ਅਮਰਜੀਤ ਸਿੰਘ ਚਾਵਲਾ ਵੱਲੋਂ ਕੀਤੀ ਗਈ ਕਥਿਤ ਕਾਰਵਾਈ ਪਿੱਛੇ ਕੋਈ ਹੋਰ ਵਿਅਕਤੀ ਜਾਂ ਸਾਜ਼ਿਸ਼ਕਰਤਾ ਤਾਂ ਸ਼ਾਮਲ ਨਹੀਂ।
ਡੀਐਸਪੀ ਨੇ ਦੱਸਿਆ ਕਿ ਹੁਣ ਤੱਕ ਐਸਜੀਪੀਸੀ ਦੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਸਥਾਨਕ ਮੁਲਾਜ਼ਮਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਿਕਾਇਤ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਹ ਜਾਂਚ ਕਦੋਂ ਤੱਕ ਪੂਰੀ ਹੋਵੇਗੀ? ਪੁੱਛਣ ਤੇ ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਕਿਹਾ ਕਿ ਇਹ ਇੱਕ ਅਪਰਾਧਿਕ ਜਾਂਚ ਹੈ ਅਤੇ ਪੁਲਿਸ ਵੱਲੋਂ ਸਾਰੇ ਤੱਥਾਂ ਨੂੰ ਇਕੱਠਾ ਕਰਕੇ ਮਾਮਲੇ ਦੀ ਜਾਂਚ ਮੁਕੰਮਲ ਕੀਤੀ ਜਾਵੇਗੀ। ਕਾਨੂੰਨੀ ਪ੍ਰਬੰਧਾਂ ਅਤੇ ਅਦਾਲਤੀ ਹਦਾਇਤਾਂ ਅਨੁਸਾਰ ਮਾਮਲੇ ਦੀ ਪੁਲਿਸ ਰਿਪੋਰਟ ਜਲਦ ਤੋਂ ਜਲਦ ਅਦਾਲਤ ਵਿੱਚ ਦਾਖ਼ਲ ਕੀਤੀ ਜਾਵੇਗੀ।