ਅੱਧੀ ਰਾਤ LPU ਕੈਂਪਸ ’ਚ ਹੰਗਾਮਾ, ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵੀ ਸਥਿਤੀ ਤਣਾਅਪੂਰਨ
ਇੱਥੇ ਦੱਸਣਯੋਗ ਹੈ ਕਿ ਅੱਧੀ ਰਾਤੀਂ ਹੋਏ ਹੰਗਾਮੇ ਤੋਂ ਬਾਅਦ ਦੂਸਰੇ ਦਿਨ ਖ਼ਬਰ ਲਿਖੇ ਜਾਣ ਤੱਕ ਸਥਿਤੀ ਸਥਿਰ ਹੋਣ ਦੀ ਬਜਾਏ ਬਦ ਤੋਂ ਬਦਤਰ ਬਣੀ ਰਹੀ ਹੈ ਅਤੇ ਹਜ਼ਾਰਾਂ ਦੀ ਤਾਦਾਦ ’ਚ ਵਿਦਿਆਰਥੀ ਨੈਸ਼ਨਲ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ ਅਤੇ ਦੂਰ ਦੂਰ ਤੱਕ ਭਾਰੀ ਜਾਮ ਲੱਗਾ ਰਿਹਾ, ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਘੰਟਿਆਂ ਬੱਧੀ ਜਾਮ ’ਚ ਫਸੇ ਰਹੇ ਅਤੇ ਹਾਈਵੇ ਦੇ ਨਾਲ-ਨਾਲ ਪਿੰਡਾਂ ਦੇ ਰਸਤੇ ਵੀ ਬਲੌਕ ਹੋ ਗਏ।
Publish Date: Sun, 27 Sep 2026 01:14 PM (IST)
Updated Date: Sun, 27 Sep 2026 01:18 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ। ਸਥਾਨਕ ਚਹੇੜੂ ਦੀ ਪ੍ਰਸਿੱਧ ਯੂਨੀਵਰਸਿਟੀ ਐੱਲ.ਪੀ.ਯੂ. ’ਚ ਦੇਰ ਰਾਤ ਲਗਪਗ 2.30 ਵਜੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਜ਼ਬਰਦਸਤ ਹੰਗਾਮੇ ਅਤੇ ਭੰਨ ਤੋੜ ਤੋਂ ਬਾਅਦ ਅਜੇ ਵੀ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਫਗਵਾੜਾ ਦੇ ਚਹੇੜੂ ਵਿਖੇ ਸਥਿਤ ਐੱਲ.ਪੀ.ਯੂ. ਯੂਨੀਵਰਸਿਟੀ ’ਚ ਹੰਗਾਮਾਕਾਰੀਆਂ ਦਾ ਇਹ ਦੋਸ਼ ਹੈ ਕਿ ਐੱਲ.ਪੀ.ਯੂ. ਯੂਨੀਵਰਸਿਟੀ ਦੇ ਗਰਲਜ ਹੋਸਟਲ ’ਚ ਇੱਕ ਵਰਕਰ ਵੱਲੋਂ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਕਤ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ।
![naidunia_image]()
