ਜਮੀਨੀ ਵਿਵਾਦ ਮਾਮਲੇ ’ਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼
ਜਮੀਨੀ ਵਿਵਾਦ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਆਰੋਪ
Publish Date: Sun, 14 Jun 2026 06:38 PM (IST)
Updated Date: Mon, 15 Jun 2026 04:03 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਜਮੀਨੀ ਵਿਵਾਦ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਕਥਿਤ ਆਰੋਪ ਲਗਾਉਂਦਿਆਂ ਅੱਜ ਰੇਲਵੇ ਰੋਡ ਸਥਿਤ ਵਪਾਰੀ ਜਸਵਿੰਦਰ ਸਿੰਘ ਮਾਹਲ ਵੱਲੋਂ ਇੱਕ ਪੱਤਰਕਾਰ ਸੰਮੇਲਨ ਸੱਦਿਆ ਗਿਆ , ਜਿਸ ਦੇ ਵਿੱਚ ਗੱਲ ਕਰਦਿਆਂ ਜਸਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਉਹ ਰੇਲਵੇ ਰੋਡ ਵਿੱਚ ਮਾਹਲ ਸਰਵਿਸ ਸਟੇਸ਼ਨ ਚਲਾਉਂਦੇ ਹਨ ਅਤੇ ਕੁਝ ਲੋਕ ਉਨ੍ਹਾਂ ਦੀ ਜਾਇਦਾਤ ਨੂੰ ਝੂਠੇ ਕਾਗਜਾਂ ਦੇ ਅਧਾਰ ’ਤੇ ਹਥਿਆਉਣਾ ਚਾਹੁੰਦੇ ਹਨ, ਉਨ੍ਹਾਂ ਨੇ ਕਿਹਾ ਕਿ ਜਿਸ ਦੇ ਲਈ ਉਨ੍ਹਾਂ ਵੱਲੋਂ ਅਦਾਲਤੀ ਲੜਾਈ ਲੜੀ ਜਾ ਰਹੀ ਹੈ, ਪਰ ਬੀਤੀ 6 ਜੂਨ ਨੂੰ ਰਾਤ 12:30 ਵਜੇ ਕੁਝ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ’ਤੇ ਹਮਲਾ ਕਰਨ ’ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਉਨ੍ਹਾਂ ਨੇ ਸੀਸੀਟੀਵੀ ਦੀ ਫੁਟੇਜ ਵਿਖਾਉਂਦਿਆਂ ਇਸ ਸਾਜਿਸ਼ ਦੇ ਵਿੱਚ ਕਥਿਤ ਤੌਰ ’ਤੇ ਆਪਣੇ ਗਵਾਂਢੀ ਨੂੰ ਵੀ ਹਿੱਸੇਦਾਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਫੋਟੋਆਂ ਵੀ ਤਿਆਰ ਕਰ ਲਈਆਂ ਗਈਆਂ ਹਨ, ਪਰ ਪੁਲਿਸ ਵੱਲੋਂ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਦੇ ਵਿੱਚ ਸਹਿਯੋਗ ਨਹੀਂ ਕੀਤਾ ਜਾ ਰਿਹਾ। ਮੌਕੇ ’ਤੇ ਪਹੁੰਚੇ ਵਾਰਡ ਨੰਬਰ 11 ਦੇ ਕੌਂਸਲਰ ਲਵਲੀ ਆਂਗਰਾ ਨੇ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਵਾਰਡ ਦੇ ਵਿੱਚ ਕਥਤ ਤੌਰ ’ਤੇ ਗੁੰਡਾਗਰਦੀ ਅਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਕਾਰਵਾਈ ਕਰਾਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਸਟੀਕ ਕਾਰਵਾਈ ਨਾ ਕੀਤੀ ਗਈ ਤਾਂ ਬਾਜ਼ਾਰ ਵੀ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਾਰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਸੁਨੀਲ ਜੋਸ਼ੀ, ਵਿਸ਼ਾਲ ਖੰਨਾ, ਨੰਦ ਲਾਲ ਚੇਤਲ, ਮਨਪ੍ਰੀਤ ਸੈਣੀ, ਕੁਲਦੀਪ ਸਿੰਘ ਮਾਹਲ, ਸੁਮਨ ਅਤੇ ਕਮਲੇਸ਼ ਹਾਜ਼ਰ ਸਨ। ਕੀ ਕਹਿੰਦੇ ਹਨ ਐੱਸਐੱਚਓ ਸੰਧੂ ਇਸ ਸਬੰਧੀ ਜਦੋਂ ਐੱਸਐੱਚਓ ਨੰਗਲ ਰਣਬੀਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜਮੀਨੀ ਵਿਵਾਦ ਚੱਲ ਰਿਹਾ ਹੈ ਅਤੇ ਇਨ੍ਹਾਂ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਦੀ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਦੂਸਰੀ ਪਾਰਟੀ ਨੂੰ ਵੀ ਸੱਦਿਆ ਗਿਆ ਸੀ ਅਤੇ ਉਨ੍ਹਾਂ ਨੇ ਮੰਨਿਆ ਸੀ ਵੀ ਇਹ ਉਨ੍ਹਾਂ ਦੇ ਰਿਸ਼ਤੇਦਾਰ ਹਨ, ਉਨ੍ਹਾਂ ਨੇ ਕਿਹਾ ਕਿ ਜਾਂਚ ਲਗਾਤਾਰ ਜਾਰੀ ਹੈ ਅਤੇ ਛੇਤੀ ਹੀ ਕਿਸੇ ਨਤੀਜੇ ’ਤੇ ਪੁੱਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁਝ ਹਦਾਇਤਾਂ ਮਾਣਯੋਗ ਕੋਰਟ ਵੱਲੋਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਜਾਂਚ ਦੇ ਦੌਰਾਨ ਪਾਲਣ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।