'ਆਪ' ਨੇਤਾ ਨੂੰ ਗੈਂਗਸਟਰਾਂ ਵੱਲੋਂ ਫਿਰ ਜਾਨੋਂ ਮਾਰਨ ਦੀ ਧਮਕੀ, ਪਹਿਲਾਂ ਵੀ ਹੋ ਚੁੱਕੈ ਹਮਲਾ; ਪੁਲਿਸ ਤੇ ਸਾਈਬਰ ਟੀਮ ਜਾਂਚ ’ਚ ਜੁਟੀ
ਦਲਜੀਤ ਰਾਜੂ ਦੇ ਘਰ 'ਤੇ ਪਹਿਲਾਂ ਵੀ ਗੋਲੀਬਾਰੀ ਦੀ ਘਟਨਾ ਹੋ ਚੁੱਕੀ ਹੈ। ਉਸ ਘਟਨਾ ਤੋਂ ਬਾਅਦ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਹੋਈ ਸੀ। ਹੁਣ ਲਗਾਤਾਰ ਤੀਜੀ ਵਾਰ ਧਮਕੀ ਮਿਲਣ ਨਾਲ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ ਹੈ।
Publish Date: Tue, 04 Aug 2026 01:38 PM (IST)
Updated Date: Tue, 04 Aug 2026 02:09 PM (IST)
ਪੰਜਾਬੀ ਜਾਗਰਣ, ਫਗਵਾੜਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੀ.ਸੀ. ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ ਨੂੰ ਇੱਕ ਵਾਰ ਫਿਰ ਵਟਸਐਪ ਜ਼ਰੀਏ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤੀਜੀ ਵਾਰ ਹੈ ਜਦੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ 'ਤੇ ਧਮਕੀ ਦੇ ਨਾਲ ਗੋਲੀਬਾਰੀ ਦੀ ਘਟਨਾ ਵੀ ਹੋ ਚੁੱਕੀ ਹੈ, ਜਿਸ ਕਾਰਨ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਸੂਤਰਾਂ ਅਨੁਸਾਰ, ਦਲਜੀਤ ਰਾਜੂ ਨੂੰ ਮਿਲੇ ਤਾਜ਼ਾ ਵਟਸਐਪ ਸੁਨੇਹੇ ’ਚ ਗੰਭੀਰ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪਹਿਲਾਂ ਵੀ ਹੋ ਚੁੱਕਾ ਹੈ ਹਮਲਾ
ਦਲਜੀਤ ਰਾਜੂ ਦੇ ਘਰ 'ਤੇ ਪਹਿਲਾਂ ਵੀ ਗੋਲੀਬਾਰੀ ਦੀ ਘਟਨਾ ਹੋ ਚੁੱਕੀ ਹੈ। ਉਸ ਘਟਨਾ ਤੋਂ ਬਾਅਦ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਹੋਈ ਸੀ। ਹੁਣ ਲਗਾਤਾਰ ਤੀਜੀ ਵਾਰ ਧਮਕੀ ਮਿਲਣ ਨਾਲ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ ਹੈ।
ਪੁਲਿਸ ਅਤੇ ਸਾਈਬਰ ਟੀਮ ਜਾਂਚ ਵਿੱਚ ਜੁੱਟੀ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਵਟਸਐਪ ਸੁਨੇਹੇ ਦੇ ਸਰੋਤ, ਵਰਤੇ ਗਏ ਮੋਬਾਈਲ ਨੰਬਰ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਧਮਕੀ ਦੇਣ ਵਾਲੇ ਤੱਕ ਜਲਦੀ ਪਹੁੰਚਿਆ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਲੋੜ ਪਈ ਤਾਂ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ।
ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਵੀ ਚਿੰਤਾ ਦਾ ਮਾਹੌਲ ਹੈ। ਦਲਜੀਤ ਰਾਜੂ ਨੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।