ਸੰਗਰੂਰ ’ਚ ਵੇਖਣ ਨੂੰ ਮਿਲੀ ਬੇਰੁਜ਼ਗਾਰਾਂ ਦੀ ਅਸਲ ਤਸਵੀਰ
ਸੰਗਰੂਰ ’ਚ ਵੇਖਣ ਨੂੰ ਮਿਲੀ ਬੇਰੁਜਗਾਰਾਂ ਦੀ ਅਸਲ ਤਸਵੀਰ
Publish Date: Mon, 20 Apr 2026 06:47 PM (IST)
Updated Date: Tue, 21 Apr 2026 04:04 AM (IST)

117 ਪੋਸਟਾਂ ਲਈ ਸੈਕੜਿਆਂ ਦੀ ਤਦਾਦ ’ਚ ਪੁੱਜੇ ਨੌਜਵਾਨ ਜਸਵੀਰ ਸਿੰਘ, ਬਲਜਿੰਦਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬੇਰੁਜ਼ਗਾਰਾਂ ਦੀ ਅਸਲ ਤਸਵੀਰ ਸੋਮਵਾਰ ਨੂੰ ਸਿਵਲ ਸਰਜਨ ਦਫ਼ਤਰ ਦੇ ਬਾਹਰ ਉਸ ਵੇਲੇ ਸਾਹਮਣੇ ਆਈ, ਜਦੋਂ ਆਮ ਆਦਮੀ ਗ੍ਰਾਮੀਣ ਕਲੀਨਿਕਾਂ ’ਚ 117 ਸਟਾਫ ਨਰਸਾਂ (ਪੈਰਾ ਮੈਡੀਕਲ ਸਟਾਫ) ਦੀਆਂ ਅਸਾਮੀਆਂ ਲਈ ਰੱਖੀ ਗਈ ਭਰਤੀ ਲਈ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨ ਪਹੁੰਚੇ। ਇਨਪੈਨਲਮੈਂਟ ਰਾਹੀਂ ਭਰੀਆਂ ਜਾਣ ਵਾਲੀਆਂ ਇਨ੍ਹਾਂ ਅਸਾਮੀਆਂ ਲਈ ਇੰਟਰਵਿਊ ਦੇਣ ਲਈ ਸਵੇਰੇ ਹੀ ਵੱਡੀ ਗਿਣਤੀ ’ਚ ਨੌਜਵਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿੱਚ ਆ ਪਹੁੰਚੇ, ਪਰ ਇੱਥੇ ਫਾਰਮ ਭਰਨ ਤੋਂ ਲੈ ਕੇ ਫਾਰਮ ਜਮ੍ਹਾਂ ਕਰਵਾਉਣ ਤੇ ਇੰਟਰਵਿਊ ਤੱਕ ਸਾਰਾ ਦਿਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ’ਚ ਪਹੁੰਚੇ ਨੌਜਵਾਨਾਂ ਲਈ ਨਾ ਪੀਣ ਵਾਲੇ ਪਾਣੀ ਦੀ ਕੋਈ ਵਿਵਸਥਾ ਸੀ ਤੇ ਨਾ ਹੀ ਬੈਠਣ ਦੀ ਸਹੂਲਤ, ਤੇ ਨਾ ਹੀ ਹੋਰ ਕੋਈ ਪ੍ਰਬੰਧ ਕੀਤਾ ਗਿਆ। ਇੰਨਾ ਹੀ ਨਹੀਂ, ਹੱਦ ਤਾਂ ਉਸ ਵੇਲੇ ਹੋਈ ਜਦੋਂ ਬਾਹਰੋਂ ਫਾਰਮ ਭਰ ਕੇ ਲਿਆਏ ਨੌਜਵਾਨਾਂ ਦੇ ਫਾਰਮ ਰੱਦ ਕਰ ਦਿੱਤੇ ਗਏ ਤੇ ਉਨ੍ਹਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੇ ਫਾਰਮ ਹੀ ਭਰਨ ਲਈ ਕਿਹਾ ਗਿਆ। ਇਸ ਕਾਰਨ ਇਨ੍ਹਾਂ ਅਸਾਮੀਆਂ ਲਈ ਭਰਤੀ ਦੌਰਾਨ ਨੌਜਵਾਨਾਂ ਨੂੰ ਕਾਫ਼ੀ ਧੱਕੇ ਖਾਣੇ ਪਏ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੰਗਰੂਰ ’ਚ ਸਿਵਲ ਸਰਜਨ ਦਫ਼ਤਰ ਦੇ ਬਾਹਰ ਉਸ ਵੇਲੇ ਭਾਰੀ ਭੀੜ ਦੇਖਣ ਨੂੰ ਮਿਲੀ, ਜਦੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪ੍ਰਸਤਾਵਿਤ ਪਿੰਡਾਂ ਦੇ ਕਲੀਨਿਕਾਂ ਲਈ ਕੱਢੀਆਂ ਗਈਆਂ 117 ਸਟਾਫ ਨਰਸਾਂ (ਏਐੱਨਐੱਮ ਅਤੇ ਜੀਐੱਨਐੱਮ) ਦੀਆਂ ਅਸਾਮੀਆਂ ਦੀ ਭਰਤੀ ਕਾਰਨ ਸੈਂਕੜਿਆਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਪਹੁੰਚ ਗਏ। ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਪਿੰਡਾਂ ਵਿਚ ਵੀ ਆਮ ਆਦਮੀ ਗ੍ਰਾਮੀਣ ਕਲੀਨਿਕ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਸਿਹਤ ਵਿਭਾਗ ਨੇ ਇਹ ਅਸਾਮੀਆਂ ਜਾਰੀ ਕੀਤੀਆਂ ਹਨ। ਸਵੇਰੇ 7-8 ਵਜੇ ਤੋਂ ਹੀ ਵੱਡੀ ਗਿਣਤੀ ’ਚ ਉਮੀਦਵਾਰ ਆਪਣੇ ਅਰਜ਼ੀ ਫਾਰਮ ਲੈ ਕੇ ਦਫ਼ਤਰ ਪਹੁੰਚ ਗਏ ਸਨ। ਨੌਜਵਾਨ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਉਹ ਦੂਰ-ਦਰਾਜ ਇਲਾਕਿਆਂ ਤੋਂ ਆਏ ਹਨ, ਪਰ ਮੌਕੇ ’ਤੇ ਨਾ ਤਾਂ ਪੀਣ ਵਾਲੇ ਪਾਣੀ ਦੀ ਕੋਈ ਵਿਵਸਥਾ ਸੀ ਤੇ ਨਾ ਹੀ ਬੈਠਣ ਜਾਂ ਹੋਰ ਬੁਨਿਆਦੀ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਭੀੜ ਕਾਰਨ ਬੇਤਰਤੀਬੀ ਦਾ ਮਾਹੌਲ ਬਣਿਆ ਰਿਹਾ। ਅਰਜ਼ੀਦਾਤਾਵਾਂ ਨੇ ਆਪਣੇ ਭਰੇ ਹੋਏ ਏਐੱਨਐੱਮ ਤੇ ਜੀਐੱਨਐੱਮ ਦੇ ਫਾਰਮ ਦਿਖਾਉਂਦੇ ਹੋਏ ਕਿਹਾ ਕਿ ਉਹ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਉਡੀਕ ਕਰ ਰਹੇ ਹਨ ਤੇ ਇਸ ਭਰਤੀ ਨਾਲ ਉਨ੍ਹਾਂ ਨੂੰ ਉਮੀਦ ਜਾਗੀ ਸੀ, ਪਰ ਬੇਤਰਤੀਬੀ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਦੀ ਥਾਂ ਸਿਰਫ਼ ਪਰੇਸ਼ਾਨੀ ਹੀ ਮਿਲੀ ਹੈ। ਨੌਜਵਾਨ ਜਗਸੀਰ ਸਿੰਘ ਨੇ ਕਿਹਾ ਕਿ ਸਿਰਫ਼ 117 ਅਸਾਮੀਆਂ ਹਨ, ਜਿਨ੍ਹਾਂ ਲਈ ਸੈਂਕੜਿਆਂ ਨੌਜਵਾਨ ਪਹੁੰਚੇ ਹਨ। ਸਾਰੇ ਨੌਜਵਾਨ ਬਾਹਰੋਂ ਫਾਰਮ ਭਰ ਕੇ ਲਿਆਏ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਮੰਨਣ ਤੋ ਇਨਕਾਰ ਕਰ ਦਿੱਤਾ ਤੇ ਵਿਭਾਗ ਵੱਲੋਂ ਨਵੇਂ ਫਾਰਮ ਭਰਨ ਲਈ ਕਿਹਾ ਗਿਆ, ਜਿਸ ਕਾਰਨ ਕਈ ਘੰਟੇ ਫਾਰਮ ਭਰਨ ’ਚ ਹੀ ਲੱਗ ਗਏ। ਇੱਥੇ ਪੂਰਾ ਪ੍ਰਬੰਧ ਬੇਤਰਤੀਬ ਹੈ, ਜਿਸ ਕਾਰਨ ਰੁਜ਼ਗਾਰ ਮਿਲਣ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ ਹਨ।