ਇੱਥੇ ਦੱਸਣਯੋਗ ਹੈ ਕਿ ਅੱਧੀ ਰਾਤੀਂ ਹੋਏ ਹੰਗਾਮੇ ਤੋਂ ਬਾਅਦ ਦੂਸਰੇ ਦਿਨ ਖ਼ਬਰ ਲਿਖੇ ਜਾਣ ਤੱਕ ਸਥਿਤੀ ਸਥਿਰ ਹੋਣ ਦੀ ਬਜਾਏ ਬਦ ਤੋਂ ਬਦਤਰ ਬਣੀ ਰਹੀ ਹੈ ਅਤੇ ਹਜ਼ਾਰਾਂ ਦੀ ਤਾਦਾਦ ’ਚ ਵਿਦਿਆਰਥੀ ਨੈਸ਼ਨਲ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ ਅਤੇ ਦੂਰ ਦੂਰ ਤੱਕ ਭਾਰੀ ਜਾਮ ਲੱਗਾ ਰਿਹਾ, ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਘੰਟਿਆਂ ਬੱਧੀ ਜਾਮ ’ਚ ਫਸੇ ਰਹੇ ਅਤੇ ਹਾਈਵੇ ਦੇ ਨਾਲ-ਨਾਲ ਪਿੰਡਾਂ ਦੇ ਰਸਤੇ ਵੀ ਬਲੌਕ ਹੋ ਗਏ।
ਇਸ ਮੌਕੇ ਵੱਡੀ ਗਿਣਤੀ ’ਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਗ੍ਹਾ-ਜਗ੍ਹਾ ਤਾਇਨਾਤ ਰਹੀਆਂ ਅਤੇ ਨੈਸ਼ਨਲ ਹਾਈਵੇ ’ਤੇ ਜਗ੍ਹਾ-ਜਗ੍ਹਾ ਬੈਰੀਕੇਡਿੰਗ ਕੀਤੀ ਗਈ ਹੈ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਕਿ ਜਦੋਂ ਦੇਰ ਰਾਤ ਸਥਾਨਕ ਯੂਨੀਵਰਸਿਟੀ ’ਚ ਹੰਗਾਮਾ ਹੋਇਆ ਤਾਂ ਕਈ ਸ਼ਰਾਰਤੀ ਅਨਸਰਾਂ ਨੇ ਅੰਦਰ ਬਣੀਆਂ ਦੁਕਾਨਾਂ ਦੀ ਤੋੜ ਭੰਨ ਕੀਤੀ ਅਤੇ ਮਹਿੰਗੇ ਆਈ ਫੋਨ, ਮੋਬਾਈਲ ਫੋਨ ਅਤੇ ਲੈਪਟਾਪ ਵੀ ਨਾਲ ਲੈ ਗਏ। ਹੰਗਾਮਾ ਕਾਰੀਆਂ ਵੱਲੋਂ ਜਿੱਥੇ ਯੂਨੀਵਰਸਿਟੀ ਦੇ ਬਾਹਰ ਅਤੇ ਅੰਦਰ ਜ਼ਬਰਦਸਤ ਤੋੜ ਭੰਨ ਕੀਤੀ ਗਈ, ਉੱਥੇ ਅੰਦਰ ਜਗ੍ਹਾ-ਜਗ੍ਹਾ ਅੱਗ ਲਗਾ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ।
ਹੰਗਾਮਾ ਹੁੰਦਿਆਂ ਹੀ ਦੇਰ ਰਾਤ ਇਲਾਕੇ ਅਤੇ ਦੂਰ ਦੂਰ ਤੱਕ ਇਹ ਖ਼ਬਰ ਅੱਗ ਦੀ ਤਰ੍ਹਾਂ ਫੈਲ ਗਈ। ਇਕ ਦਮ ਹੀ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਬਣ ਗਿਆ। ਖ਼ਬਰ ਲਿਖੇ ਜਾਣ ਵਿਦਿਆਰਥੀ ਵੱਡੀ ਗਿਣਤੀ ’ਚ ਨੈਸ਼ਨਲ ਹਾਈਵੇ ਦੀਆਂ ਸੜਕਾਂ ’ਤੇ ਬੈਠੇ ਹੋਏ ਸਨ ਅਤੇ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਸਨ ਪਰ ਮਾਮਲੇ ਦਾ ਅਜੇ ਤੱਕ ਕੋਈ ਸਖ਼ਤ ਹੱਲ ਨਹੀਂ ਨਿੱਕਲ ਪਾਇਆ ਸੀ ਅਤੇ ਨਾ ਹੀ ਫਗਵਾੜਾ ਪੁਲਿਸ ਵੱਲੋਂ ਉਕਤ ਮਾਮਲੇ ’ਚ ਕੋਈ ਸਖ਼ਤ ਸਪਸ਼ਟੀਕਰਣ ਸਾਹਮਣੇ ਆਇਆ ਸੀ।