- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਵੇਚਣ ਵਾਲਿਆਂ ਖਿਲਾਫ਼ ਜ਼ੀਰੋ ਟਾਲਰੈਂਸ: ਰਣਜੋਧ ਹਡਾਣਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ-ਮੁਕਤ ਤੇ ਮੁਡ਼ ‘ਰੰਗਲਾ ਪੰਜਾਬ’ ਬਣਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਦੇਵੀਗਡ਼੍ਹ ਦੇ ਇਕ ਨਿੱਜੀ ਪੈਲੇਸ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਹਲਕੇ ਦੇ ਸਮੂਹ ਸਰਪੰਚਾਂ (ਕਨਵੀਨਰਾਂ), ਐਕਟਿਵ ਪ੍ਰੈਸੀਡੈਂਟਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ, ਜਦਕਿ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਹਰਜੋਤ ਕੌਰ ਅਤੇ ਡੀ.ਐਸ.ਪੀ. ਦਿਹਾਤੀ ਰਣਬੀਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਨੌਜਵਾਨੀ ਤੇ ਆਉਣ ਵਾਲੀਆਂ ਪੀਡ਼੍ਹੀਆਂ ਦੇ ਸੁਨਹਿਰੀ ਭਵਿੱਖ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਹਡਾਣਾ ਨੇ ਕਿਹਾ ਕਿ ਇਹ ਸਿਰਫ਼ ਕੋਈ ਰਸਮੀ ਮੀਟਿੰਗ ਨਹੀਂ, ਸਗੋਂ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲਡ਼ਾਈ ਹੈ। ਹਡਾਣਾ ਨੇ ਅੱਗੇ ਕਿਹਾ ਕਿ ਪੁਲਿਸ-ਪ੍ਰਸ਼ਾਸਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਆਪਸੀ ਤਾਲਮੇਲ ਨਾਲ ਨਿਗਰਾਨ ਕਮੇਟੀਆਂ ਬਣਾਉਣ। ਉਨ੍ਹਾਂ ਜ਼ੋਰ ਦਿੱਤਾ ਕਿ ਭਟਕ ਕੇ ਨਸ਼ੇ ਦੇ ਜਾਲ ਵਿੱਚ ਫਸ ਚੁੱਕੇ ਨੌਜਵਾਨਾਂ ਨਾਲ ਨਫ਼ਰਤ ਕਰਨ ਦੀ ਬਜਾਏ ਉਨ੍ਹਾਂ ਦਾ ਸਹੀ ਇਲਾਜ ਕਰਵਾ ਕੇ ਮੁੱਖ ਧਾਰਾ ਵਿੱਚ ਲਿਆਂਦਾ ਜਾਵੇ। ਇਸ ਮੌਕੇ ਐੱਸਡੀਐੱਮ ਡੀਐੱਸਪੀ, ਸਮੂਹ ਪੰਚਾਇਤੀ ਨੁਮਾਇੰਦਿਆਂ ਅਤੇ ਆਗੂਆਂ ਨੇ ਹਲਕਾ ਸਨੌਰ ਦੇ ਹਰ ਪਿੰਡ ਅਤੇ ਗਲੀ ਨੂੰ ਨਸ਼ਾ-ਮੁਕਤ ਕਰਨ ਦਾ ਸਾਂਝਾ ਪ੍ਰਣ ਲਿਆ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਦੇਵੀਗਡ਼੍ਹ, ਚੇਅਰਮੈਨ ਹੈਪੀ ਪਹਾਡ਼ੀਪੁਰ, ਚੇਅਰਮੈਨ ਚਰਨਜੀਤ ਸਿੰਘ ਨੈਣਾ, ਹਰਪ੍ਰੀਤ ਸਿੰਘ ਘੁੰਮਣ, ਵਾਈਸ ਚੇਅਰਮੈਨ ਸਿਮਰਜੀਤ ਸਿੰਘ ਸੋਹਲ, ਨਸ਼ਾ ਮੁਕਤੀ ਮੋਰਚਾ ਤੋਂ ਬਲਜਿੰਦਰ ਸਰਾਓ ਜ਼ਿਲ੍ਹਾ ਕੋਆਰਡੀਨੇਟਰ, ਗੁਰਮੀਤ ਸਿੰਘ ਪੰਜੋਲਾ ਹਲਕਾ ਕੋਆਰਡੀਨੇਟਰ, ਗੁਰਮੀਤ ਅਸਰਪੁਰ, ਮਦਨ ਲਾਲ, ਯੁਵਰਾਜ ਸਿੰਘ, ਸਰਪੰਚ ਰਾਜਾ ਧੰਜੂ, ਮੀਤ ਪ੍ਰਧਾਨ ਲਖਵੀਰ ਸਿੰਘ ਦੇਵੀਗਡ਼੍ਹ, ਮਨਿੰਦਰ ਫਰਾਂਸਵਾਲਾ, ਰਾਮ ਇੰਦਰ ਸਿੰਘ ਜਮਨਾ, ਸਰਪੰਚ ਬਲਵਿੰਦਰ ਕੌਰ, ਸਰਪੰਚ ਗੁਰਪ੍ਰੀਤ ਸਿੰਘ ਮੌਜੂਦ ਸਨ।