ਹਵੇਲੀ ਪੁਲ ’ਤੇ ਭਿਆਨਕ ਸੜਕ ਹਾਦਸੇ ’ਚ ਔਰਤ ਦੀ ਦਰਦਨਾਕ ਮੌਤ, ਤਿੰਨ ਗੰਭੀਰ ਜ਼ਖਮੀ; ਕਾਰ ਚਾਲਕ ਦੀ ਗਲਤੀ ਨਾਲ ਵਾਪਰਿਆ ਹਾਦਸਾ
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਫੋਰਸ. ਤੋਂ ਹਾਈਵੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਲਗਭਗ 1.40 ਵਜੇ ਸਾਨੂੰ ਕੰਟਰੋਲ ਰੂਮ ਤੋਂ ਹਾਦਸੇ ਸਬੰਧੀ ਕਾਲ ਆਈ ਸੀ ਅਤੇ ਅਸੀਂ ਤਕਰੀਬਨ 2 ਵਜੇ ਹਾਦਸੇ ਵਾਲੀ ਜਗਾ ’ਤੇ ਪੁੱਜੇ ਤਾਂ ਦੇਖਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਚੁੱਕੇ ਸਨ।
Publish Date: Mon, 26 Oct 2026 02:25 PM (IST)
Updated Date: Mon, 26 Oct 2026 02:31 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ। ਨੈਸ਼ਨਲ ਹਾਈਵੇ ਫਗਵਾੜਾ ਦੇ ਹਵੇਲੀ ਪੁਲ ਉੱਪਰ ਵਾਪਰੇ ਭਿਆਨਕ ਸੜਕੀ ਹਾਦਸੇ ’ਚ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ।
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਫੋਰਸ. ਤੋਂ ਹਾਈਵੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਲਗਭਗ 1.40 ਵਜੇ ਸਾਨੂੰ ਕੰਟਰੋਲ ਰੂਮ ਤੋਂ ਹਾਦਸੇ ਸਬੰਧੀ ਕਾਲ ਆਈ ਸੀ ਅਤੇ ਅਸੀਂ ਤਕਰੀਬਨ 2 ਵਜੇ ਹਾਦਸੇ ਵਾਲੀ ਜਗਾ ’ਤੇ ਪੁੱਜੇ ਤਾਂ ਦੇਖਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਚੁੱਕੇ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਕਾਰ ਚਾਲਕ ਦੀ ਗਲਤੀ ਨਾਲ ਵਾਪਰਿਆ, ਜੋ ਕੇ ਤੇਜ਼ ਰਫਤਾਰ ਸੀ, ਜਿਸਨੇ ਅੱਗੇ ਜਾ ਰਹੇ ਕਿਸੇ ਅਣਪਛਾਤੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਕਾਰ ’ਚ ਪੰਜ ਜਣੇ ਸਵਾਰ, ਜਿਨਾਂ ਵਿੱਚ ਇੱਕ ਔਰਤ ਸੀ, ਜਿਸਦੀ ਮੌਕੇ ’ਤੇ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦ ਕਿ ਪੰਜਵਾਂ ਵਿਅਕਤੀ ਵਾਲ-ਵਾਲ ਬਚ ਗਿਆ। ਮ੍ਰਿਤਕ ਔਰਤ ਦੀ ਪਛਾਣ ਨੰਦਿਨੀ, ਹਮੀਰਪੁਰ ਹਿਮਾਚਲ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਹੀ ਕਾਰ ਸਵਾਰ ਹਿਮਾਚਲ ਪ੍ਰਦੇਸ਼ ਤੋਂ ਅੰਮ੍ਰਿਤਸਰ ਬਾਘਾ ਬਾਰਡਰ ਗਏ ਸਨ ਅਤੇ ਵਾਪਸੀ ਦੌਰਾਨ ਹਵੇਲੀ ਪੁਲ ਉੱਪਰ ਇਹ ਹਾਦਸਾ ਵਾਪਰ ਗਿਆ।
ਖ਼ਬਰ ਲਿਖੇ ਜਾਣ ਤੱਕ ਪੁਲਿਸ ਅਧਿਕਾਰੀ ਪਾਸੋਂ ਇੰਨੀ ਕੁ ਜਾਣਕਾਰੀ ਹੀ ਪ੍ਰਾਪਤ ਹੋ ਸਕੀ ਸੀ ਅਤੇ ਉੱਧਰ ਮਿ੍ਤਕ ਨੰਦਿਨੀ ਦੇ ਪਰਿਵਾਰ ਵਾਲੇ ਫਗਵਾੜਾ ਦੇ ਸਿਵਲ ਹਸਪਤਾਲ ਪੁੱਜੇ ਹੋਏ ਸਨ, ਜਿੱਥੇ ਨੰਦਿਨੀ ਦੀ ਲਾਸ਼ ਨੂੰ ਪੁਲਿਸ ਵੱਲੋਂ ਰਖਵਾਇਆ ਹੋਇਆ ਸੀ।
ਫੋਟੋ ਕੈਪਸ਼ਨ: ਨੈਸ਼ਨਲ ਹਾਈਵੇ ਫਗਵਾੜਾ ਦੇ ਹਵੇਲੀ ਪੁਲ ਉੱਪਰ ਦੇਰ ਰਾਤ ਵਾਪਰੇ ਹਾਦਸੇ ਦੀਆਂ ਤਸਵੀਰਾਂ।